ਸਿਡਨੀ : ਮੀਂਹ ਅਤੇ ਖਰਾਬ ਮੌਸਮ ਕਾਰਨ ਚੌਥਾ ਅਤੇ ਆਖਰੀ ਟੈਸਟ ਡਰਾਅ 'ਤੇ ਖਤਮ ਹੋਣ ਦੇ ਨਾਲ ਹੀ ਭਾਰਤ ਨੇ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਉਨ੍ਹਾਂ ਦੀ ਧਰਤੀ 'ਤੇ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤੀ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਆਸਟ੍ਰੇਲੀਆ 'ਚ ਸੀਰੀਜ਼ ਜਿੱਤਣ ਵਾਲੀ ਏਸ਼ੀਆ ਦੀ ਪਹਿਲੀ ਤੇ ਵਿਸ਼ਵ ਦੀ ਪੰਜਵੀਂ ਟੀਮ ਬਣੀ ਗਈ ਹੈ। ਮੀਂਹ ਕਾਰਨ 5ਵੇਂ ਅਤੇ ਆਖਰੀ ਦਿਨ ਖੇਡ ਨਹੀਂ ਹੋ ਸਕਿਆ ਅਤੇ ਅੰਪਾਇਰਾਂ ਨੇ ਲੰਚ ਤੋਂ ਬਾਅਦ ਮੈਚ ਡਰਾਅ ਕਰਨ ਦਾ ਫੈਸਲ ਕੀਤਾ ਜਿਸ ਨਾਲ ਭਾਰਤ ਨੇ 4 ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ। ਇਸ ਤਰ੍ਹਾਂ ਨਾਲ ਭਾਰਤ ਬਾਰਡਰ-ਗਾਵਸਕਰ ਟਰਾਫੀ ਆਪਣੇ ਕੋਲ ਬਰਕਰਾਰ ਰੱਖਣ 'ਚ ਵੀ ਸਫਲ ਰਿਹਾ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਚਾਰ ਮੈਚਾਂ ਦੀ ਟੈਸਟ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ।

ਇਸ ਤੋਂ ਪਹਿਲਾਂ ਚੌਥੇ ਦਿਨ ਆਸਟਰੇਲੀਆ ਨੇ ਆਪਣੀ ਦੂਜੀ ਪਾਰੀ 'ਚ ਦਿਨ ਦੀ ਖੇਡ ਖਤਮ ਹੋਣ ਤਕ ਬਿਨਾ ਵਿਕਟ ਗੁਆਏ 6 ਦੌੜਾਂ ਬਣਾ ਲਈਆਂ ਸੀ। ਆਸਟਰੇਲੀਆ ਆਪਣੀ ਪਹਿਲੀ ਪਾਰੀ 'ਚ 300 ਦੌੜਾਂ 'ਤੇ ਆਲਆਊਟ ਹੋ ਗਈ ਸੀ। ਭਾਰਤੀ ਕਪਤਾਨ ਨੇ ਆਸਟਰੇਲੀਆ ਨੂੰ ਫਾਲੋਆਨ ਦੇਣ ਦਾ ਫੈਸਲਾ ਕੀਤਾ ਸੀ ।ਇਸੇ ਦੇ ਨਾਲ ਵਿਰਾਟ ਬ੍ਰਿਗੇਡ ਨੇ ਪਹਿਲੀ ਪਾਰੀ ਦੇ ਆਧਾਰ 'ਤੇ 316 ਦੌੜਾਂ ਦੀ ਬੜ੍ਹਤ ਬਣਾ ਲਈ ।ਜ਼ਿਕਰਯੋਗ ਹੈ ਕਿ ਟੀਮ ਇੰਡੀਆ ਦੇ ਸਕੋਰ 622/7 'ਤੇ ਪਾਰੀ ਦੇ ਐਲਾਨ ਦੇ ਜਵਾਬ 'ਚ ਆਸਟਰੇਲੀਆ ਦੀ ਪਹਿਲੀ ਪਾਰੀ 300 ਦੌੜਾਂ 'ਤੇ ਢੇਰ ਹੋ ਗਈ। ਇਸ ਤੋਂ ਪਹਿਲਾਂ ਚੌਥੇ ਟੈਸਟ ਦੇ ਚੌਥੇ ਦਿਨ ਦੀ ਖੇਡ ਮੀਂਹ ਦੇ ਚਲਦੇ ਲਗਭਗ ਦੂਜੇ ਸੈਸ਼ਨ ਦੇ ਅੱਧੇ ਸਮੇਂ ਦੇ ਬਾਅਦ ਸ਼ੁਰੂ ਹੋਈ । ਆਸਟਰੇਲੀਆ ਦੀ ਐਤਵਾਰ ਨੂੰ ਸ਼ੁਰੂਆਤ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਵਿਗਾੜੀ। ਉਨ੍ਹਾਂ ਨੇ ਪੈਟ ਕਮਿੰਸ (25) ਨੂੰ ਕਲੀਨ ਬੋਲਡ ਕੀਤਾ। ਕਮਿੰਸ ਆਪਣੇ ਕਲ ਦੇ ਸਕੋਰ 'ਚ ਕੋਈ ਵਾਧਾ ਨਹੀਂ ਕਰ ਸਕੇ। ਇਸ ਤੋਂ ਬਾਅਦ ਪੀਟਰ ਹੈਂਡਸਕਾਂਬ (37) ਨੇ ਸਟਾਰਕ ਨਾਲ ਪਾਰੀ ਸੰਭਾਲਣ ਦੀ ਕੋਸ਼ਿਸ ਕੀਤੀ। ਪਰ ਬੁਮਰਾਹ ਦੀ ਇਕ ਤੇਜ਼ ਰਫਤਾਰ ਦੀ ਇਨਸਵਿੰਗ ਨੇ ਹੈਂਡਸਕਾਂਬ ਨੂੰ ਬੋਲਡ ਕਰਕੇ ਮੇਜ਼ਬਾਨ ਟੀਮ ਦਾ ਅੱਠਵਾਂ ਵਿਕਟ ਝਟਕਾ ਦਿੱਤਾ। ਅਗਲੇ ਹੀ ਓਵਰ 'ਚ ਕੁਲਦੀਪ ਨੇ ਨਾਥਨ ਲੀਓਨ ਨੂੰ ਫੁੱਲਟਾਸ ਗੇਂਦ 'ਤੇ ਐੱਲ.ਬੀ.ਡਬਲਿਊ ਆਊਟ ਕਰਕੇ ਟੀਮ ਇੰਡੀਆ ਨੂੰ 9ਵੀਂ ਸਫਲਤਾ ਦਿਵਾਈ। ਲੀਓਨ ਖਾਤਾ ਵੀ ਨਾ ਖੋਲ੍ਹ ਸਕੇ। ਟੀਮ ਇੰਡੀਆ ਵੱਲੋਂ ਕੁਲਦੀਪ ਯਾਦਵ ਨੇ 5 ਵਿਕਟਾਂ ਝਟਕਾਈਆਂ। ਰਵਿੰਦਰ ਜਡੇਜਾ ਅਤੇ ਮੁਹੰਮਦ ਸ਼ਮੀ ਨੇ 2-2 ਵਿਕਟਾਂ ਝਟਕਾਈਆਂ। ਜਸਪ੍ਰੀਤ ਬੁਮਰਾਹ ਨੂੰ ਇਕ ਸਫਲਤਾ ਮਿਲੀ।

ਭਾਰਤ ਨੇ ਆਪਣੀ ਪਹਿਲੀ ਪਾਰੀ 622 ਦੌੜਾਂ 'ਤੇ ਐਲਾਨੀ। ਤੀਜੇ ਦਿਨ ਦੀ ਖੇਡ 'ਚ ਟੀਮ ਇੰਡੀਆ ਨੂੰ ਪਹਿਲੀ ਸਫਲਤਾ ਕੁਲਦੀਪ ਯਾਦਵ ਨੇ ਦਿਵਾਈ। ਕੁਲਦੀਪ ਨੇ ਉਸਮਾਨ ਖਵਾਜਾ ਨੂੰ ਮਿਡਵਿਕਟ 'ਤੇ ਚੇਤੇਸ਼ਵਰ ਪੁਜਾਰਾ ਦੇ ਹੱਥੋਂ ਕੈਚ ਕਰਾ ਕੇ ਪਵੇਲੀਅਨ ਵਾਪਸ ਭੇਜ ਦਿੱਤਾ। ਖਵਾਜਾ ਨੇ 71 ਗੇਂਦਾਂ 'ਤੇ ਤਿੰਨ ਚੌਕਿਆਂ ਦੇ ਨਾਲ 27 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਬਲੁਸ਼ਾਨ ਅਤੇ ਮਾਰਕਸ ਹੈਰਿਸ ਦੀ ਸਾਂਝੇਦਾਰੀ ਨੂੰ ਤੋੜਨ 'ਚ ਕਾਮਯਾਬ ਹੋਏ ਸਪਿਨ ਗੇਂਦਬਾਜ਼ ਰਵਿੰਦਰ ਜਡੇਜਾ। ਜਡੇਜਾ ਨੇ ਲੰਚ ਦੇ ਬਾਅਦ ਆਪਣੇ ਦੂਜੇ ਹੀ ਓਵਰ 'ਚ ਮਾਰਕਸ ਹੈਰਿਸ (79) ਨੂੰ ਬੋਲਡ ਕਰਕੇ ਕ੍ਰੀਜ਼ ਤੋਂ ਚਲਦਾ ਕੀਤਾ। ਸੈਂਕੜੇ ਤੋਂ ਖੁੰਝੇ ਹੈਰਿਸ ਨੇ ਇਸ ਪਾਰੀ 'ਚ ਕੁਲ 8 ਚੌਕੇ ਲਗਾਏ। ਟੀਮ ਇੰਡੀਆ ਨੂੰ ਤੀਜੀ ਸਫਲਤਾ ਸਪਿਨਰ ਰਵਿੰਦਰ ਜਡੇਜਾ ਨੇ ਦਿਵਾਈ। ਜਡੇਜਾ ਨੇ ਬੱਲੇਬਾਜ਼ ਸ਼ਾਨ ਮਾਰਸ਼ ਨੂੰ ਸਿਰਫ 8 ਦੌੜਾਂ ਦੇ ਨਿੱਜੀ ਸਕੋਰ 'ਤੇ ਸਲਿਪ 'ਤੇ ਖੜ੍ਹੇ ਉਪ ਕਪਤਾਨ ਅਜਿੰਕਯ ਰਹਾਨੇ ਦੇ ਹੱਥੋਂ ਕੈਚ ਆਊਟ ਕਰਾਇਆ ਅਤੇ ਆਸਟਰੇਲੀਆ ਨੂੰ ਤੀਜਾ ਝਟਕਾ ਦਿੱਤਾ। ਇਸ ਤੋਂ ਬਾਅਦ ਮਰਨਸ ਲਬੁਸ਼ਾਨ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ ਮੁਹੰਮਦ ਸ਼ਮੀ ਨੇ। ਸ਼ਮੀ ਨੇ ਲਬੁਸ਼ਾਨ (38) ਨੂੰ ਸ਼ਾਰਟ ਮਿਡ ਵਿਕਟ 'ਤੇ ਖੜ੍ਹੇ ਅਜਿੰਕਯ ਰਹਾਨੇ ਦੇ ਹੱਥੋਂ ਕੈਚ ਆਊਟ ਕਰਵਾਇਆ। ਸ਼ਾਨਦਾਰ ਫਾਰਮ 'ਚ ਨਜ਼ਰ ਆਏ ਲਬੁਸ਼ਾਨ ਨੇ ਪਾਰੀ 'ਚ 7 ਚੌਕੇ ਲਗਾਏ। ਆਸਟਰੇਲੀਆ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਟ੍ਰੇਵਿਸ ਹੇਡ 20 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਆਸਟਰੇਲੀਆ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਆਸਟਰੇਲੀਆਈ ਕਪਤਾਨ ਟਿਮ ਪੇਨ 5 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਪੇਨ ਨੂੰ ਕੁਲਦੀਪ ਯਾਦਵ ਨੇ ਬੋਲਡ ਕੀਤਾ।

