ਜਾਗਰੇਬ (ਕਰੋਏਸ਼ੀਆ) : ਕਰੋਏਸ਼ੀਆ ਵਿੱਚ ਖੇਡੇ ਜਾ ਰਹੇ ਜਾਗਰੇਬ ਓਪਨ 2026 ਕੁਸ਼ਤੀ ਟੂਰਨਾਮੈਂਟ ਦੇ ਪਹਿਲੇ ਦਿਨ ਭਾਰਤੀ ਪਹਿਲਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦੀ ਝੋਲੀ ਵਿੱਚ ਤਿੰਨ ਤਗਮੇ ਪਾਏ ਹਨ। ਨੌਜਵਾਨ ਪਹਿਲਵਾਨ ਸੁਜੀਤ ਕਲਕਲ ਨੇ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ, ਜਦਕਿ ਓਲੰਪਿਕ ਮੈਡਲ ਜੇਤੂ ਅਮਨ ਸਹਿਰਾਵਤ ਨੂੰ ਚਾਂਦੀ ਅਤੇ ਅਭਿਮਨਿਊ ਨੂੰ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ।
ਸੁਜੀਤ ਕਲਕਲ ਦਾ 'ਗੋਲਡਨ' ਦਾਅ
23 ਸਾਲਾ ਅੰਡਰ-23 ਵਿਸ਼ਵ ਚੈਂਪੀਅਨ ਸੁਜੀਤ ਕਲਕਲ ਨੇ 65 ਕਿਲੋਗ੍ਰਾਮ ਭਾਰ ਵਰਗ ਵਿੱਚ ਬੇਮਿਸਾਲ ਖੇਡ ਦਿਖਾਈ। ਉਨ੍ਹਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਇੱਕ ਵੀ ਅੰਕ ਗੁਆਏ ਬਿਨਾਂ ਖ਼ਿਤਾਬ ਆਪਣੇ ਨਾਮ ਕੀਤਾ। ਫਾਈਨਲ ਮੁਕਾਬਲੇ ਵਿੱਚ ਸੁਜੀਤ ਨੇ ਈਰਾਨ ਦੇ ਪਹਿਲਵਾਨ ਪੇਮੈਨ ਅਲੀ ਨੇਮਾਤੀ ਨੂੰ 3-0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੁਆਰਟਰ ਫਾਈਨਲ ਵਿੱਚ ਫਰਾਂਸ ਦੇ ਖਮਜ਼ਾਤ ਨੂੰ ਤਕਨੀਕੀ ਉੱਤਮਤਾ ਦੇ ਅਧਾਰ 'ਤੇ ਅਤੇ ਸੈਮੀਫਾਈਨਲ ਵਿੱਚ ਅਮਰੀਕਾ ਦੇ ਜੋਸੇਫ ਮੈਕਕੇਨਾ ਨੂੰ 11-0 ਨਾਲ ਕਰਾਰੀ ਸ਼ਿਕਸਤ ਦਿੱਤੀ ਸੀ।
ਅਮਨ ਸਹਿਰਾਵਤ ਅਤੇ ਅਭਿਮਨਿਊ ਦੀਆਂ ਉਪਲੱਬਧੀਆਂ
ਪੈਰਿਸ ਓਲੰਪਿਕ ਦੇ ਕਾਂਸੀ ਤਗਮਾ ਜੇਤੂ ਅਮਨ ਸਹਿਰਾਵਤ ਨੇ 61 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ ਈਰਾਨ ਅਤੇ ਜਾਰਜੀਆ ਦੇ ਪਹਿਲਵਾਨਾਂ ਨੂੰ ਵੱਡੇ ਅੰਤਰ ਨਾਲ ਹਰਾਇਆ, ਪਰ ਫਾਈਨਲ ਵਿੱਚ ਅਮਰੀਕਾ ਦੇ ਆਸਟਿਨ ਡੇਸੈਂਟੋ ਹੱਥੋਂ 8-0 ਨਾਲ ਹਾਰ ਗਏ। ਦੂਜੇ ਪਾਸੇ, 70 ਕਿਲੋਗ੍ਰਾਮ ਵਰਗ ਵਿੱਚ ਅਭਿਮਨਿਊ ਨੇ ਕਾਂਸੀ ਦੇ ਤਗਮੇ ਲਈ ਹੋਏ ਮੁਕਾਬਲੇ ਵਿੱਚ ਅਮਰੀਕਾ ਦੇ ਇਆਨ ਪਾਰਕਰ ਨੂੰ 6-3 ਨਾਲ ਹਰਾ ਕੇ ਪੋਡੀਅਮ 'ਤੇ ਜਗ੍ਹਾ ਬਣਾਈ।
ਕੁਝ ਖਿਡਾਰੀ ਤਗਮਿਆਂ ਤੋਂ ਖੁੰਝੇ
ਭਾਰਤ ਦੇ ਕੁਝ ਹੋਰ ਪਹਿਲਵਾਨ ਮੈਡਲ ਦੇ ਕਰੀਬ ਪਹੁੰਚ ਕੇ ਖੁੰਝ ਗਏ। 86 ਕਿਲੋਗ੍ਰਾਮ ਵਰਗ ਵਿੱਚ ਮੁਕੁਲ ਦਹੀਆ ਨੂੰ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਈਰਾਨੀ ਪਹਿਲਵਾਨ ਤੋਂ 6-5 ਨਾਲ ਹਾਰ ਮਿਲੀ। ਇਸੇ ਤਰ੍ਹਾਂ ਅੰਕੁਸ਼ (57 ਕਿਲੋਗ੍ਰਾਮ) ਵੀ ਕਾਂਸੀ ਦਾ ਮੈਚ ਹਾਰ ਗਏ। ਸੰਦੀਪ ਸਿੰਘ ਮਾਨ, ਦੀਪਕ ਅਤੇ ਚੰਦਰਮੋਹਨ ਵਰਗੇ ਪਹਿਲਵਾਨ ਵੀ ਇਸ ਵਾਰ ਖਾਲੀ ਹੱਥ ਪਰਤੇ ਹਨ। ਹੁਣ ਸਾਰੀਆਂ ਨਜ਼ਰਾਂ ਸਟਾਰ ਪਹਿਲਵਾਨ ਅੰਤਿਮ ਪੰਘਾਲ 'ਤੇ ਹਨ, ਜੋ ਸ਼ਨੀਵਾਰ ਨੂੰ ਮੈਦਾਨ ਵਿੱਚ ਉਤਰੇਗੀ।
"ਡਬਲਜ਼ ਦੂਜੇ ਦਰਜੇ ਦੀ ਖੇਡ ਨਹੀਂ..."; ਟੈਨਿਸ ਸਿਸਟਮ 'ਤੇ ਭੜਕਿਆ ਯੂਕੀ ਭਾਂਬਰੀ
NEXT STORY