ਨਵੀਂ ਦਿੱਲੀ– ਖੇਡ ਮੰਤਰਾਲਾ ਨੇ ਰਾਸ਼ਟਰੀ ਖੇਡ ਐਵਾਰਡ 2020 ਲਈ ਸ਼ੁੱਕਰਵਾਰ ਨੂੰ ਚੋਣ ਕਮੇਟੀ ਦਾ ਐਲਾਨ ਕੀਤਾ, ਜਿਸ ਵਿਚ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਤੇ ਸਾਬਕਾ ਹਾਕੀ ਕਪਤਾਨ ਸਰਦਾਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਮੰਤਰਾਲਾ ਵਲੋਂ ਜਾਰੀ ਬਿਆਨ ਅਨੁਸਾਰ ਸੁਪਰੀਮ ਕੋਰਟ ਦੇ ਰਿਟਾ. ਜੱਜ ਮੁਕੁੰਦਮ ਸ਼ਰਮਾ ਕਮੇਟੀ ਦੇ ਪ੍ਰਧਾਨ ਹੋਣਗੇ। ਕਮੇਟੀ ਦੇ ਹੋਰਨਾਂ ਮੈਂਬਰਾਂ ਵਿਚ ਮੋਨਾਲਿਸਾ ਬਰੂਆ ਮੇਹਤਾ (ਟੇਬਲ ਟੈਨਿਸ), ਦੀਪਾ ਮਲਿਕ (ਪੈਰਾ ਐਥਲੀਟ) ਤੇ ਵੇਂਕਟੇਸ਼ਨ ਦੇਵਰਾਜਨ (ਮੁੱਕੇਬਾਜ਼ੀ) ਸ਼ਾਮਲ ਹਨ। ਇਸ ਤੋਂ ਇਲਾਵਾ ਮਸ਼ਹੂਰ ਖੇਡ ਕੁਮੈਂਟਟੇਰ ਮਨੀਸ਼ ਬਟਾਵੀਆ, ਖੇਡ ਪੱਤਰਕਾਰ ਆਲੋਕ ਸਿੰਨ੍ਹਾ ਤੇ ਨੀਰੂ ਭਾਟੀਆ ਵੀ ਕਮੇਟੀ ਵਿਚ ਹੋਣਗੇ।
ਖੇਡ ਮੰਤਰਾਲਾ ਤੋਂ ਭਾਰਤੀ ਖੇਡ ਅਥਾਰਟੀ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ, ਖੇਡ ਵਿਭਾਗ ਦੇ ਸੰਯੁਕਤ ਸਕੱਤਰ ਐੱਲ. ਐੱਸ. ਸਿੰਘ ਤੇ ਟਾਰਗੇਟ ਓਲੰਪਿਕ ਪੋਡੀਅਮ (ਟਾਪਸ) ਯੋਜਨਾ ਦੇ ਸੀ. ਈ. ਓ. ਰਾਜੇਸ਼ ਰਾਜਗੋਪਾਲਨ ਕਮੇਟੀ ਵਿਚ ਹੋਣਗੇ। ਦ੍ਰੋਣਾਚਾਰੀਆ ਐਵਾਰਡ ਲਈ ਮੁਖੀ ਦੋ ਵਾਧੂ ਮੈਂਬਰਾਂ ਨੂੰ ਸ਼ਾਮਲ ਕਰ ਸਕਦਾ ਹੈ, ਜਿਹੜੇ ਦ੍ਰੋਣਾਚਾਰੀਆ ਐਵਾਰਡ ਨਾਲ ਸਨਮਾਨਿਤ ਰਹਿ ਚੁੱਕੇ ਹੋਣਗੇ। ਇਹ ਕਮੇਟੀ ਰਾਜੀਵ ਗਾਂਧੀ ਖੇਲ ਰਤਨ, ਦ੍ਰੋਣਾਚਾਰੀਆ ਐਵਾਰਡ, ਅਰਜੁਨ ਐਵਾਰਡ, ਧਿਆਨਚੰਦ ਐਵਾਰਡ, ਰਾਸ਼ਟਰੀ ਖੇਡ ਉਤਸ਼ਾਹ ਐਵਾਰਡ ਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਦੇ ਜੇਤੂਆਂ ਦੀ ਚੋਣ ਕਰੇਗੀ। ਇਹ ਐਵਾਰਡ 29 ਅਗਸਤ ਨੂੰ ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਦੇ ਜਨਮ ਦਿਨ 'ਤੇ ਖੇਡ ਦਿਵਸ ਦੇ ਸਬੰਧ ਵਿਚ ਦਿੱਤੇ ਜਾਣਗੇ।
ਟਵਿੱਟਰ 'ਤੇ ਪ੍ਰਸ਼ੰਸਕ ਨੇ ਸ਼ਾਹਿਦ ਅਫ਼ਰੀਦੀ ਤੋਂ ਪੁੱਛੀ ਉਨ੍ਹਾਂ ਦੀ ਉਮਰ, ਮਿਲਿਆ ਮਜ਼ਾਕੀਆ ਜਵਾਬ
NEXT STORY