ਇਸ ਤੋਂ ਪਹਿਲਾਂ ਭਾਰਤ ਨੇ ਦੂਜੇ ਦਿਨ ਦੀ ਪਹਿਲੀ ਪਾਰੀ 7 ਵਿਕਟਾਂ 'ਤੇ 622 ਦੌੜਾਂ 'ਤੇ ਐਲਾਨੀ। ਰਿਸ਼ਭ ਪੰਤ 159 ਦੌੜਾਂ ਬਣਾ ਕੇ ਅਜੇਤੂ ਰਹੇ। ਚੇਤੇਸ਼ਵਰ ਪੁਜਾਰਾ ਵਿਦੇਸ਼ 'ਚ ਆਪਣਾ ਦੋਹਰਾ ਸੈਂਕੜਾ ਲਗਾਉਣ ਤੋਂ ਖੁੰਝੇ ਗਏ। ਰਵਿੰਦਰ ਜਡੇਜਾ 81 ਦੌੜਾਂ ਬਣਾ ਕੇ ਆਊਟ ਹੋਏ।ਟੀਮ ਇੰਡੀਆ ਨੂੰ ਸਿਡਨੀ ਟੈਸਟ ਦੇ ਦੂਜੇ ਦਿਨ ਭਾਵ ਸ਼ੁੱਕਰਵਾਰ ਨੂੰ ਹਨੁਮਾ ਵਿਹਾਰੀ ਦੇ ਰੂਪ 'ਚ ਪਹਿਲਾ ਝਟਕਾ ਲੱਗਾ। ਹਨੁਮਾ ਵਿਹਾਰੀ 42 ਦੌੜਾਂ ਦੇ ਨਿੱਜੀ ਸਕੋਰ 'ਤੇ ਨਾਥਨ ਲਿਓਨ ਦੀ ਗੇਂਦ 'ਤੇ ਮਾਰਨਸ ਲੈਬੁਸ਼ੇਨ ਹੱਥੋਂ ਕੈਚ ਹੋ ਕੇ ਆਊਟ ਹੋਏ। ਇਸ ਤੋਂ ਬਾਅਦ ਚੇਤੇਸ਼ਵਰ ਪੁਜਾਰਾ ਨੇ ਰਿਸ਼ਭ ਪੰਤ ਦੇ ਨਾਲ ਛੇਵੇਂ ਵਿਕਟ ਲਈ 89 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਇੰਡੀਆ ਨੂੰ 400 ਦੌੜਾਂ ਦੇ ਪਾਰ ਪਹੁੰਚਾਇਆ। ਪੁਜਾਰਾ ਦੋਹਰੇ ਸੈਂਕੜੇ ਦੇ ਬੇਹੱਦ ਕਰੀਬ ਸਨ ਪਰ ਨਾਥਨ ਲੀਓਨ ਦੀ ਇਕ ਗੇਂਦ ਨੇ ਉਨ੍ਹਾਂ ਦੇ ਅਰਮਾਨਾਂ 'ਤੇ ਪਾਣੀ ਫੇਰ ਦਿੱਤਾ। ਪੁਜਾਰਾ ਨੇ 22 ਚੌਕਿਆਂ ਦੀ ਮਦਦ ਨਾਲ 193 ਦੌੜਾਂ ਬਣਾਈਆਂ। ਪੁਜਾਰਾ ਨੇ 9 ਘੰਟੇ 7 ਮਿੰਟ ਕ੍ਰੀਜ਼ 'ਤੇ ਬਿਤਾਉਂਦੇ ਹੋਏ ਇਹ ਪਾਰੀ ਖੇਡੀ। ਲਿਓਨ ਨੇ ਆਪਣੀ ਹੀ ਗੇਂਦ 'ਤੇ ਪੁਜਾਰਾ ਦਾ ਕੈਚ ਫੜਿਆ। ਜਦਕਿ ਰਵਿੰਦਰ ਜਡੇਜਾ 81 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਊਟ ਹੋਏ।

