ਨਿਊਯਾਰਕ – 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਅਮਰੀਕਾ ਦੀ ਸੇਰੇਨਾ ਵਿਲੀਅਮਸ, ਪੁਰਸ਼ਾਂ ਵਿਚ ਦੂਜੀ ਸੀਡ ਆਸਟਰੀਆ ਦਾ ਡੋਮਿਨਿਕ ਥਿਏਮ, ਤੀਜਾ ਦਰਜਾ ਪ੍ਰਾਪਤ ਰੂਸ ਦਾ ਡੇਨਿਲ ਮੇਦਵੇਦੇਵ ਤੇ ਸਾਬਕਾ ਨੰਬਰ ਇਕ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪਹੁੰਚ ਗਏ। ਇਥੇ 6 ਵਾਰ ਦੀ ਚੈਂਪੀਅਨ ਸੇਰੇਨਾ ਨੇ ਕੁਆਰਟਰ ਫਾਈਨਲ ਵਿਚ ਇਕ ਸੈੱਟ ਨਾਲ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਬੁਲਗਾਰੀਆ ਦੀ ਸਵੇਤਾਨਾ ਪਿਰੋਨਕੋਵਾ ਨੂੰ 4-6, 6-3, 6-2 ਨਾਲ ਹਰਾਇਆ ਜਦਕਿ ਅਜਾਰੇਂਕਾ ਨੇ ਬੈਲਜੀਅਮ ਦੀ ਐਲਿਸ ਮਟਰੇਂਸ ਨੂੰ ਲਗਾਤਾਰ ਸੈੱਟਾਂ ਵਿਚ 6-1, 6-0 ਨਾਲ ਹਰਾਇਆ। ਪੁਰਸ਼ ਵਰਗ ਵਿਚ ਥਿਏਮ ਨੇ ਆਸਟਰੇਲੀਆ ਦੇ ਐਲਕਸ ਡੀ ਮਿਨੋਰ ਨੂੰ ਲਗਾਤਾਰ ਸੈੱਟਾਂ ਵਿਚ 6-1, 6-2 ਨਾਲ ਤੇ ਮੇਦਵੇਦੇਵ ਨੇ ਹਮਵਤਨ ਆਂਦ੍ਰੇਈ ਰਬਲੇਵ ਨੂੰ 7-6 (6), 6-3, 7-6 (5) ਨਾਲ ਹਰਾਇਆ।
ਤੀਜਾ ਦਰਜਾ ਪ੍ਰਾਪਤ ਤੇ ਵਿਸ਼ਵ ਦੀ 8ਵੇਂ ਨੰਬਰ ਦੀ ਖਿਡਾਰਨ ਸੇਰੇਨਾ ਨੇ ਜਦੋਂ ਪਹਿਲਾ ਸੈੱਟ ਗੁਆਇਆ ਤਾਂ ਉਲਟਫੇਰ ਦਾ ਸ਼ੱਕ ਪੈਦਾ ਹੋਣ ਲੱਗਾ ਸੀ ਪਰ ਸੇਰੇਨਾ ਨੇ ਅਗਲੇ ਦੋਵੇਂ ਸੈੱਟਾਂ ਵਿਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਬੁਲਗਾਰੀਆਈ ਖਿਡਾਰਨ ਦੇ ਸੈਮੀਫਾਈਨਲ ਵਿਚ ਪਹੁੰਚਣ ਦੇ ਸੁਪਨੇ ਨੂੰ ਤੋੜ ਦਿੱਤਾ। ਸੇਰੇਨਾ ਨੇ ਗੈਰ ਦਰਜ਼ਾ ਪ੍ਰਾਪਤ ਪਿਰੋਨਕੋਵਾ ਤੋਂ ਕੁਆਰਟਰ ਫਾਈਨਲ ਮੁਕਾਬਲਾ 2 ਘੰਟੇ 11 ਮਿੰਟ ਵਿਚ ਜਿੱਤਿਆ। ਸੇਰੇਨਾ ਇਸ ਜਿੱਤ ਤੋਂ ਬਾਅਦ ਹੁਣ ਰਿਕਾਰਡ 24ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਤੋਂ ਸਿਰਫ ਦੋ ਜਿੱਤਾਂ ਦੂਰ ਰਹਿ ਗਈ ਹੈ।
