ਸਪੋਰਟਸ ਡੈਸਕ- ਬੰਗਲਾਦੇਸ਼ ਨੇ ਟੀ-20 ਸੀਰੀਜ਼ 'ਚ ਇੰਗਲੈਂਡ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। 2022 'ਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਇੰਗਲੈਂਡ ਨੂੰ ਟੀ-20 ਸੀਰੀਜ਼ 'ਚ ਬੰਗਲਾਦੇਸ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੰਗਲਾਦੇਸ਼ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਇੰਗਲੈਂਡ ਨੂੰ ਲਗਾਤਾਰ ਦੋ ਮੈਚਾਂ 'ਚ ਹਰਾ ਕੇ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਮੇਜ਼ਬਾਨ ਬੰਗਲਾਦੇਸ਼ ਨੇ ਪਹਿਲੇ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਅਤੇ ਦੂਜੇ ਮੈਚ ਵਿੱਚ 4 ਵਿਕਟਾਂ ਨਾਲ ਹਰਾਇਆ ਸੀ। ਦੂਜੇ ਮੈਚ ਵਿੱਚ ਬੰਗਲਾਦੇਸ਼ ਦੇ ਆਲਰਾਊਂਡਰ ਮੇਹਦੀ ਹਸਨ ਮਿਰਾਜ ਟੀਮ ਲਈ ਗੇਮ ਚੇਂਜਰ ਸਾਬਤ ਹੋਏ।
ਮੇਹਿਦੀ ਹਸਨ ਮਿਰਾਜ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ 4 ਓਵਰਾਂ 'ਚ ਸਿਰਫ 12 ਦੌੜਾਂ ਦੇ ਕੇ 4 ਵਿਕਟਾਂ ਲਈਆਂ ਅਤੇ ਬਾਅਦ 'ਚ ਆਪਣੀ ਟੀਮ ਲਈ 5ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ 2 ਛੱਕਿਆਂ ਦੀ ਮਦਦ ਨਾਲ 20 ਦੌੜਾਂ ਦੀ ਅਹਿਮ ਪਾਰੀ ਖੇਡੀ। ਸੀਰੀਜ਼ ਦਾ ਦੂਜਾ ਮੈਚ ਢਾਕਾ ਦੇ ਸ਼ੇਰੇ ਬੰਗਲਾ ਨੈਸ਼ਨਲ ਸਟੇਡੀਅਮ 'ਚ ਖੇਡਿਆ ਗਿਆ।
ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ 20 ਓਵਰਾਂ 'ਚ 117/10 ਦੌੜਾਂ ਹੀ ਬਣਾ ਸਕੀ। ਟੀਮ ਲਈ ਬੇਨ ਡਕੇਟ ਨੇ 2 ਚੌਕਿਆਂ ਦੀ ਮਦਦ ਨਾਲ 28 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਇਸ ਤੋਂ ਇਲਾਵਾ ਫਿਲਿਪ ਸਾਲਟ ਨੇ 19 ਗੇਂਦਾਂ 'ਚ 3 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 25 ਦੌੜਾਂ ਜੋੜੀਆਂ। ਇਸ ਦੇ ਨਾਲ ਹੀ ਮੋਇਨ ਅਲੀ ਨੇ 15, ਸੈਮ ਕੁਰਾਨ ਨੇ 12 ਅਤੇ ਰੇਹਾਨ ਅਹਿਮਦ ਨੇ 11 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਦੋਹਰਾ ਅੰਕੜਾ ਪਾਰ ਨਹੀਂ ਕਰ ਸਕਿਆ।
ਬੰਗਲਾਦੇਸ਼ ਤੋਂ ਸ਼ਾਨਦਾਰ ਗੇਂਦਬਾਜ਼ੀ ਦੇਖਣ ਨੂੰ ਮਿਲੀ। ਮੇਹਦੀ ਹਸਨ ਮਿਰਾਜ ਨੇ 4 ਓਵਰਾਂ 'ਚ 12 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਸ ਤੋਂ ਇਲਾਵਾ ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ, ਹਸਨ ਮਹਿਮੂਦ ਅਤੇ ਕਪਤਾਨ ਸ਼ਾਕਿਬ ਅਲ ਹਸਨ ਨੇ 1-1 ਵਿਕਟ ਲਈ।
118 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਸ਼ੁਰੂਆਤ 'ਚ ਹੀ ਫਿੱਕੀ ਨਜ਼ਰ ਆਈ। ਟੀਮ ਦੇ ਦੋਵੇਂ ਸਲਾਮੀ ਬੱਲੇਬਾਜ਼ 9-9 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਤੀਜੇ ਨੰਬਰ 'ਤੇ ਆਏ ਨਜਮੁਲ ਹੁਸੈਨ ਸ਼ਾਂਤੋ ਨੇ 3 ਚੌਕਿਆਂ ਦੀ ਮਦਦ ਨਾਲ 46 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਟੀਮ ਨੂੰ ਜਿੱਤ ਦੀ ਦਹਿਲੀਜ਼ 'ਤੇ ਪਹੁੰਚਾਇਆ। ਇਸ ਤੋਂ ਇਲਾਵਾ ਮੇਹਦੀ ਹਸਨ ਮਿਰਾਜ ਨੇ 2 ਛੱਕਿਆਂ ਦੀ ਮਦਦ ਨਾਲ ਟੀਮ ਲਈ 20 ਦੌੜਾਂ ਜੋੜੀਆਂ।
ਫ੍ਰੈਂਚ ਲੀਗ : ਐਮਬਾਪੇ ਦੇ ਗੋਲ ਦੀ ਮਦਦ ਨਾਲ PSG ਨੇ ਬ੍ਰੇਸਟ ਨੂੰ 2-1 ਨਾਲ ਹਰਾਇਆ
NEXT STORY