ਨਿਊਯਾਰਕ– ਇਕ ਪਾਸੇ ਲਿਓਨਿਲ ਮੈਸੀ ਦਾ ਚਮਤਕਾਰ ਹੈ ਤਾਂ ਦੂਜੇ ਪਾਸੇ ਟੂਰਨਾਮੈਂਟ ’ਚ ਸਿਰਫ ਇਕਲੌਤਾ ਗੋਲ ਗੁਆਉਣ ਵਾਲੀ ਸਪੇਨ ਦਾ ਅਭੇਦ ਡਿਫੈਂਸ । ਵਿਸ਼ਵ ਫੁੱਟਬਾਲ ਦੀ ਬਾਦਸ਼ਾਹਤ ਲਈ ਮੌਜੂਦਾ ਚੈਂਪੀਅਨ ਅਰਜਨਟੀਨਾ ਦਾ ਸਾਹਮਣਾ ਐਤਵਾਰ ਨੂੰ ਸਪੇਨ ਨਾਲ ਹੋਵੇਗਾ ਤਾਂ ‘ਅਟੈਕ ਤੇ ਡਿਫੈਂਸ’ ਦੀ ਰੋਮਾਂਚਕ ਜੰਗ ਦੇਖਣ ਨੂੰ ਮਿਲੇਗੀ । 2010 ਦੀ ਚੈਂਪੀਅਨ ਸਪੇਨ ਨੇ ਟੂਰਨਾਮੈਂਟ ’ਚ ਫਾਈਨਲ ਤੱਕ ਦੇ ਸਫਰ ’ਚ ਸਿਰਫ ਇਕਲੌਤਾ ਗੋਲ ਕੁਆਰਟਰ ਫਾਈਨਲ ’ਚ ਬੈਲਜੀਅਮ ਵਿਰੁੱਧ ਗੁਆਇਆ ਹੈ ਜਦਕਿ ਅਰਜਨਟੀਨਾ ਨੇ ਹੁਣ ਤੱਕ ਇਸ ਟੂਰਨਾਮੈਂਟ ’ਚ 7 ਮੈਚਾਂ ’ਚ ਸਭ ਤੋਂ ਜ਼ਿਆਦਾ 19 ਗੋਲ ਕੀਤੇ ਹਨ । ਇਹ ਮੁਕਾਬਲਾ ਸਿਰਫ 2 ਟੀਮਾਂ ਵਿਚਾਲੇ ਨਹੀਂ, ਸਗੋਂ 2 ਵੱਖ-ਵੱਖ ਫੁੱਟਬਾਲ ਸ਼ੈਲੀਆਂ ਦਾ ਵੀ ਹੈ । ਅਰਜਨਟੀਨਾ ਨੇ ਪੂਰੇ ਟੂਰਨਾਮੈਂਟ ’ਚ ਦਬਾਅ ਦੇ ਪਲਾਂ ਤੋਂ ਨਿਕਲ ਕੇ ਜਿੱਤ ਹਾਸਲ ਕੀਤੀ ਹੈ ਜਦਕਿ ਸਪੇਨ ਨੇ ਗੇਂਦ ’ਤੇ ਕੰਟਰੋਲ, ਮਜ਼ਬੂਤ ਡਿਫੈਂਡਿੰਗ ਲਾਈਨ ਤੇ ਸਮੂਹਿਕ ਖੇਡ ਦੇ ਦਮ ’ਤੇ ਫਾਈਨਲ ਤੱਕ ਦਾ ਸਫਰ ਤੈਅ ਕੀਤਾ ਹੈ। ਸਪੇਨ ਨੇ ਸੈਮੀਫਾਈਨਲ ’ਚ ਖਿਤਾਬ ਦੀ ਸਭ ਤੋਂ ਪ੍ਰਮੁੱਖ ਦਾਅਵੇਦਾਰ ਕਾਇਲਿਆਨ ਐਮਬਾਪੇ ਦੀ ਫਰਾਂਸ ਨੂੰ 2-0 ਨਾਲ ਹਰਾ ਕੇ ਜ਼ਾਹਿਰ ਕਰ ਦਿੱਤਾ ਕਿ ਉਹ ਕਿਸੇ ਦੇ ਰਸੂਖ ਤੋਂ ਘਬਰਾਉਣ ਵਾਲੀ ਟੀਮ ਨਹੀਂ ਹੈ ।