ਸੈਮੀਫਾਈਨਲ 'ਚ ਅਜਾਰੇਂਕ ਨਾਲ ਭਿੜੇਗੀ ਸੇਰੇਨਾ-2 ਵਾਰ ਦੀ ਫਾਈਨਲਿਸਟ ਨੇ ਕੁਆਰਟਰ ਫਾਈਨਲ ਵਿਚ 16ਵੀਂ ਸੀਡ ਬੈਲਜੀਅਮ ਦੀ ਮਟਰੇਂਸ ਨੂੰ ਇਕ ਘੰਟਾ 13 ਮਿੰਟ ਤਕ ਚੱਲੇ ਮੁਕਾਬਲੇ ਵਿਚ ਹਰਾ ਕੇ ਆਖਰੀ-4 ਵਿਚ ਜਗ੍ਹਾ ਬਣਾਈ। ਅਜਾਰੇਂਕਾ ਦੇ ਸਾਹਮਣੇ ਮਟਰੇਂਸ ਬੇਦਮ ਨਜ਼ਰ ਆਈ ਤੇ ਕੋਈ ਚੁਣੌਤੀ ਪੇਸ਼ ਨਹੀਂ ਕਰ ਸਕੀ। ਅਜਾਰੇਂਕਾ ਇਸਦੇ ਨਾਲ ਹੀ 2013 ਤੋਂ ਬਾਅਦ ਆਪਣੇ ਪਹਿਲੇ ਗ੍ਰੈਂਡ ਸਲੈਮ ਸੈਮੀਫਾਈਨਲ ਵਿਚ ਪਹੁੰਚ ਗਈ। ਸੈਮੀਫਾਈਨਲ ਵਿਚ ਅਜਾਰੇਂਕਾ ਦਾ ਪੁਰਾਣੀ ਵਿਰੋਧਣ ਸੇਰੇਨਾ ਨਾਲ ਮੁਕਾਬਲਾ ਹੋਵੇਗਾ, ਜਿਸ ਤੋਂ ਉਹ 2012 ਤੇ 2013 ਦੇ ਯੂ. ਐੱਸ. ਓਪਨ ਫਾਈਨਲ ਵਿਚ ਹਾਰੀ ਸੀ। ਦੋਵਾਂ ਵਿਚਾਲੇ ਕਰੀਅਰ ਦੀ ਇਹ 23ਵੀਂ ਟੱਕਰ ਹੋਵੇਗੀ। ਸੇਰੇਨਾ ਨੇ ਅਜਾਰੇਂਕਾ ਵਿਰੁੱਧ ਪਿਛਲੇ 22 ਮੈਚਾਂ ਵਿਚੋਂ 18 ਜਿੱਤੇ ਹਨ ਤੇ ਸਿਰਫ 4 ਹਾਰੇ ਹਨ। ਅਜਾਰੇਂਕਾ ਨੇ ਯੂ. ਐੱਸ. ਓਪਨ ਦੇ ਅਭਿਆਸ ਟੂਰਨਾਮੈਂਟ ਵੈਸਟਰਨ ਐਂਡ ਸਦਰਨ ਓਪਨ ਦਾ ਖਿਤਾਬ ਜਿੱਤਿਆ ਸੀ ਤੇ ਉਹ ਆਪਣੇ ਪਿਛਲੇ 10 ਮੈਚ ਲਗਾਤਾਰ ਜਿੱਤ ਚੁੱਕੀ ਹੈ। ਅਜਾਰੇਂਕਾ ਨੇ ਯੂ. ਐੱਸ. ਓਪਨ ਦੇ ਸੈਮੀਫਾਈਨਲ ਤਕ ਦੇ ਸਫਰ ਵਿਚ ਸਿਰਫ ਇਕ ਸੈੱਟ ਗੁਆਇਆ ਹੈ ਤੇ ਉਹ ਸੇਰੇਨਾ ਦੇ ਸਾਹਮਣੇ ਸਖਤ ਚੁਣੌਤੀ ਪੇਸ਼ ਕਰਨ ਲਈ ਤਿਆਰ ਹੈ। ਮਹਿਲਾ ਵਰਗ ਦਾ ਦੂਜਾ ਸੈਮੀਫਾਈਨਲ ਚੌਥੀ ਸੀਡ ਜਾਪਾਨ ਦੀ ਨਾਓਮੀ ਓਸਾਕਾ ਤੇ 28ਵੀਂ ਸੀਡ ਅਮਰੀਕਾ ਦੀ ਜੇਨੀਫਰ ਬ੍ਰਾਡੀ ਵਿਚਾਲੇ ਖੇਡਿਆ ਜਾਵੇਗਾ। ਇਸ ਤਰ੍ਹਾਂ ਯੂ. ਐੱਸ. ਓਪਨ ਦੇ ਸੈਮੀਫਾਈਨਲ ਵਿਚ ਇਸ ਵਾਰ ਅਮਰੀਕਾ ਦੀਆਂ ਦੋ ਖਿਡਾਰਨਾਂ ਮੌਜੂਦ ਹਨ।
