ਕੇਪਟਾਊਨ- ਜਸਪ੍ਰੀਤ ਬੁਮਰਾਹ ਦੀਆਂ 5 ਵਿਕਟਾਂ ਦੀ ਮਦਦ ਨਾਲ ਭਾਰਤ ਨੇ ਤੀਸਰੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਦੱਖਣੀ ਅਫਰੀਕਾ ਨੂੰ 210 ਦੌੜਾਂ ’ਤੇ ਢੇਰ ਕਰ ਕੇ ਪਹਿਲੀ ਪਾਰੀ ’ਚ ਬੜ੍ਹਤ ਬਣਾ ਲਈ ਪਰ ਦੂਜੀ ਪਾਰੀ ’ਚ ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਵਿਕਟਾਂ ਜਲਦੀ ਗੁਆ ਦਿੱਤੀਆਂ। ਬੁਮਰਾਹ ਨੇ 23.3 ਓਵਰ ’ਚ 42 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਇਕ ਪਾਰੀ ’ਚ 5 ਵਿਕਟਾਂ ਲੈਣ ਦਾ ਕਾਰਨਾਮਾ ਉਸ ਨੇ 7ਵੀਂ ਵਾਰ ਕੀਤਾ ਹੈ। ਮੁਹੰਮਦ ਸ਼ੰਮੀ ਤੇ ਉਮੇਸ਼ ਯਾਦਵ ਨੇ ਵੀ 2-2 ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ ਪਹਿਲੀ ਪਾਰੀ ’ਚ 223 ਦੌੜਾਂ ਬਣਾਈਆਂ ਸਨ, ਜਿਸ ’ਚ ਉਸ ਨੂੰ 13 ਦੌੜਾਂ ਦੀ ਬੜ੍ਹਤ ਮਿਲ ਗਈ। ਦੂਜੀ ਪਾਰੀ ’ਚ ਮਯੰਕ ਅਗਰਵਾਲ (7) ਅਤੇ ਕੇ. ਐੱਲ. ਰਾਹੁਲ (10) ਸਸਤੇ ’ਚ ਆਊਟ ਹੋ ਗਏ। ਭਾਰਤ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 2 ਵਿਕਟਾਂ ’ਤੇ 57 ਦੌੜਾਂ ਬਣਾ ਲਈਆਂ ਸਨ। ਕਪਤਾਨ ਵਿਰਾਟ ਕੋਹਲੀ 14 ਅਤੇ ਚੇਤੇਸ਼ਵਰ ਪੁਜਾਰਾ 9 ਦੌੜਾਂ ਬਣਾ ਕੇ ਖੇਡ ਰਹੇ ਹਨ। ਇਸ ਤਰ੍ਹਾਂ ਭਾਰਤ ਕੋਲ ਹੁਣ 70 ਦੌੜਾਂ ਦੀ ਬੜ੍ਹਤ ਹੋ ਗਈ ਹੈ।
ਇਹ ਖ਼ਬਰ ਪੜ੍ਹੋ- ਪਿਛਲੇ ਸਾਲ ਆਸਟ੍ਰੇਲੀਆ ’ਚ ਮਿਲੀ ਸਫਲਤਾ, ਭਾਰਤੀ ਕ੍ਰਿਕਟ ਦੇ ਮਹਾਨ ਪ੍ਰਦਰਸ਼ਨਾਂ ’ਚੋਂ ਇਕ : ਗਾਵਾਸਕਰ
ਪਿਛਲੇ ਮੈਚ ’ਚ ਸ਼ਾਟ ਪਿੱਚ ਗੇਂਦਾਂ ਸੁੱਟਣ ਲਈ ਆਲੋਚਨਾਵਾਂ ਝੱਲਣ ਵਾਲੇ ਬੁਮਰਾਹ ਨੇ ਆਪਣੇ ਪ੍ਰਦਰਸ਼ਨ ਨਾਲ ਆਲੋਚਕਾਂ ਨੂੰ ਜਵਾਬ ਦਿੱਤਾ। ਕੋਹਲੀ ਨੇ ਦੂਜੇ ਦਿਨ ਗੇਂਦਬਾਜ਼ੀ ’ਚ ਵਧੀਆ ਬਦਲਾਅ ਕੀਤੇ ਅਤੇ ਸਲਿੱਪ ’ਚ 2 ਕੈਚ ਲੈਣ ਦੇ ਨਾਲ ਹੀ ਟੈਸਟ ਕ੍ਰਿਕਟ ’ਚ 100 ਕੈਚ ਵੀ ਪੂਰੇ ਕਰ ਲਏ। ਉਮੇਸ਼ ਯਾਦਵ ਦੀ ਗੇਂਦ ’ਤੇ ਉਸ ਨੇ ਦੂਜੀ ਸਲਿਪ ’ਚ ਰਾਸੀ ਵਾਨ ਡੇਰ ਡੁਸੇਨ ਦੀ ਕੈਚ ਫੜੀ।