ਖਿਤਾਬੀ ਮੁਕਾਬਲੇ ਨੂੰ ਬਾਰਸੀਲੋਨਾ ਦੇ ਸਾਬਕਾ ਨੰਬਰ-10 ਮੈਸੀ ਤੇ ਵਰਤਮਾਨ ’ਚ 10 ਨੰਬਰ ਜਰਸੀ ਪਹਿਨਣ ਵਾਲੇ ਸਪੇਨ ਦੇ ਲਾਮਿਨ ਯਮਾਲ ਵਿਚਾਲੇ ਮੁਕਾਬਲੇ ਦੇ ਤੌਰ ’ਤੇ ਵੀ ਦੇਖਿਆ ਜਾ ਰਿਹਾ ਹੈ । ਫਾਈਨਲ ਤੋਂ ਪਹਿਲਾਂ ਮੈਸੀ ਤੇ ਯਮਾਲ ਦੀ ਵਾਇਰਲ ਹੋਈ 2 ਦਹਾਕੇ ਪੁਰਾਣੀ ਤਸਵੀਰ ਨੇ ਇਸ ਨੂੰ ਹੋਰ ਰੋਮਾਂਚਕ ਮੋੜ ਦੇ ਦਿੱਤਾ ਹੈ ਜਿਸ ’ਚ ਮੈਸੀ ਬਾਥਟੱਬ ’ਚ ‘ਬੇਬੀ ਯਮਾਲ’ ਨੂੰ ਨੁਹਾਉਂਦੇ ਹੋਏ ਦਿਸ ਰਿਹਾ ਹੈ ।
ਹੁਣ ਦੇਖਣਾ ਇਹ ਹੈ ਕਿ ਅਰਜਨਟੀਨਾ 1958 ਤੇ 1962 ’ਚ ਬ੍ਰਾਜ਼ੀਲ ਤੋਂ ਬਾਅਦ ਲਗਾਤਾਰ ਦੂਜੀ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਬਣਦੀ ਹੈ ਜਾਂ ਸਪੇਨ ਇਕ ਵਾਰ ਫਿਰ ‘ਜੁਆਇੰਟ ਕਿਲਰ’ ਸਾਬਤ ਹੁੰਦਾ ਹੈ । ਪਹਿਲੀ ਵਾਰ 48 ਟੀਮਾਂ ਦੇ ਇਸ ਵਿਸ਼ਵ ਕੱਪ ’ਚ ਯੂਰਪੀਅਨ ਚੈਂਪੀਅਨ ਸਪੇਨ ਤੇ ਦੱਖਣੀ ਅਮਰੀਕਾ ਦੀ ਚੈਂਪੀਅਨ ਟੀਮ ਅਰਜਨਟੀਨਾ ਦਾ ਸਫਰ ਇਕੋ ਜਿਹਾ ਨਹੀਂ ਰਿਹਾ। 6 ਵਾਰ ਦੀ ਚੈਂਪੀਅਨ ਅਰਜਨਟੀਨਾ ਤੇ ਮੈਸੀ ਨੂੰ ਇਸ ਸਫਰ ’ਚ ਪੱਖਪਾਤ ਦੀਆਂ ਵੀ ਤੋਹਮਤਾਂ ਝੱਲਣੀਆਂ ਪਈਆਂ ਪਰ ਮੈਸੀ ਨੇ ਹੁਣ ਤੱਕ 8 ਤੇ ਵਿਸ਼ਵ ਕੱਪ ਕਰੀਅਰ ’ਚ 21 ਗੋਲ ਕਰ ਕੇ ਆਲੋਚਕਾਂ ਦਾ ਮੂੰਹ ਬੰਦ ਕਰ ਦਿੱਤਾ । ਇਸ ਟੂਰਨਾਮੈਂਟ ’ਚ ਉਸ ਦੇ ਤੇ ਐਮਬਾਪੇ ਦੇ 8-8 ਗੋਲ ਹਨ ਪਰ 4 ’ਚ ਸਹਾਇਤਾ ਕਰਕੇ ਮੈਸੀ ‘ਗੋਲਡਨ ਬੂਟ’ ਦੀ ਦੌੜ ’ਚ ਫਿਲਹਾਲ ਅੱਗੇ ਹੈ । ਇੰਗਲੈਂਡ ਵਿਰੁੱਧ ਸੈਮੀਫਾਈਨਲ ’ਚ ਦੂਜੇ ਗੋਲ ’ਚ ਜਿਸ ਤਰ੍ਹਾਂ ਨਾਲ ਉਸ ਨੇ ਸੂਤਰਧਾਰ ਦੀ ਭੂਮਿਕਾ ਨਿਭਾਈ, ਉਸ ਤੋਂ ਵਿਰੋਧੀ ਵੀ ਦੰਗ ਰਹਿ ਗਏ । ਗਰੁੱਪ ਪੜਾਅ ’ਚ ਲਗਾਤਾਰ ਤਿੰਨੋਂ ਮੈਚ ਜਿੱਤ ਕੇ ਅਰਜਨਟੀਨਾ ਦੀ ਸ਼ੁਰੂਆਤ ਚੰਗੀ ਰਹੀ। ਉੱਥੇ ਹੀ, ਪਹਿਲੇ ਨਾਕਆਊਟ ਮੈਚ ’ਚ 5 ਲੱਖ ਦੀ ਆਬਾਦੀ ਵਾਲੇ ਕੇਪ ਵਰਡੇ ਨੇ ਉਸ ਨੂੰ ਕਾਫੀ ਪ੍ਰੇਸ਼ਾਨ ਕੀਤਾ ਤੇ ਆਖਿਰਕਾਰ ਵਾਧੂ ਸਮੇਂ ’ਚ ਜਾ ਕੇ ਅਰਜਨਟੀਨਾ ਨੂੰ 3-2 ਨਾਲ ਜਿੱਤ ਮਿਲੀ । ਇਸ ਤੋਂ ਬਾਅਦ ਮਿਸਰ ਨੇ 79ਵੇਂ ਮਿੰਟ ’ਚ ਉਸ ਨੂੰ 2 ਗੋਲਾਂ ਨਾਲ ਪਿੱਛੇ ਰੱਖਿਆ ਤੇ ਆਖਰੀ 13 ਮਿੰਟ ’ਚ 3 ਗੋਲ ਕਰਕੇ ਲਿਓਨਿਲ ਸਕਾਲੋਨੀ ਦੀ ਟੀਮ ਜਿੱਤੀ ਪਰ ਰੈਫਰਿੰਗ ’ਚ ਸਵਾਲ ਉੱਠੇ । ਕੁਆਰਟਰ ਫਾਈਨਲ ’ਚ ਸਵਿਟਜ਼ਰਲੈਂਡ ਨੂੰ ਵਾਧੂ ਸਮੇਂ ’ਚ 3-1 ਨਾਲ ਹਰਾਇਆ ਤੇ ਸੈਮੀਫਾਈਨਲ ’ਚ ਪਿਛੜਨ ਤੋਂ ਬਾਅਦ ਆਖਰੀ ਮਿੰਟਾਂ ’ਚ ਐਂਜੋ ਫਰਨਾਂਡਿਸ ਤੇ ਮਾਰਟੀਨੇਜ ਦੇ ਗੋਲਾਂ ਦੇ ਦਮ ’ਤੇ ਅਰਜਨਟੀਨਾ ਆਖਰੀ-4 ’ਚ ਪਹੁੰਚਿਆ।
ਦੂਜੇ ਪਾਸੇ ਪਹਿਲੇ ਹੀ ਗਰੁੱਪ ਮੈਚ ’ਚ ਸਪੇਨ ਨੂੰ ਕੇਪ ਵਰਡੇ ਨੇ ਗੋਲ ਰਹਿਤ ਡਰਾਅ ’ਤੇ ਰੋਕ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਇਸ ਤੋਂ ਬਾਅਦ 2 ਮੈਚ ਜਿੱਤ ਕੇ ਨਾਕਆਊਟ ’ਚ ਪਹੁੰਚੀ ਸਪੇਨ ਨੇ ਆਸਟ੍ਰੀਆ ਨੂੰ 3-0 ਨਾਲ ਹਰਾਇਆ ਤੇ ਆਖਰੀ-16 ’ਚ ਕ੍ਰਿਸਟਿਆਨੋ ਰੋਨਾਲਡੋ ਦੀ ਪੁਰਤਗਾਲ ਨੂੰ ਰਵਾਨਾ ਕੀਤਾ। ਬੈਲਜੀਅਮ ਨੂੰ ਹਰਾਉਣ ਤੋਂ ਬਾਅਦ ਸਪੇਨ ਨੇ ਸੈਮੀਫਾਈਨਲ ’ਚ ਫਰਾਂਸ ਦੇ ਐਮਬਾਪੇ ਨੂੰ ਬੰਨ੍ਹੀ ਰੱਖਿਆ ਤੇ ਅਰਜਨਟੀਨਾ ਨੂੰ ਇਸੇ ਗਲਤੀ ਤੋਂ ਬਚਣਾ ਪਵੇਗਾ ਕਿਉਂਕਿ ਹੁਣ ਸਪੇਨ ਦੇ ਨਿਸ਼ਾਨੇ ’ਤੇ ਮੈਸੀ ਹੋਵੇਗਾ ।
ਕਾਗਜ਼ਾਂ ’ਤੇ ਬਰਾਬਰੀ ਦੇ ਦਿਸ ਰਹੇ ਇਸ ਮੁਕਾਬਲੇ ’ਚ ਜੇਕਰ ਅਰਜਨਟੀਨਾ ਦਾ ਤਜਰਬਾ ਤੇ ਮੈਸੀ ਦਾ ਜਾਦੂ ਚੱਲਦਾ ਹੈ ਤਾਂ ਟਰਾਫੀ ਦੱਖਣੀ ਅਮਰੀਕਾ ਜਾ ਸਕਦੀ ਹੈ ਪਰ ਜੇਕਰ ਸਪੇਨ ਨੇ ਆਪਣੀ ਲੈਅ ਤੇ ਅਨੁਸ਼ਾਸਿਤ ਖੇਡ ਬਰਕਰਾਰ ਰੱਖੀ ਤਾਂ ਯੂਰਪ ਦੀ ਨਵੀਂ ਬਾਦਸ਼ਾਹਤ ਸਥਾਪਿਤ ਹੋ ਸਕਦੀ ਹੈ। ਇਹੀ ਅਨਿਸ਼ਚਿਤਤਾ ਇਸ ਫਾਈਨਲ ਨੂੰ ਯਾਦਗਾਰ ਬਣਾਉਣ ਲਈ ਕਾਫੀ ਹੈ।
ਸਪੇਨ ਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਟੀਮ ਤਿਆਰ ਕੀਤੀ ਹੈ : ਰੋਡਰੀ ਸਪੇਨ ਫੀਫਾ ਵਿਸ਼ਵ ਕੱਪ ’ਚ ਦੂਜੀ ਵਾਰ ਹੀ ਫਾਈਨਲ ਤੱਕ ਪਹੁੰਚੀ ਹੈ ਤੇ ਕਪਤਾਨ ਰੋਡਰੀ ਦਾ ਮੰਨਣਾ ਹੈ ਕਿ ਇਸ ਸਫਰ ’ਚ ਸਾਲਾਂ ਦੀ ਮਿਹਨਤ ਲੱਗੀ ਹੈ । ਨੇਸ਼ਨਜ਼ ਲੀਗ 2023 ਤੇ ਯੂਰਪੀਅਨ ਚੈਂਪੀਅਨਸ਼ਿਪ 2024 ਜਿੱਤਣ ਵਾਲੀ ਸਪੇਨ ਟੀਮ ਨੇ ਪਿਛਲੇ ਕੁਝ ਸਾਲਾਂ ’ਚ ਯੂਰਪ ’ਚ ਆਪਣੀ ਬਾਦਸ਼ਾਹਤ ਸਾਬਤ ਕੀਤੀ ਹੈ । ਹੁਣ ਉਸ ਦੇ ਸਾਹਮਣੇ ਅਰਜਨਟੀਨਾ ਦੇ ਰੂਪ ’ਚ ਐਤਵਾਰ ਨੂੰ ਹੋਣ ਵਾਲੇ ਫਾਈਨਲ ’ਚ ਸਭ ਤੋਂ ਮੁਸ਼ਕਿਲ ਚੁਣੌਤੀ ਹੈ ਪਰ ਕਪਤਾਨ ਰੋਡਰੀ ਚਾਹੁੰਦਾ ਹੈ ਕਿ ਉਸ ਦੀ ਟੀਮ ਹਾਰਨ ਦੇ ਡਰ ਦੀ ਬਜਾਏ ਜਿੱਤ ਦੀ ਚਾਹ ਦੇ ਨਾਲ ਉਤਰੇ ।