ਪੁਰਸ਼ ਵਰਗ ਵਿਚ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਮੰਨੇ ਜਾ ਰਹੇ ਥਿਏਮ ਨੇ ਆਸਟਰੇਲੀਆ ਦੇ ਐਲਕਸ ਡੀ ਮਿਨੋਰ ਨੂੰ ਲਗਾਤਾਰ ਸੈੱਟਾਂ ਵਿਚ ਹਰਾਇਆ ਤੇ ਉਹ ਇਸ ਤਰ੍ਹਾਂ ਪਹਿਲੀ ਵਾਰ ਯੂ. ਐੱਸ. ਓਪਨ ਦੇ ਸੈਮੀਫਾਈਨਲ ਵਿਚ ਪਹੁੰਚਿਆ। 27 ਸਾਲਾ ਥਿਏਮ ਯੂ. ਐੱਸ. ਓਪਨ ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲਾ ਆਸਟਰੀਆ ਦਾ ਪਹਿਲਾ ਖਿਡਾਰੀ ਬਣਿਆ ਹੈ। ਥਿਏਮ ਇਸ ਤੋਂ ਪਹਿਲਾਂ 2018 ਵਿਚ ਕੁਆਰਟਰ ਫਾਈਨਲ ਵਿਚ ਪਹੁੰਚਿਆ ਸੀ ਤੇ ਚਾਰ ਘੰਟੇ 49 ਮਿੰਟ ਤਕ ਚੱਲੇ ਮੁਕਾਬਲੇ ਵਿਚ ਸਪੇਨ ਦੇ ਰਾਫੇਲ ਨਡਾਲ ਹੱਥੋਂ ਹਾਰ ਗਿਆ ਸੀ। ਥਿਏਮ ਦਾ ਫਾਈਨਲ ਵਿਚ ਜਗ੍ਹਾ ਬਣਾਉਣ ਲਈ ਪਿਛਲੇ ਫਾਈਨਲਿਸਟ ਮੇਦਵੇਦੇਵ ਨਾਲ ਮੁਕਾਬਲਾ ਹੋਵੇਗਾ। ਮੇਦਵੇਦੇਵ ਨੇ ਸਖਤ ਸੰਘਰਸ਼ ਵਿਚ ਹਮਵਤਨ ਰੂਬਲੇਵ ਨੂੰ ਹਰਾਇਆ। ਮੇਦਵੇਦੇਵ ਲਗਾਤਾਰ ਦੂਜੇ ਸਾਲ ਯੂ. ਐੱਸ. ਓਪਨ ਦੇ ਸੈਮੀਫਾਈਨਲ ਵਿਚ ਪਹੁੰਚਿਆ ਹੈ। ਉਸ ਨੇ ਇਸ ਸਾਲ ਆਖਰੀ-4 ਵਿਚ ਕੋਈ ਸੈੱਟ ਨਹੀਂ ਗੁਆਇਆ ਹੈ। ਪਿਛਲੇ ਸਾਲ ਉਹ 5 ਸੈੱਟਾਂ ਤਕ ਚੱਲੇ ਥ੍ਰਿਲਰ ਵਿਚ ਸਪੇਨ ਦੇ ਰਾਫੇਲ ਨਡਾਲ ਤੋਂ ਖਿਤਾਬੀ ਮੁਕਾਬਲੇ ਵਿਚ ਹਾਰਿਆ ਸੀ। ਮੇਦਵੇਦੇਵ ਦਾ ਥਿਏਮ ਵਿਰੁੱਧ 1-2 ਦਾ ਕਰੀਅਰ ਰਿਕਾਰਡ ਹੈ।
ਹਰਭਜਨ ਸਿੰਘ ਨਾਲ ਵੱਡੀ ਠੱਗੀ, ਚੇਨਈ ਦੇ ਉਦਯੋਗਪਤੀ ਨੇ ਲਗਾਇਆ ਕਰੋੜਾਂ ਰੁਪਏ ਦਾ ਚੂਨਾ
NEXT STORY