ਨਵੀਂ ਦਿੱਲੀ : ਭਾਰਤ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਖਰਾਬ ਫਾਰਮ ਤੋਂ ਜੂਝ ਰਹੇ ਮਹਿੰਦਰ ਸਿੰਘ ਧੋਨੀ ਦਾ ਬਚਾਅ ਕਰਦਿਆਂ ਆਉਣ ਵਾਲੇ ਵਿਸ਼ਵ ਕੱਪ ਲਈ ਉਸ ਦਾ ਸਮਰਥਨ ਕੀਤਾ ਹੈ। ਗਾਂਗੁਲੀ ਨੇ ਕਿਹਾ ਕਿ ਧੋਨੀ 2019 ਵਿਸ਼ਵ ਕੱਪ ਵਿਚ ਚੰਗਾ ਪ੍ਰਦਰਸ਼ਨ ਕਰਨਗੇ। ਹਾਲਾਂਕਿ ਗਾਂਗੁਲੀ ਨੇ ਵਿੰਡੀਜ਼ ਖਿਲਾਫ ਚਲ ਰਹੀ ਮੌਜੂਦਾ ਵਨ ਡੇ ਸੀਰੀਜ਼ ਨੂੰ ਧੋਨੀ ਲਈ ਖੁਦ ਨੂੰ ਸਾਬਤ ਕਰਨ ਲਈ ਬਿਹਤਰੀਨ ਮੌਕਾ ਮੰਨਿਆ ਹੈ।

2019 ਵਿਸ਼ਵ ਕੱਪ ਤੋਂ ਪਹਿਲਾਂ ਮੌਜੂਦਾ ਸੀਰੀਜ਼ ਨੂੰ ਮਿਲਾ ਕੇ ਭਾਰਤ ਨੇ ਕੁਲ 18 ਵਨ ਡੇ ਮੈਚ ਖੇਡਣੇ ਹਨ। ਅਜਿਹੇ 'ਚ ਮਹਿੰਦਰ ਸਿੰਘ ਧੋਨੀ ਨੂੰ ਇਨ੍ਹਾਂ ਬਚੇ ਹੋਏ ਮੈਚਾਂ 'ਚ ਬਿਹਤਰ ਪ੍ਰਦਰਸ਼ਨ ਕਰ ਕੇ ਦਿਖਾਉਣਾ ਹੋਵੇਗਾ। ਕਿਉਂਕਿ ਚੋਣ ਕਰਤਾਵਾਂ ਨੇ ਉਸ ਦੇ ਬਦਲ ਦੇ ਤੌਰ 'ਤੇ ਰਿਸ਼ਭ ਪੰਤ ਨੂੰ ਟੀਮ ਵਿਚ ਮੌਕਾ ਦੇ ਦਿੱਤਾ ਹੈ। ਸਾਲ 2019 ਦਾ ਵਿਸ਼ਵ ਕੱਪ ਇੰਗਲੈਂਡ ਵਿਚ ਖੇਡਿਆ ਜਾਣਾ ਹੈ। ਪਹਿਲਾ ਮੁਕਾਬਲਾ 30 ਮਈ ਨੂੰ ਮੇਜ਼ਬਾਨ ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਵੇਗਾ।

