ਸਪੋਰਟਸ ਡੈਸਕ- ਆਈ.ਪੀ.ਐੱਲ. 2019 ਦੇ ਸੀਜ਼ਨ 'ਚ ਐਤਵਾਰ ਨੂੰ ਚੇਨਈ ਸੁਪਰ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ 8 ਦੌੜਾਂ ਨਾਲ ਹਰਾ ਦਿੱਤਾ। ਚੇਨਈ ਦੀ ਇਸ ਜਿੱਤ 'ਚ ਸਭ ਸਭ ਤੋਂ ਵੱਡਾ ਯੋਗਦਾਨ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਰਿਹਾ। ਧੋਨੀ ਨੇ 46 ਗੇਂਦਾਂ 'ਚ 4 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 75 ਦੌੜਾਂ ਦੀ ਪਾਰੀ ਖੇਡੀ। ਇਸ ਮੈਚ 'ਚ ਸੁਰੇਸ਼ ਰੈਨਾ ਨੇ ਧੋਨੀ ਦਾ ਪੂਰਾ ਸਾਥ ਦਿੱਤਾ। ਦੋਹਾਂ ਬੱਲੇਬਾਜ਼ਾਂ ਨੇ ਚੌਥੇ ਵਿਕਟ ਲਈ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਇਹ ਸਾਂਝੇਦਾਰੀ ਉਸ ਸਮੇਂ ਬਣੇ ਜਦੋਂ ਚੇਨਈ ਦੇ 27 ਦੌੜਾਂ 'ਤੇ 3 ਵਿਕਟ ਡਿੱਗ ਚੁੱਕੇ ਸਨ। ਹਾਲਾਂਕਿ 14ਵੇਂ ਓਵਰ 'ਚ ਰੈਨਾ ਆਊਟ ਹੋ ਗਏ ਪਰ ਇਸ ਮੈਚ 'ਚ ਉਨ੍ਹਾਂ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ।

ਦਰਅਸਲ ਸੁਰੇਸ਼ ਰੈਨਾ ਦੇਸ਼ ਦੇ ਪਹਿਲੇ ਅਜਿਹੇ ਕ੍ਰਿਕਟਰ ਬਣ ਗਏ ਹਨ, ਜਿਨ੍ਹਾਂ ਨੇ ਭਾਰਤ 'ਚ ਟੀ-20 ਕ੍ਰਿਕਟ 'ਚ 6,000 ਦੌੜਾਂ ਬਣਾਈਆਂ ਹਨ। ਰਾਜਸਥਾਨ ਰਾਇਲਜ਼ ਦੇ ਖਿਲਾਫ ਮੈਚ 'ਚ 36 ਦੌੜਾਂ ਬਣਾਉਣ ਦੇ ਨਾਲ ਹੀ ਉਨ੍ਹਾਂ ਨੇ ਇਹ ਉਪਲਬਧੀ ਹਾਸਲ ਕੀਤੀ। ਇਹ ਸੁਰੇਸ਼ ਰੈਨਾ ਦਾ ਚੇਨਈ ਸੁਪਰ ਕਿੰਗਜ਼ ਵੱਲੋਂ 150ਵਾਂ ਮੈਚ ਸੀ। ਵੈਸੇ, ਰੈਨਾ ਆਈ.ਪੀ.ਐੱਲ. 'ਚ ਕੁਲ 179 ਮੈਚ ਖੇਡ ਚੁੱਕੇ ਹਨ ਜਿਸ 'ਚ 29 ਮੈਚ ਉਨ੍ਹਾਂ ਨੇ 2016 ਅਤੇ 2017 'ਚ ਗੁਜਰਾਤ ਲਾਇਨਜ਼ ਵੱਲੋਂ ਖੇਡੇ ਸਨ। ਜ਼ਿਕਰਯੋਗ ਹੈ ਕਿ ਸੁਰੇਸ਼ ਰੈਨਾ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ 'ਚ 288 ਮੈਚਾਂ 'ਚ 33.16 ਦੀ ਔਸਤ ਨਾਲ 8058 ਦੌੜਾਂ ਬਣਾ ਚੁੱਕੇ ਹਨ। ਆਈ.ਪੀ.ਐੱਲ. 'ਚ ਰੈਨਾ ਨੇ 175 ਪਾਰੀਆਂ 'ਚ 34.25 ਦੀ ਔਸਤ ਨਾਲ 5070 ਦੌੜਾਂ ਬਣਾਈਆਂ ਹਨ, ਜਿਸ 'ਚ 1 ਸੈਂਕੜਾ ਅਤੇ 35 ਅਰਧ ਸੈਂਕੜੇ ਸ਼ਾਮਲ ਹਨ। ਹਾਲ ਹੀ 'ਚ ਰੈਨਾ ਆਈ.ਪੀ.ਐੱਲ.-12 ਦੇ ਓਪਨਿੰਗ ਮੈਚ 'ਚ ਆਰ.ਸੀ.ਬੀ. ਦੇ ਖਿਲਾਫ 5,000 ਆਈ.ਪੀ.ਐੱਲ. ਦੌੜਾਂ ਬਣਾਉਣ ਵਾਲੇ ਪਹਿਲੇ ਕ੍ਰਿਕਟਰ ਬਣੇ ਸਨ।
ਕਦੋਂ ਐਲਾਨੀ ਜਾਵੇਗੀ ਵਰਲਡ ਕੱਪ 2019 ਦੀ ਟੀਮ, ਚੀਫ ਸਿਲੈਕਟਰ ਨੇ ਕੀਤਾ ਖੁਲਾਸਾ
NEXT STORY