ਕੋਲਕਾਤਾ (ਭਾਸ਼ਾ)- ਚਮਤਕਾਰੀ ਫੁੱਟਬਾਲਰ ਸੁਨੀਲ ਛੇਤਰੀ ਦਾ ਆਖ਼ਰੀ ਅੰਤਰਰਾਸ਼ਟਰੀ ਮੈਚ ਗੋਲ ਰਹਿਤ ਡਰਾਅ ਰਿਹਾ। ਭਾਰਤ ਨੇ ਵੀਰਵਾਰ ਨੂੰ ਇਥੇ 2026 ਫੀਫਾ ਵਿਸ਼ਵ ਕੱਪ ਕੁਆਲੀਫਾਇਰ ’ਚ ਕੁਵੈਤ ਵਿਰੁੱਧ ਗੋਲ ਰਹਿਤ ਡਰਾਅ ਮੈਚ ਖੇਡਿਆ। ਫੁੱਟਬਾਲ ਦੀ ਵੱਡੀ ਸਫਲਤਾ ਤੋਂ ਵਾਂਝੇ ਦੇਸ਼ ’ਚ ਇਹ ਉਸ ਆਦਮੀ ਲਈ ਢੁਕਵੀਂ ਵਿਦਾਈ ਨਹੀਂ ਸੀ, ਜਿਸ ਨੇ ਦੁਨੀਆ ਦੇ ਇਸ ਹਿੱਸੇ ’ਚ ਆਪਣੀ ਖੇਡ ਨਾਲ ਦਰਸ਼ਕਾਂ ਦੇ ਦਿਲ ’ਚ ਜਗ੍ਹਾ ਬਣਾਈ।
ਇਸ ਨਤੀਜੇ ਨੇ ਭਾਰਤ ਨੂੰ ਕੁਆਲੀਫਾਇਰ ਦੇ ਤੀਜੇ ਦੌਰ ’ਚ ਥਾਂ ਬਣਾਉਣ ਲਈ ਬੇਹੱਦ ਮੁਸ਼ਕਲ ਸਥਿਤੀ ’ਚ ਪਾ ਦਿੱਤਾ। ਡਰਾਅ ਤੋਂ ਬਾਅਦ ਭਾਰਤ ਨੇ 5 ਅੰਕ ਇਕੱਠੇ ਕਰ ਲਏ ਹਨ ਅਤੇ ਉਹ ਹੁਣ 11 ਜੂਨ ਨੂੰ ਹੋਣ ਵਾਲੇ ਆਪਣੇ ਆਖ਼ਰੀ ਮੈਚ ’ਚ ਏਸ਼ੀਆਈ ਚੈਂਪੀਅਨ ਕਤਰ ਨਾਲ ਭਿੜੇਗਾ। 4 ਅੰਕਾਂ ਵਾਲੇ ਕੁਵੈਤ ਦਾ ਉਸੇ ਦਿਨ ਅਫ਼ਗਾਨਿਸਤਾਨ ਨਾਲ ਮੁਕਾਬਲਾ ਹੋਵੇਗਾ।
39 ਸਾਲਾ ਛੇਤਰੀ ਨੇ ਪੁਰਤਗਾਲ ਦੇ ਸੁਪਰਸਟਾਰ ਕ੍ਰਿਸਟੀਆਨੋ ਰੋਨਾਲਡੋ (128), ਈਰਾਨ ਦੇ ਮਹਾਨ ਖਿਡਾਰੀ ਅਲੀ ਦਾਈ (108) ਅਤੇ ਅਰਜਨਟੀਨਾ ਦੇ ਜਾਦੂਗਰ ਲਿਓਨਲ ਮੈਸੀ (106) ਤੋਂ ਬਾਅਦ 94 ਗੋਲਾਂ ਦੇ ਨਾਲ ਅੰਤਰਰਾਸ਼ਟਰੀ ਫੁੱਟਬਾਲ ’ਚ ਚੌਥੇ ਸਭ ਤੋਂ ਸ਼ਾਨਦਾਰ ਸਕੋਰਰ ਵਜੋਂ ਆਪਣੇ 19 ਸਾਲਾਂ ਦੇ ਅੰਤਰਰਾਸ਼ਟਰੀ ਕਰੀਅਰ ਦਾ ਅੰਤ ਕੀਤਾ। ਭਾਰਤ ਵਰਗੇ ਦੇਸ਼ ਦੇ ਖਿਡਾਰੀ ਲਈ ਇਹ ਇਕ ਹੈਰਾਨੀਜਨਕ ਕਾਰਨਾਮਾ ਹੈ।
ਛੇਤਰੀ ਨੇ ਆਪਣੇ ਪਿਤਾ ਖੜਗਾ ਅਤੇ ਮਾਤਾ ਸੁਸ਼ੀਲਾ, ਪਤਨੀ ਸੋਨਮ ਭੱਟਾਚਾਰੀਆ ਅਤੇ ਕਈ ਅਧਿਕਾਰੀਆਂ ਅਤੇ ਸਾਬਕਾ ਖਿਡਾਰੀਆਂ ਦੇ ਨਾਲ 68000-ਸਮਰੱਥਾ ਵਾਲੇ ਸਾਲਟ ਲੇਕ ਸਟੇਡੀਅਮ ’ਚ ਅੰਤਰਰਾਸ਼ਟਰੀ ਖੇਡ ਨੂੰ ਅਲਵਿਦਾ ਕਹਿ ਦਿੱਤਾ। ਹਾਲਾਂਕਿ, ਉਹ ‘ਦੋ ਸਾਲਾਂ’ ਲਈ ਕਲੱਬ ਫੁੱਟਬਾਲ ਖੇਡਣਾ ਜਾਰੀ ਰੱਖੇਗਾ।
ਉਸ ਦਾ ਅਗਲੇ ਸਾਲ ਤੱਕ ਇੰਡੀਅਨ ਸੁਪਰ ਲੀਗ ਦੀ ਟੀਮ ਬੈਂਗਲੁਰੂ ਐੱਫ.ਸੀ. ਨਾਲ ਖੇਡਣ ਦਾ ਕਰਾਰ ਹੈ। ਛੇਤਰੀ ਨੇ 12 ਜੂਨ 2005 ਨੂੰ ਕੋਇਟਾ ’ਚ ਪਾਕਿਸਤਾਨ ਦੇ ਖਿਲਾਫ ਆਪਣੇ ਪਹਿਲੇ ਮੈਚ ’ਚ ਗੋਲ ਕੀਤਾ ਸੀ ਪਰ ਆਪਣੇ ਕਰੀਅਰ ਦੇ ਆਖ਼ਰੀ ਮੈਚ 'ਚ ਉਹ ਗੋਲ ਨਹੀਂ ਕਰ ਸਕਿਆ। ਇਸ ਮੁਕਾਬਲੇ ਦੇ ਖ਼ਤਮ ਹੋਣ ਵੇਲੇ ਸੁਨੀਲ ਤੇ ਉਸ ਦੇ ਮਾਂ-ਪਿਤਾ ਨੂੰ ਵੀ ਭਾਵੁਕ ਹੁੰਦੇ ਦੇਖਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
USA ਨੇ ਕੀਤਾ ਕ੍ਰਿਕਟ ਇਤਿਹਾਸ ਦਾ ਸਭ ਤੋਂ ਵੱਡਾ ਉਲਟਫੇਰ, ਪਾਕਿਸਤਾਨ ਨੂੰ ਸੁਪਰ ਓਵਰ 'ਚ 5 ਦੌੜਾਂ ਨਾਲ ਹਰਾਇਆ
NEXT STORY