ਇੰਗਲੈਂਡ 'ਚ ਕੁਝ ਖਾਸ ਨਹੀਂ ਕਰ ਸਕੇ ਹਨ ਧੋਨੀ
ਭਾਰਤ ਅਤੇ ਵਿੰਡੀਜ਼ ਵਿਚਾਲੇ ਗੁਹਾਟੀ ਦੇ ਬਰਸਾਪਾਰਾ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਮੈਚ ਦੌਰਾਨ ਸੌਰਭ ਗਾਂਗੁਲੀ ਨੇ ਕਿਹਾ ਸੀ ਕਿ ਮੈਨੂੰ ਨਹੀਂ ਪਤਾ ਉਹ ਕਿਸ ਕਾਂਬੀਨੇਸ਼ਨ ਦੇ ਬਾਰੇ ਸੋਚ ਰਹੇ ਹਨ ਪਰ ਮੈਨੂੰ ਇਸ ਬਾਰੇ ਯਕੀਨ ਹੈ ਕਿ ਐੱਮ. ਐੱਸ. 2019 ਵਿਸ਼ਵ ਕੱਪ ਵਿਚ ਚੰਗਾ ਪ੍ਰਦਰਸ਼ਨ ਕਰੇਗਾ। ਮਹਿੰਦਰ ਸਿੰਘ ਧੋਨੀ ਨੇ ਸਾਲ 2018 ਵਿਚ ਹੁਣ ਤੱਕ 15 ਮੈਚਾਂ ਦੀਆਂ 10 ਪਾਰੀਆਂ ਵਿਚ 28.12 ਦੀ ਔਸਤ ਅਤੇ 67.36 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ। ਉੱਥੇ ਹੀ ਇੰਗਲੈਂਡ ਵਿਚ ਉਸ ਦਾ ਪ੍ਰਦਰਸ਼ਨ ਬਹੁਤ ਚੰਗਾ ਨਹੀਂ ਰਿਹਾ। ਉਸ ਨੇ 20 ਵਨ ਡੇ ਮੈਚਾਂ ਵਿਚ 38.06 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ ਅਤੇ ਇਸ ਦੌਰਾਨ ਕੋਈ ਸੈਂਕੜਾ ਨਹੀਂ ਲਗਾ ਸਕੇ ਹਨ।

ਦੇਖਣ ਲਾਇਕ ਹੋਵੇਗਾ 2019 ਦਾ ਵਨ ਡੇ ਵਿਸ਼ਵ ਕੱਪ
ਮਹਿੰਦਰ ਸਿੰਘ ਧੋਨੀ ਦਾ ਵਨ ਡੇ ਕਰੀਅਰ ਔਸਤ 50.61 ਦਾ ਹੈ। ਸੌਰਭ ਗਾਂਗੁਲੀ ਨੇ ਕਿਹਾ, ''ਐੱਮ. ਐੱਸ. ਦਾ ਵਨ ਡੇ ਕਰੀਅਰ ਰਿਕਾਰਡ ਬਿਹਤਰੀਨ ਰਿਹਾ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਵਿਸ਼ਵ ਕੱਪ ਤੋਂ ਪਹਿਲਾਂ ਬਚੇ ਮੈਚ ਕਿਸ ਤਰ੍ਹਾਂ ਖੇਡਦਾ ਹੈ। ਉਸ ਨੂੰ ਸਿਰਫ ਕੁਝ ਹੀ ਪਾਰੀਆਂ ਦੀ ਜ਼ਰੂਰਤ ਹੈ।'' ਗਾਂਗੁਲੀ ਨੇ 2019 ਵਿਸ਼ਕਪ ਦੇ ਬਾਰੇ ਗੱਲ ਕਰਦਿਆਂ ਕਿਹਾ,''ਭਾਰਤ ਇਕ ਮਜ਼ਬੂਤ ਟੀਮ ਹੈ।'' ਇਸ ਵਾਰ ਦਾ ਵਿਸ਼ਵ ਕੱਪ ਦੇਖਣ ਯੋਗ ਹੋਵੇਗਾ। ਇੰਗਲੈਂਡ ਵਿਚ ਹੋਣ ਵਾਲਾ ਇਹ ਵਿਸ਼ਵ ਕੱਪ ਰਾਊਂਡ-ਰੌਬਿਨ ਫਾਰਮੈੱਟ ਵਿਚ ਖੇਡਿਆ ਜਾਵੇਗਾ, ਜਿਸ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ 10 ਟੀਮਾਂ ਇਕ ਦੂਜੇ ਖਿਲਾਫ ਖੇਡਣਗੀਆਂ ਅਤੇ ਚੋਟੀ 4 ਟੀਮਾਂ ਹੀ ਸੈਮੀਫਾਈਨਲ ਵਿਚ ਪਹੁੰਚ ਸਕਣਗੀਆਂ।
ਡਾਕਿਊਮੈਂਟਰੀ 'ਚ ਸਪਾਟ ਫਿਕਸਿੰਗ ਦੇ ਦਾਅਵੇ ਬੇਬੁਨਿਆਦ : ਪੀ.ਸੀ.ਬੀ.
NEXT STORY