ਧਰਮਸ਼ਾਲਾ- ਨਿਊਜ਼ੀਲੈਂਡ ਕੋਲੋਂ ਵਨ ਡੇ ਅਤੇ ਟੈਸਟ ਵਿਚ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਦੱਖਣੀ ਅਫਰੀਕਾ ਖਿਲਾਫ ਸ਼ੁਰੂ ਹੋ ਰਹੀ 3 ਮੈਚਾਂ ਦੀ ਵਨ ਡੇ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਭਾਰਤੀ ਸ਼ੇਰਾਂ ਦੀਆਂ ਨਜ਼ਰਾਂ ਘਰ ਵਿਚ ਫਾਰਮ ਹਾਸਲ ਕਰਨ 'ਤੇ ਟਿਕੀਆਂ ਹੋਣਗੀਆਂ। ਭਾਰਤੀ ਟੀਮ ਨੂੰ ਹਾਲ ਹੀ ਵਿਚ ਨਿਊਜ਼ੀਲੈਂਡ ਖਿਲਾਫ ਹੋਈ 3 ਮੈਚਾਂ ਦੀ ਵਨ ਡੇ ਸੀਰੀਜ਼ ਵਿਚ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਕੀਵੀ ਟੀਮ ਖਿਲਾਫ 2 ਮੈਚਾਂ ਦੀ ਟੈਸਟ ਸੀਰੀਜ਼ ਵੀ ਉਸ ਨੇ 0-2 ਨਾਲ ਗੁਆਈ ਸੀ। ਹੁਣ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਇਸ ਹਾਰ ਨੂੰ ਭੁਲਾ ਕੇ ਆਪਣੀ ਫਾਰਮ ਮੁੜ ਹਾਸਲ ਕਰਨਾ ਚਾਹੇਗੀ।
ਹਾਲਾਂਕਿ ਟੀਮ ਨੂੰ ਆਪਣੇ ਘਰ ਵਿਚ ਖੇਡਣ ਦੇ ਬਾਵਜੂਦ ਦੱਖਣੀ ਅਫਰੀਕਾ ਤੋਂ ਚੌਕਸ ਰਹਿਣਾ ਹੋਵੇਗਾ, ਜੋ ਆਪਣੀ ਜ਼ਮੀਨ 'ਤੇ ਆਸਟਰੇਲੀਆ ਨੂੰ 3-0 ਨਾਲ ਹਰਾਉਣ ਤੋਂ ਬਾਅਦ ਭਾਰਤ ਦੌਰੇ 'ਤੇ ਆਈ ਹੈ। ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਲਈ ਭਾਰਤੀ ਟੀਮ ਵਿਚ ਓਪਨਰ ਸ਼ਿਖਰ ਧਵਨ, ਆਲਰਾਊਂਡਰ ਹਾਰਦਿਕ ਪੰਡਯਾ ਅਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਸੱਟ ਤੋਂ ਉਭਰਨ ਤੋਂ ਬਾਅਦ ਟੀਮ ਵਿਚ ਵਾਪਸੀ ਹੋ ਗਈ ਹੈ, ਜਦਕਿ ਸੱਟ ਕਾਰਣ ਨਿਊਜ਼ੀਲੈਂਡ ਵਿਚ ਟੈਸਟ ਸੀਰੀਜ਼ 'ਚੋਂ ਬਾਹਰ ਹੋਇਆ ਰੋਹਿਤ ਸ਼ਰਮਾ ਅਜੇ ਤਕ ਆਪਣੀ ਸੱਟ ਤੋਂ ਉਭਰ ਨਹੀਂ ਸਕਿਆ ਹੈ। ਦੱਖਣੀ ਅਫਰੀਕਾ ਖਿਲਾਫ ਇਕ ਵਾਰ ਫਿਰ ਭਾਰਤੀ ਓਪਨਰਾਂ 'ਤੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਹੋਵੇਗੀ। ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਸ਼ਿਖਰ ਦੇ ਪਰਤਣ ਨਾਲ ਭਾਰਤੀ ਬੱਲੇਬਾਜ਼ੀ ਨੂੰ ਮਜ਼ਬੂਤੀ ਮਿਲੇਗੀ ਪਰ ਸ਼ਿਖਰ ਦੇ ਨਾਲ ਪ੍ਰਿਥਵੀ ਸ਼ਾਹ ਅਤੇ ਲੋਕੇਸ਼ ਰਾਹੁਲ 'ਚੋਂ ਕੌਣ ਉਤਰਦਾ ਹੈ, ਇਹ ਦੇਖਣਾ ਦਿਲਚਸਪ ਹੋਵੇਗਾ। ਹਾਲਾਂਕਿ ਉਮੀਦ ਹੈ ਕਿ ਸ਼ਿਖਰ ਅਤੇ ਪ੍ਰਿਥਵੀ ਓਪਨਿੰਗ ਕਰਨਗੇ ਅਤੇ ਇਨ੍ਹਾਂ ਦੋਵਾਂ ਬੱਲੇਬਾਜ਼ਾਂ 'ਤੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਉਣ ਦੀ ਚੁਣੌਤੀ ਹੋਵੇਗੀ। ਰਾਹੁਲ ਨੇ ਨਿਊਜ਼ੀਲੈਂਡ ਵਿਚ ਵਨ ਡੇ ਸੀਰੀਜ਼ ਵਿਚ ਕਾਫੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਵਨ ਡੇ ਸੀਰੀਜ਼ ਵਿਚ ਉਹ ਮੱਧਕ੍ਰਮ ਵਿਚ ਖੇਡਿਆ ਸੀ। ਚੋਟੀ ਅਤੇ ਮੱਧਕ੍ਰਮ ਵਿਚ ਵਿਰਾਟ, ਮਨੀਸ਼ ਪਾਂਡੇ ਅਤੇ ਸ਼੍ਰੇਅਸ ਅਈਅਰ 'ਤੇ ਜ਼ਿੰਮੇਵਾਰੀ ਹੋਵੇਗੀ। ਰਾਹੁਲ ਜੇਕਰ ਇਕ ਵਾਰ ਫਿਰ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲਦਾ ਹੈ ਤਾਂ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਬੈਂਚ 'ਤੇ ਬੈਠਣਾ ਪੈ ਸਕਦਾ ਹੈ। ਪੰਤ ਨਿਊਜ਼ੀਲੈਂਡ ਦੌਰੇ ਵਿਚ ਸਿਰਫ ਟੈਸਟ ਸੀਰੀਜ਼ ਵਿਚ ਖੇਡਿਆ ਸੀ ਅਤੇ ਚਾਰਾਂ ਪਾਰੀਆਂ ਵਿਚ ਨਾਕਾਮ ਰਿਹਾ ਸੀ ਪਰ ਉਸ 'ਤੇ ਆਪਣੀ ਜ਼ਿੰਮੇਵਾਰੀ ਸੰਭਾਲਣ ਦੀ ਚੁਣੌਤੀ ਹੋਵੇਗੀ। ਕਪਤਾਨ ਵਿਰਾਟ ਕੋਲ ਇਸ ਸੀਰੀਜ਼ ਵਿਚ ਆਪਣੀ ਫਾਰਮ ਹਾਸਲ ਕਰਨ ਦਾ ਮੌਕਾ ਹੋਵੇਗਾ।
ਵਿਰਾਟ ਦਾ ਨਿਊਜ਼ੀਲੈਂਡ ਖਿਲਾਫ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ ਸੀ। ਉਹ ਪੂਰੇ ਦੌਰੇ ਵਿਚ ਸਿਰਫ ਇਕ ਅਰਧ ਸੈਂਕੜਾ ਹੀ ਬਣਾ ਸਕਿਆ ਸੀ। ਵਿਰਾਟ ਦਾ ਵੀ ਟੈਸਟ ਸੀਰੀਜ਼ ਵਿਚ ਸੁਪਰ ਫਲਾਪ ਪ੍ਰਦਰਸ਼ਨ ਰਿਹਾ ਸੀ। ਸ਼੍ਰੇਅਸ ਨੇ ਹਾਲਾਂਕਿ ਨਿਊਜ਼ੀਲੈਂਡ ਦੌਰੇ ਵਿਚ ਆਪਣੀ ਪ੍ਰਤਿਭਾ ਸਾਬਿਤ ਕੀਤੀ ਸੀ ਅਤੇ ਟੀਮ ਲਈ ਅਹਿਮ ਯੋਗਦਾਨ ਦਿੱਤਾ ਸੀ। ਮਨੀਸ਼ ਅਤੇ ਪੰਤ ਕੋਲ ਦੱਖਣੀ ਅਫਰੀਕਾ ਖਿਲਾਫ ਘਰੇਲੂ ਜ਼ਮੀਨ 'ਤੇ ਆਪਣਾ ਹੁਨਰ ਸਾਬਿਤ ਕਰਨ ਦਾ ਚੰਗਾ ਮੌਕਾ ਹੈ। ਟੀਮ ਲਈ ਇਹ ਰਾਹਤ ਦੀ ਗੱਲ ਹੈ ਕਿ ਕੁਝ ਸਮੇਂ ਤੋਂ ਟੀਮ 'ਚੋਂ ਬਾਹਰ ਚੱਲ ਰਹੇ ਆਲਰਾਊਂਡਰ ਹਾਰਦਿਕ ਪੰਡਯਾ ਟੀਮ ਵਿਚ ਵਾਪਸ ਆ ਗਿਆ ਹੈ। ਪੰਡਯਾ ਨੇ ਸੱਟ ਤੋਂ ਉਭਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਡੀ. ਵਾਈ. ਪਾਟਿਲ ਟੀ-20 ਟੂਰਨਾਮੈਂਟ ਵਿਚ ਉਸ ਨੇ ਧਮਾਕੇਦਾਰ ਪਾਰੀਆਂ ਖੇਡੀਆਂ। ਉਸ ਦੀਆਂ ਇਨ੍ਹਾਂ ਪਾਰੀਆਂ ਨੂੰ ਦੇਖਦੇ ਹੋਏ ਦੱਖਣੀ ਅਫਰੀਕਾ ਖਿਲਾਫ ਵਧੀਆ ਪ੍ਰਦਰਸ਼ਨ ਦੀ ਉਮੀਦ ਜਤਾਈ ਜਾ ਰਹੀ ਹੈ, ਜਦਕਿ ਆਲਰਾਊਂਡਰ ਰਵਿੰਦਰ ਜਡੇਜਾ ਵੀ ਬੱਲੇ ਨਾਲ ਕਮਾਲ ਦਿਖਾਉਣ ਦੇ ਸਮਰੱਥ ਹੈ। ਇਸ ਤਰ੍ਹਾਂ ਬੱਲੇਬਾਜ਼ੀ ਵਿਚ ਟੀਮ ਨੂੰ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਹੈ।
ਗੇਂਦਬਾਜ਼ੀ ਵਿਭਾਗ ਵਿਚ ਸਵਿੰਗ ਮਾਸਟਰ ਭੁਵਨੇਸ਼ਵਰ ਦੀ ਵਾਪਸੀ ਨਾਲ ਟੀਮ ਨੂੰ ਹੌਸਲਾ ਮਿਲਿਆ ਹੈ। ਉਸ ਦੇ ਨਾਲ ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਜਸਪ੍ਰੀਤ ਬੁਮਰਾਹ 'ਤੇ ਹੋਵੇਗੀ। ਦੋਵਾਂ ਗੇਂਦਬਾਜ਼ਾਂ 'ਤੇ ਵਿਰੋਧੀ ਟੀਮ ਦੇ ਬੱਲੇਬਾਜ਼ਾਂ ਨੂੰ ਜਲਦ ਸਮੇਟਣ ਦਾ ਦਾਰੋਮਦਾਰ ਹੋਵੇਗਾ, ਜਿਸ ਨਾਲ ਭਾਰਤੀ ਟੀਮ ਮੈਚ ਵਿਚ ਆਪਣਾ ਦਬਾਅ ਬਣਾ ਕੇ ਰੱਖ ਸਕੇ।
ਸੰਭਾਵਿਤ ਟੀਮਾਂ —
ਭਾਰਤ—
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਲੋਕੇਸ਼ ਰਾਹੁਲ, ਮਨੀਸ਼ ਪਾਂਡੇ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਨਵਦੀਪ ਸੈਣੀ, ਕੁਲਦੀਪ ਯਾਦਵ ਅਤੇ ਸ਼ੁਭਮਨ ਗਿੱਲ।
ਦੱਖਣੀ ਅਫਰੀਕਾ—
ਕਵਿੰਟਨ ਡੀ ਕੌਕ (ਕਪਤਾਨ ਅਤੇ ਵਿਕਟਕੀਪਰ), ਤੇਮਬਾ ਬਾਵੁਮਾ, ਰੈਸੀ ਵਾਨ ਡੇਰ ਡੁਸੇਨ, ਫਾਫ ਡੂ ਪਲੇਸਿਸ, ਕਾਇਲ ਵੇਰਿਨੇ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਜਾਨ-ਜਾਨ ਸੰਟਸ, ਆਂਦਿਲੇ ਫੇਲਕਵਾਇਓ, ਲੁੰਗੀ ਇਨਗਿਡੀ, ਸਿਪਾਂਲਾ, ਬਿਊਰਨ ਹੈਂਡ੍ਰਿਕਸ, ਐਨਰਿਕ ਨੋਤਰਜੇ, ਲਿੰਡੇ, ਕੇਸ਼ਵ ਮਹਾਰਾਜ।
ਪੰਜਾਬ ਦੀ ਕ੍ਰਿਕਟ ਟੀਮ ਦੀ ਚੋਣ ਲਈ ਟ੍ਰਾਇਲ ਕੱਲ
NEXT STORY