ਰਾਜਕੋਟ- ਕਪਤਾਨ ਰੋਹਿਤ ਸ਼ਰਮਾ ਵੀਰਵਾਰ ਨੂੰ ਬੰਗਲਾਦੇਸ਼ ਖਿਲਾਫ ਆਪਣੇ ਕਰੀਅਰ ਦੇ 100ਵੇਂ ਟੀ-20 ਅੰਤਰਰਾਸ਼ਟਰੀ ਮੈਚ 'ਚ ਭਾਰਤੀ ਟੀਮ ਨੂੰ ਬੰਗਲਾਦੇਸ਼ ਖਿਲਾਫ ਇਥੇ ਹਰ ਹਾਲ 'ਚ ਜਿੱਤ ਨਾਲ ਸੀਰੀਜ਼ 'ਚ ਬਰਾਬਰੀ ਦਿਵਾਉਣ ਦੇ ਇਰਾਦੇ ਨਾਲ ਉਤਰੇਗਾ। ਭਾਰਤ ਨੂੰ ਦਿੱਲੀ 'ਚ ਹੋਏ ਸੀਰੀਜ਼ ਦੇ ਪਹਿਲੇ ਟੀ-20 ਮੁਕਾਬਲੇ 'ਚ 7 ਵਿਕਟਾਂ ਨਾਲ ਹਾਰ ਝੱਲਣੀ ਪਈ ਸੀ, ਜੋ ਉਸ ਦੀ ਬੰਗਲਾਦੇਸ਼ ਖਿਲਾਫ ਇਸ ਫਾਰਮੈੱਟ 'ਚ ਪਹਿਲੀ ਹਾਰ ਵੀ ਸੀ । ਇਸ ਦੇ ਨਾਲ ਮਹਿਮਾਨ ਟੀਮ ਨੇ 3 ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ ਅਤੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਹੋਣ ਵਾਲੇ ਦੂਜੇ ਮੈਚ 'ਚ ਉਸ ਲਈ 'ਕਰੋ ਜਾਂ ਮਰੋ' ਦੀ ਸਥਿਤੀ ਹੋਵੇਗੀ।
ਹਾਲਾਂਕਿ ਇਸ ਮੈਚ 'ਤੇ ਚੱਕਰਵਾਤ ਦਾ ਖਤਰਾ ਮੰਡਰਾਅ ਰਿਹਾ ਹੈ, ਜਿਸ ਨਾਲ ਮੈਚ ਦੇ ਦਿਨ ਮੀਂਹ ਦੀ ਸੰਭਾਵਨਾ ਹੈ ਪਰ ਦੋਵਾਂ ਟੀਮਾਂ ਲਈ ਰਾਜਕੋਟ 'ਚ ਮੁਕਾਬਲਾ ਮਹੱਤਵਪੂਰਨ ਹੋਵੇਗਾ, ਜਿਥੇ ਆਪਣੇ ਘਰੇਲੂ ਬੋਰਡ ਨਾਲ ਵਿਵਾਦਾਂ 'ਚ ਘਿਰੀ ਬੰਗਲਾਦੇਸ਼ ਦੀ ਟੀਮ ਭਾਰਤੀ ਟੀਮ ਨੂੰ ਉਸ ਦੇ ਮੈਦਾਨ 'ਤੇ ਪਹਿਲੀ ਵਾਰ ਟੀ-20 'ਚ ਹਰਾ ਕੇ ਸੀਰੀਜ਼ ਜਿੱਤਣ ਦਾ ਇਤਿਹਾਸ ਬਣਾਉਣ ਲਈ ਜ਼ੋਰ ਲਾਏਗੀ, ਉਥੇ ਹੀ ਰੋਹਿਤ ਆਪਣੀ ਕਪਤਾਨੀ 'ਚ ਹਰ ਹਾਲ ਵਿਚ ਭਾਰਤ ਨੂੰ ਸ਼ਰਮਨਾਕ ਹਾਰ ਤੋਂ ਬਚਾ ਕੇ 1-1 ਨਾਲ ਬਰਾਬਰੀ ਦਿਵਾਉਣ ਦੀ ਕੋਸ਼ਿਸ਼ ਕਰੇਗਾ।
ਦਿੱਲੀ 'ਚ ਹੋਏ ਪਿਛਲੇ ਮੁਕਾਬਲੇ 'ਚ ਮਹਿਮਾਨ ਟੀਮ ਦੀ ਗੇਂਦਬਾਜ਼ੀ ਕਾਫੀ ਹਮਲਾਵਰ ਰਹੀ ਅਤੇ ਕਪਤਾਨ ਮਹਿਮੂਦਉੱਲ੍ਹਾ ਨੇ ਆਪਣੇ 8 ਖਿਡਾਰੀਆਂ ਨੂੰ ਗੇਂਦਬਾਜ਼ੀ 'ਚ ਉਤਾਰ ਦਿੱਤਾ। ਗੇਂਦਬਾਜ਼ ਸ਼ਫੀਉਲ ਇਸਲਾਮ ਅਤੇ ਅਮੀਨੁਲ ਇਸਲਾਮ ਇਸ ਮੈਚ 'ਚ 2-2 ਵਿਕਟਾਂ ਨਾਲ ਸਭ ਤੋਂ ਸਫਲ ਰਹੇ ਸਨ। ਮਹਿਮਾਨ ਟੀਮ ਦੇ ਗੇਂਦਬਾਜ਼ਾਂ ਨੇ ਭਾਰਤ ਦੇ ਮਜ਼ਬੂਤ ਬੱਲੇਬਾਜ਼ੀ ਕ੍ਰਮ ਨੂੰ 148 ਦੇ ਨਿੱਜੀ ਸਕੋਰ 'ਤੇ ਰੋਕ ਦਿੱਤਾ ਅਤੇ ਬੱਲੇਬਾਜ਼ਾਂ ਨੇ ਇਸ ਦਾ ਬਾਖੂਬੀ ਬਚਾਅ ਵੀ ਕੀਤਾ।

ਰੋਹਿਤ ਨੇ ਦਿੱਤੇ ਬਦਲਾਅ ਦੇ ਸੰਕੇਤ
ਇੰਡੀਅਨ ਕੇਅਰਟੇਕਰ ਕਪਤਾਨ ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਖਿਲਾਫ ਖੇਡੇ ਜਾਣ ਵਾਲੇ ਦੂਜੇ ਮਹੱਤਵਪੂਰਨ ਟੀ-20 ਮੁਕਾਬਲੇ ਲਈ ਅੰਤਿਮ ਇਲੈਵਨ 'ਚ ਬਦਲਾਅ ਦੇ ਸੰਕੇਤ ਦਿੱਤੇ। ਰੋਹਿਤ ਨੇ ਸੌਰਾਸ਼ਟਰ ਕ੍ਰਿਕਟ ਸੰਘ 'ਚ ਖੇਡੇ ਜਾਣ ਵਾਲੇ ਮੈਚ ਦੀ ਪੂਰਬਲੀ ਸ਼ਾਮ 'ਤੇ ਬੁੱਧਵਾਰ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਉਹ ਬਦਲਾਅ ਕਰਨ ਬਾਰੇ ਸੋਚ ਰਿਹਾ ਹੈ ਪਰ ਇਹ ਰਾਜਕੋਟ ਦੀ ਪਿੱਚ 'ਤੇ ਨਿਰਭਰ ਕਰਦਾ ਹੈ । ਰੋਹਿਤ ਨੇ ਕਿਹਾ, ''ਸਾਡੀ ਬੱਲੇਬਾਜ਼ੀ ਚੰਗੀ ਹੈ ਅਤੇ ਮੈਨੂੰ ਨਹੀਂ ਲੱਗਦਾ ਇਸ 'ਚ ਬਦਲਾਅ ਦੀ ਲੋੜ ਹੈ ਪਰ ਅਸੀਂ ਪਿੱਚ ਦੀ ਸਮੀਖਿਆ ਕਰਾਂਗੇ ਅਤੇ ਉਸ ਦੇ ਹਿਸਾਬ ਨਾਲ ਟੀਮ ਦੇ ਹਿੱਤ 'ਚ ਫੈਸਲਾ ਲਵਾਂਗੇ। ਅਸੀਂ ਜਿਨ੍ਹਾਂ ਤੇਜ਼ ਗੇਂਦਬਾਜ਼ਾਂ ਨੂੰ ਦਿੱਲੀ 'ਚ ਉਤਾਰਿਆ ਸੀ, ਉਹ ਉੱਥੇ ਦੀ ਪਿੱਚ ਅਨੁਸਾਰ ਸੀ ਅਤੇ ਰਾਜਕੋਟ ਦੀ ਪਿੱਚ ਉੱਤੇ ਗੇਂਦਬਾਜ਼ਾਂ ਦੀ ਚੋਣ ਕਰਾਂਗੇ।''
ਸੰਭਾਵਤ ਟੀਮਾਂ—
ਭਾਰਤ— ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਸ਼ਿਵਮ ਦੁਬੇ, ਕਰੁਣਾਲ ਪਾਂਡਯਾ, ਖਲੀਲ ਅਹਿਮਦ, ਯੁਜਵੇਂਦਰ ਚਹਿਲ, ਦੀਪਕ ਚਾਹਰ, ਰਾਹੁਲ ਚਾਹਰ, ਸੰਜੂ ਸੈਮਸਨ, ਸ਼ਾਰਦੁਲ ਠਾਕੁਰ, ਵਾਸ਼ਿੰਗਟਨ ਸੁੰਦਰ 'ਚੋਂ ।
ਬੰਗਲਾਦੇਸ਼— ਮਹਿਮੂਦਉੱਲ੍ਹਾ (ਕਪਤਾਨ), ਲਿਟਨ ਦਾਸ, ਸੌਮਿਆ ਸਰਕਾਰ, ਨਈਮ ਸ਼ੇਖ, ਮੁਸ਼ਫਿਕੁਰ ਰਹੀਮ, ਮੁਹੰਮਦ ਮਿਥੁਨ, ਆਫਿਫ ਹੁਸੈਨ, ਮੋਸਦੇਕ ਹੁਸੈਨ, ਅਮੀਨ ਇਸਲਾਮ, ਅਰਾਫਾਤ ਸਾਨੀ, ਤਯਾਜੁਲ ਇਸਲਾਮ, ਮੁਸਤਾਫਿਜ਼ੁਰ ਰਹਿਮਾਨ, ਸ਼ਫੀਉਲ ਇਸਲਾਮ, ਅਬੂ ਹੈਦਰ, ਅਲ ਅਮੀਨ ਹੁਸੈਨ 'ਚੋਂ।
ਬੈਸੋਆ ਨੇ ਅੰਡਰ-16 ਵਿਜੇ ਮਰਚੈਂਟ ਟਰਾਫੀ 'ਚ ਹਾਸਲ ਕੀਤੀ ਇਹ ਉਪਲੱਬਧੀ
NEXT STORY