ਵੈਸੇ ਭਾਰਤ ਨੂੰ ਮੈਚ ’ਚ ਵਾਪਸ ਲਿਆਉਣ ਦਾ ਸਿਹਰਾ ਮੁਹੰਮਦ ਸ਼ੰਮੀ ਨੂੰ ਜਾਂਦਾ ਹੈ। ਸ਼ੰਮੀ ਨੇ 56ਵੇਂ ਓਵਰ ’ਚ ਤੇਮਬਾ ਬਾਵੁਮਾ (28) ਅਤੇ ਕਾਈਲ ਵੇਰੇਨੇ (0) ਨੂੰ ਆਊਟ ਕਰ ਕੇ ਮੇਜ਼ਬਾਨ ਟੀਮ ਨੂੰ ਲਗਾਤਾਰ 2 ਝਟਕੇ ਦਿੱਤੇ। ਬਾਵੁਮਾ ਦੀ ਕੈਚ ਕੋਹਲੀ ਨੇ ਫੜੀ, ਜਦਕਿ ਵੇਰੇਵੇ ਨੇ ਰਿਸ਼ਭ ਪੰਤ ਨੂੰ ਕੈਚ ਫੜਾਈ। ਬੁਮਰਾਹ ਨੇ ਚਾਹ ਤੋਂ ਠੀਕ ਪਹਿਲਾਂ ਮਾਰਕੋ ਜੇਨਸਨ ਨੂੰ ਬੋਲਡ ਕੀਤਾ। ਪੀਟਰਸਨ ਨੂੰ 2 ਵਾਰ ਜੀਵਨਦਾਨ ਮਿਲਿਆ ਜਦੋਂ ਸ਼ਾਰਦੁਲ ਠਾਕੁਰ ਦੀ ਗੇਂਦ ’ਤੇ ਪਹਿਲੀ ਸਲਿੱਪ ’ਚ ਕੋਹਲੀ ਨੇ ਉਸ ਦੀ ਕੈਚ ਛੱਡੀ ਕਿਉਂਕਿ ਗੇਂਦ ਉਸ ਦੇ ਸਾਹਮਣੇ ਆ ਕੇ ਡਿੱਗੀ ਸੀ। ਇਸ ਤੋਂ ਬਾਅਦ ਕੋਹਲੀ ਨੇ ਦੂਜੀ ਸਲਿਪ ’ਚ ਪਹਿਲੀ ਸਲਿੱਪ ਤੋਂ ਕੁੱਝ ਕਦਮ ਅੱਗੇ ਆ ਕੇ ਖੜੇ ਹੋਣ ਦਾ ਫੈਸਲਾ ਕੀਤਾ ਕਿਉਂਕਿ ਗੇਂਦ ਸਾਹਮਣੇ ਟੱਪਾ ਖਾ ਰਹੀ ਸੀ। ਸਵੇਰੇ ਬੁਮਰਾਹ ਨੇ ਸ਼ਾਨਦਾਰ ਗੇਂਦ ’ਤੇ ਮਾਰਕ੍ਰਮ ਦੀ ਆਫ ਸਟੰਪ ਉਖਾੜੀ ਕਿਉਂਕਿ ਬੱਲੇਬਾਜ਼ ਨੂੰ ਲੱਗਾ ਕਿ ਗੇਂਦ ਸਿੱਧੀ ਆਵੇਗੀ ਅਤੇ ਉਹ ਚਕਮਾ ਖਾ ਗਿਆ। ਮਹਾਰਾਜ ਨੂੰ ਉਮੇਸ਼ ਨੇ ਆਊਟਸਵਿੰਗ ’ਤੇ ਬੋਲਡ ਕੀਤਾ।
ਇਹ ਖ਼ਬਰ ਪੜ੍ਹੋ-ਕੋਰੋਨਾ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ IAS ਤੇ IPS ਅਧਿਕਾਰੀਆਂ ਦਾ ਸਨਮਾਨ ਕਰਨ ਦੀ ਉੱਠੀ ਮੰਗ
ਪਲੇਇੰਗ ਇਲੈਵਨ-
ਦੱਖਣੀ ਅਫਰੀਕਾ- ਡੀਨ ਐਲਗਰ (ਕਪਤਾਨ), ਏਡੇਨ ਮਾਰਕਰਮ, ਕੀਗਨ ਪੀਟਰਸਨ, ਰਾਸੀ ਵੈਨ ਡੇਰ ਡੁਸਨ, ਟੇਂਬਾ ਬਾਵੁਮਾ, ਕਾਇਲ ਵੇਰੇਨ (ਵਿਕਟਕੀਪਰ), ਮਾਰਕੋ ਜੇਨਸੇਨ, ਕੈਗਿਸੋ ਰਬਾਡਾ, ਕੇਸ਼ਵ ਮਹਾਰਾਜ, ਡੁਆਨੇ ਓਲੀਵੀਅਰ, ਲੁੰਗੀ ਐਨਡਿਗੀ
ਭਾਰਤ- ਕੇ.ਐੱਲ. ਰਾਹੁਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਣੇ, ਰਿਸ਼ਭ ਪੰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇੰਡੀਆ ਓਪਨ : ਸਾਇਨਾ ਨੇਹਵਾਲ ਤੇ ਪ੍ਰਣਯ ਦੂਜੇ ਦੌਰ 'ਚ
NEXT STORY