ਇਸ ਤੋਂ ਪਹਿਲਾਂ ਆਸਟਰੇਲੀਆ ਦੇ ਖਿਲਾਫ ਵੀਰਵਾਰ ਤੋਂ ਸ਼ੁਰੂ ਹੋਏ ਚੌਥੇ ਅਤੇ ਅੰਤਿਮ ਟੈਸਟ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਨਿਰਾਸ਼ਾਜਨਕ ਸੀ। ਕੇ.ਐੱਲ. ਰਾਹੁਲ (9) ਇਕ ਵਾਰ ਫਿਰ ਵੱਡੀ ਪਾਰੀ ਖੇਡਣ 'ਚ ਅਸਫਲ ਰਹੇ ਅਤੇ ਮਿਲੇ ਮੌਕੇ ਦਾ ਲਾਹਾ ਨਾ ਲੈ ਸਕੇ। ਜੋਸ਼ ਹੇਜ਼ਲਵੁੱਡ ਦੀ ਗੇਂਦ 'ਤੇ ਮਾਰਸ਼ ਨੇ ਉਨ੍ਹਾਂ ਦਾ ਕੈਚ ਫੜਿਆ। ਪਹਿਲਾ ਵਿਕਟ ਛੇਤੀ ਡਿੱਗਣ ਦੇ ਬਾਅਦ ਮਯੰਕ ਅਗਰਵਾਲ (77) ਅਤੇ ਚੇਤੇਸ਼ਵਰ ਪੁਜਾਰਾ ਨੇ ਕੰਗਾਰੂ ਗੇਂਦਬਾਜ਼ਾਂ ਦੀ ਖਬਰ ਲੈਣਾ ਸ਼ੁਰੂ ਕੀਤਾ। ਦੋਹਾਂ ਨੇ ਦੂਜੇ ਵਿਕਟ ਲਈ 116 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਵਿਚਾਲੇ ਮਯੰਕ ਨੇ ਆਪਣਾ ਦੂਜਾ ਅਰਧ ਸੈਂਕੜਾ ਪੂਰਾ ਕੀਤਾ। ਨਾਥਨ ਲੀਓਨ ਨੇ ਮਿਸ਼ੇਲ ਸਟਾਰਕ ਦੇ ਹੱਥੋਂ ਕੈਚ ਆਊਟ ਕਰਾ ਕੇ ਮਯੰਕ ਦੀ ਪਾਰੀ ਦਾ ਅੰਤ ਕੀਤਾ। ਮਯੰਕ ਨੇ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 77 ਦੌੜਾਂ ਬਣਾਈਆਂ। ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਵਿਰਾਟ ਕੋਹਲੀ 23 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਵਿਰਾਟ ਹੇਜ਼ਲਵੁੱਡ ਦੀ ਗੇਂਦ 'ਤੇ ਟਿਮ ਪੇਨ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਰਹਾਨੇ ਵੀ ਕੁਝ ਕਮਾਲ ਨਾ ਕਰ ਸਕੇ ਅਤੇ 18 ਦੌੜਾਂ ਦੇ ਨਿੱਜੀ ਸਕੋਰ 'ਤੇ ਮਿਸ਼ੇਲ ਸਟਾਰਕ ਦੀ ਗੇਂਦ 'ਤੇ ਟਿਮ ਪੇਨ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ।
ਦੱ. ਅਫਰੀਕਾ ਦੇ ਕਪਤਾਨ ਡੂ ਪਲੇਸਿਸ ਤੀਜੇ ਟੈਸਟ ਮੈਚ 'ਚ ਮੁਅੱਤਲ
NEXT STORY