ਅਜਰਬੈਜਾਨ (ਨਿਕਲੇਸ਼ ਜੈਨ)– ਚੈਂਪੀਅਨ ਚੈੱਸ ਟੂਰ ਦੇ ਪਹਿਲੇ ਪੜਾਅ ਸਕਿਲਿੰਗ ਓਪਨ ਸ਼ਤਰੰਜ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਮੁਕਾਬਲੇ ਸ਼ੁਰੂ ਹੋ ਗਏ ਹਨ। ਬੈਸਟ ਆਫ ਟੂਰ ਰਾਊਂਡ ਦੀ ਤਰਜ 'ਤੇ ਇਹ ਮੁਕਾਬਲੇ ਦੋ ਦਿਨ ਖੇਡੇ ਜਾਣੇ ਹਨ। ਹਰ ਦਿਨ ਚਾਰ ਰੈਪਿਡ ਮੁਕਾਬਲੇ ਹੋਣੇ ਹਨ। ਪਹਿਲੇ ਦਿਨ ਹੋਏ ਕੁਆਰਟਰ ਫਾਈਨਲ ਮੁਕਾਬਲੇ ਵਿਚ ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ, ਅਰਮੀਨੀਆ ਦੇ ਲੇਵੋਨ ਅਰੋਨੀਅਨ, ਫਰਾਂਸ ਦਾ ਮੈਕਿਸਮ ਲਾਗ੍ਰੇਵ ਤੇ ਅਜਰਬੈਜਾਨ ਦੇ ਤੈਮੂਰ ਰਦਜਾਬੋਵ ਨੇ ਜਿੱਤ ਦਰਜ ਕਰਦੇ ਹੋਏ ਆਪਣੇ ਕਦਮ ਸੈਮੀਫਾਈਨਲ ਵੱਲ ਵਧਾ ਦਿੱਤੇ ਹਨ।
ਹਾਲਾਂਕਿ ਚਾਰੇ ਮੁਕਾਬਲਿਆਂ ਵਿਚ ਸਭ ਤੋਂ ਵੱਧ ਚਰਚਾ ਰਹੀ ਵਿਸ਼ਵ ਦੇ ਨੰਬਰ-10 ਖਿਡਾਰੀ ਅਜਰਬੈਜਾਨ ਦੇ ਤੈਮੂਰ ਦੀ, ਜਿਸ ਨੇ ਮੌਜੂਦਾ 960 ਸ਼ਤਰੰਜ ਦੇ ਵਿਸ਼ਵ ਚੈਂਪੀਅਨ ਵੇਸਲੀ ਸੋ ਨੂੰ ਸਿਰਫ 3 ਮੁਕਾਬਲਿਆਂ ਵਿਚ ਹੀ 2.5-0.5 ਨਾਲ ਹਰਾਉਂਦੇ ਹੋਏ ਪਹਿਲੇ ਦਿਨ ਨੂੰ ਆਪਣੇ ਨਾਂ ਕੀਤਾ। ਦੋਵਾਂ ਵਿਚਾਲੇ ਹੋਏ ਮੁਕਾਬਲੇ ਵਿਚ ਪਹਿਲਾ ਤੇ ਤੀਜਾ ਮੈਚ ਰਦਜਾਬੋਵ ਨੇ ਜਿੱਤਿਆ ਜਦਕਿ ਦੂਜਾ ਮੈਚ ਡਰਾਅ ਰਿਹਾ। ਮੈਗਨਸ ਕਾਰਲਸਨ ਤੇ ਨੀਦਰਲੈਂਡ ਦੇ ਅਨੀਸ਼ ਗਿਰੀ ਵਿਚਾਲੇ ਚਾਰ ਮੁਕਾਬਲੇ ਹੋਏ, ਜਿਨ੍ਹਾਂ ਵਿਚ ਪਹਿਲੇ ਤਿੰਨ ਮੁਕਾਬਲੇ ਡਰਾਅ ਰਹਿਣ ਨਾਲ ਸਕੋਰ ਬਰਾਬਰ ਸੀ ਪਰ ਆਖਰੀ ਮੈਚ ਜਿੱਤ ਕੇ ਕਾਰਲਸਨ ਨੇ ਦਿਨ 2.5-1.5 ਨਾਲ ਆਪਣੇ ਨਾਂ ਕੀਤਾ। ਅਰਮੀਨੀਆ ਦੇ ਲੇਵੋਨ ਅਰੋਨੀਅਨ ਤੇ ਰੂਸ ਦੇ ਇਯਾਨ ਨੈਪੋਮਨਿਆਚੀ ਵਿਚਾਲੇ ਹੋਏ ਚਾਰ ਮੁਕਾਬਲਿਆਂ ਵਿਚੋਂ ਪਹਿਲਾ ਮੈਚ ਜਿੱਤ ਕੇ ਅਤੇ ਦੂਜਾ ਡਰਾਅ ਖੇਡ ਕੇ ਇਯਾਨ 1.5-0.5 ਦੀ ਬੜ੍ਹਤ 'ਤੇ ਸੀ ਪਰ ਉਸ ਤੋਂ ਬਾਅਦ ਲਗਾਤਾਰ ਦੋ ਮੁਕਾਬਲੇ ਜਿੱਤ ਕੇ ਅਰੋਨੀਅਨ ਨੇ 2.5-0.5 ਨਾਲ ਦਿਨ ਆਪਣੇ ਨਾਂ ਕਰ ਲਿਆ। ਉਥੇ ਹੀ ਫਰਾਂਸ ਦੇ ਮੈਕਿਸਮ ਲਾਗ੍ਰੇਵ ਨੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੂੰ ਪਹਿਲੇ ਮੈਚ ਵਿਚ ਹਰਾਇਆ ਤੇ ਬਾਕੀ ਤਿੰਨੇ ਮੁਕਾਬਲੇ ਡਰਾਅ ਖੇਡ ਕੇ 2.5-1.5 ਨਾਲ ਦਿਨ ਆਪਣੇ ਨਾਂ ਕੀਤਾ।
ਵਿਰਾਟ ਵਨ ਡੇ ਦਾ ਸਰਵਸ੍ਰੇਸ਼ਠ ਖਿਡਾਰੀ ਹੈ : ਫਿੰਚ
NEXT STORY