ਦੁਬਈ (ਵਾਰਤਾ)- ਆਸਟਰੇਲੀਆਈ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮਹਾਨ ਬੱਲੇਬਾਜ਼ ਰਿਕੀ ਪੋਂਟਿੰਗ ਨੇ ਪਾਕਿਸਤਾਨ ਦੇ ਨੌਜਵਾਨ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਦੀ ਤਾਰੀਫ਼ ਕਰਦੇ ਹੋਏ ਉਸ ਨੂੰ ਸੰਪੂਰਨ ਪੈਕੇਜ ਦੱਸਿਆ ਹੈ। ਸ਼ਾਹੀਨ ਨੂੰ ਹਾਲ ਹੀ ਵਿਚ 2021 ਲਈ ਆਈ.ਸੀ.ਸੀ. ਪੁਰਸ਼ ਕ੍ਰਿਕਟਰ ਆਫ ਦਿ ਈਅਰ ਲਈ ਸਰ ਗਾਰਫੀਲਡ ਸੋਬਰਸ ਟਰਾਫੀ ਦਾ ਜੇਤੂ ਚੁਣਿਆ ਗਿਆ ਸੀ।
ਸ਼ੁੱਕਰਵਾਰ ਨੂੰ ਆਈ.ਸੀ.ਸੀ. ਨਾਲ ਗੱਲਬਾਤ ਦੌਰਾਨ ਪੋਂਟਿੰਗ ਨੇ ਕਿਹਾ, ‘ਇਮਾਨਦਾਰੀ ਨਾਲ ਕਹਾਂ ਤਾਂ ਸ਼ਾਹੀਨ ਇਸ ਸਨਮਾਨ ਦੇ ਹੱਕਦਾਰ ਹਨ। ਉਨ੍ਹਾਂ ਨੇ ਗਰਮੀਆਂ ਵਿਚ ਕੁਝ ਸਮਾਂ ਪਹਿਲਾਂ ਆਸਟਰੇਲੀਆ ਦਾ ਸਫ਼ਲ ਦੌਰਾ ਕੀਤਾ ਸੀ। ਤੁਸੀਂ ਦੇਖ ਸਕਦੇ ਹੋ ਕਿ ਉਹ ਲੰਬੇ ਹੈ ਅਤੇ ਸਪੱਸ਼ਟ ਤੌਰ ’ਤੇ ਬਹੁਤ ਤੇਜ਼ ਗੇਂਦਬਾਜ਼ੀ ਕਰਦੇ ਹਨ। ਉਹ ਸੱਜੇ ਹੱਥ ਦੇ ਬੱਲੇਬਾਜ਼ਾਂ ਦੇ ਖ਼ਿਲਾਫ਼ ਨਵੀਂ ਗੇਂਦ ਨੂੰ ਅੰਦਰ ਅਤੇ ਬਾਹਰ ਸਵਿੰਗ ਕਰਨ ਦੀ ਸਮਰੱਥਾ ਵੀ ਰੱਖਦੇ ਹਨ। ਉਹ ਅਸਲ ਵਿਚ ਹੁਣ ਇਕ ਸੰਪੂਰਨ ਪੈਕੇਜ ਦੀ ਤਰ੍ਹਾਂ ਲੱਗ ਰਹੇ ਹਨ।”
ਸਾਬਕਾ ਆਸਟਰੇਲੀਆਈ ਕਪਤਾਨ ਨੇ ਕਿਹਾ, ‘ਇਸ ਗਰਮੀ ਵਿਚ ਚੋਟੀ ਦੇ ਪੰਜ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੀ ਚੋਣ ਦੇ ਸਮੇਂ ਉਹ ਅਸਲ ਵਿਚ ਮੇਰੇ ਚੋਟੀ ਦੇ ਪੰਜ ਗੇਂਦਬਾਜ਼ਾਂ ਵਿਚ ਨਹੀਂ ਸਨ, ਕਿਉਂਕਿ ਜਦੋਂ ਅਸੀਂ ਉਨ੍ਹਾਂ ਨੂੰ ਚੁਣਿਆ ਸੀ ਤਾਂ ਉਨ੍ਹਾਂ ਨੇ ਜ਼ਿਆਦਾ ਟੈਸਟ ਕ੍ਰਿਕਟ ਨਹੀਂ ਖੇਡਿਆ ਸੀ। ਉਹ ਅਜਿਹੇ ਵਿਅਕਤੀ ਹਨ, ਜਿਸ ਨੂੰ ਮੈਂ ਛੇਵੇਂ ਨੰਬਰ ’ਤੇ ਰੱਖਿਆ ਸੀ, ਕਿਉਂਕਿ ਮੈਨੂੰ ਉਨ੍ਹਾਂ ਦੇ ਕੰਮ, ਵਿਕਟਾਂ ਅਤੇ ਖੇਡ ਬਾਰੇ ਵਿਚ ਪਤਾ ਸੀ, ਪਰ ਹੁਣ ਉਨ੍ਹਾਂ ਕੋਲ ਸ਼ਾਨਦਾਰ ਉਪਲਬਧੀ ਹੈ। ਉਨ੍ਹਾਂ ਦੇ ਨਾਲ ਹੁਣ ਬਾਬਰ ਅਤੇ ਕੁਝ ਹੋਰ ਮਹਾਨ ਖਿਡਾਰੀਆਂ ਦੀ ਮੌਜੂਦਗੀ ਨਾਲ ਜੋ ਪਾਕਿਸਤਾਨ ਲਾਈਨ-ਅੱਪ ਹੈ, ਉਸ ਹਿਸਾਬ ਨਾਲ ਮੈਨੂੰ ਲੱਗਦਾ ਹੈ ਕਿ ਆਸਟਰੇਲੀਆਈ ਟੀਮ ਦਾ ਆਗਾਮੀ ਦੌਰਾ ਚੁਣੌਤੀਪੂਰਨ ਹੋਣ ਵਾਲਾ ਹੈ। ’
ਜ਼ਿਕਰਯੋਗ ਹੈ ਕਿ ਸ਼ਾਹੀਨ ਅਫਰੀਦੀ ਨੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ 2021 ਵਿਚ ਭਾਰਤ ਖ਼ਿਲਾਫ਼ ਪਾਕਿਸਤਾਨ ਦੀ ਪਹਿਲੀ ਵਿਸ਼ਵ ਕੱਪ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਹ 2021 ਵਿਚ ਸਾਰੇ ਫਾਰਮੈਟਾਂ (ਟੈਸਟ, ਵਨਡੇ, ਟੀ-20) ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਵੀ ਬਣੇ ਸਨ। ਉਨ੍ਹਾਂ ਨੇ 36 ਮੈਚਾਂ ਵਿਚ ਸਿਰਫ਼ 22.20 ਦੀ ਔਸਤ ਨਾਲ 78 ਵਿਕਟਾਂ ਲਈਆਂ ਸਨ।
ਸਾਗਰ ਕਤਲਕਾਂਡ: ਅਦਾਲਤ ਨੇ ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਪਟੀਸ਼ਨ ’ਤੇ ਪੁਲਸ ਤੋਂ ਮੰਗਿਆ ਜਵਾਬ
NEXT STORY