ਉਸ ਨੇ ਕਿਹਾ ,‘‘ਅਸੀਂ ਹੌਲ-ਹੌਲੀ ਅੱਗੇ ਵਧ ਰਹੇ ਹਾਂ । ਅਸੀਂ ਆਪਣੇ ਅੰਦਾਜ਼ ’ਚ ਖੇਡਦੇ ਰਹਾਂਗੇ ਕਿਉਂਕਿ ਪਿਛਲੇ 5 ਸਾਲ ਤੋਂ ਇਸੇ ਪ੍ਰਕਿਰਿਆ ਦੀ ਪਾਲਣਾ ਕਰ ਰਹੇ ਹਾਂ ।’’
ਪਹਿਲੇ ਮੈਚ ’ਚ ਕੇਪ ਵਰਡੇ ਨਾਲ ਗੋਲ ਰਹਿਤ ਡਰਾਅ ਖੇਡਣ ਤੋਂ ਬਾਅਦ ਸਪੇਨ ਨੇ ਟੂਰਨਾਮੈਂਟ ’ਚ ਅਜੇ ਤੱਕ ਇਕਲੌਤਾ ਗੋਲ ਗੁਆਇਆ ਹੈ ।
ਰੋਡਰੀ ਨੇ ਕਿਹਾ,‘‘ਸਾਡਾ ਟੀਚਾ ਇਹ ਵਿਸ਼ਵ ਕੱਪ ਜਿੱਤਣਾ ਹੈ ਤੇ ਸਾਨੂੰ ਯਕੀਨ ਹੈ ਕਿ ਅਸੀਂ ਅਜਿਹਾ ਕਰ ਸਕਦੇ ਹਾਂ । ਅਸੀਂ ਦਿਖਾ ਦਿੱਤਾ ਹੈ ਕਿ ਇਹ ਟੀਮ ਧਾਕੜਾਂ ਨੂੰ ਹਰਾ ਸਕਦੀ ਹੈ।’’
ਉਸ ਨੇ ਕਿਹਾ ,‘‘ਐਤਵਾਰ ਦਾ ਮੈਚ ਕਾਫੀ ਵੱਖਰਾ ਹੋਵੇਗਾ ਤੇ ਸਾਨੂੰ ਇਸ ਲਈ ਤਿਆਰ ਰਹਿਣਾ ਪਵੇਗਾ। ਮੇਰਾ ਮੰਨਣਾ ਹੈ ਕਿ ਸਾਨੂੰ ਵੱਖ-ਵੱਖ ਹਾਲਾਤ ਤੇ ਵਿਰੋਧੀ ਵਿਰੁੱਧ ਖੇਡਣਾ ਆਉਣਾ ਚਾਹੀਦਾ ਹੈ । ਸਾਨੂੰ ਉਸ ਦੇ ਮੁਤਾਬਕ ਡਿਫੈਂਸ, ਹਮਲੇ ਤੇ ਜਵਾਬੀ ਹਮਲੇ ਕਰਨੇ ਪੈਣਗੇ । ਅਸੀਂ ਕਾਫੀ ਮੁਕੰਮਲ ਟੀਮ ਹਾਂ ਤੇ ਉਸੇ ਵਜ੍ਹਾ ਨਾਲ ਇੱਥੇ ਤੱਕ ਹਾਂ ।’’
ਤੀਜੇ ਵਨਡੇ 'ਚ ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ, ਸੀਰੀਜ਼ ਜਿੱਤਣ ਦੇ ਟੀਚੇ ਨਾਲ ਉਤਰਨਗੀਆਂ ਦੋਵੇਂ ਟੀਮਾਂ
NEXT STORY