ਜਲੰਧਰ (ਮਹੇਸ਼)- ਜਗ ਬਾਣੀ ਦੇ ਵਿਸ਼ੇਸ਼ ਸਹਿਯੋਗ ਨਾਲ ਪੰਜਾਬ ਦੇ ਨਾਮਵਰ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਵਾਸੀ ਭਾਰਤੀਆਂ, ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਸੰਸਥਾਵਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ 8ਵੀਂ ਐਜੂਕੇਸ਼ਨਲ ਫੁੱਟਬਾਲ ਤੇ ਕਬੱਡੀ ਲੀਗ ਦਾ ਸਮਾਪਤੀ ਸਮਾਰੋਹ ਇਤਿਹਾਸਕ ਹੋ ਨਿੱਬੜਿਆ। ਤਿੰਨ ਮਹੀਨਿਆਂ ਤਕ ਚੱਲੀ ਇਸ ਲੀਗ 'ਚ ਤਕਰੀਬਨ 5000 ਦੇ ਕਰੀਬ ਲੜਕਿਆਂ ਅਤੇ ਲੜਕੀਆਂ ਨੇ ਫੁੱਟਬਾਲ, ਰੈਸਲਿੰਗ ਤੇ ਕਬੱਡੀ ਖੇਡਾਂ 'ਚ ਹਿੱਸਾ ਲਿਆ।
ਸਮਾਪਤੀ ਸਮਾਰੋਹ ਦੀ ਸ਼ੁਰੂਆਤ ਉਮਰ ਵਰਗ 14 ਸਾਲ ਲੜਕਿਆਂ ਦੇ ਫਾਈਨਲ ਮੈਚ ਨਾਲ ਕੀਤੀ ਗਈ, ਜਿਸ 'ਚ ਜਮਸ਼ੇਰ ਨੇ ਪਹਿਲਾ ਅਤੇ ਗੁਰਾਇਆ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ 'ਚ ਰੁੜਕਾ ਕਲਾਂ ਨੇ ਬੁੰਡਾਲਾ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।
ਨਾਰਥ ਇੰਡੀਆ ਕਬੱਡੀ ਫੈੱਡਰੇਸ਼ਨ ਟੀਮਾਂ ਦੇ ਕਰਵਾਏ ਗਏ ਵਾਈ. ਐੱਫ. ਸੀ. ਰੁੜਕਾ ਕਲਾਂ ਕਬੱਡੀ ਕੱਪ ਨੂੰ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਾਣੂਆਂ ਨੇ 2 ਲੱਖ 50 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦੇ ਜੇਤੂ ਬਣਦੇ ਹੋਏ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਨੂੰ ਹਰਾ ਕੇ ਫਾਈਨਲ ਮੁਕਾਬਲਾ ਆਪਣੇ ਨਾਂ ਕੀਤਾ । ਸਾਰੇ ਮੈਚਾਂ ਵਿਚ ਕੁਲ 8 ਬੈਸਟ ਖਿਡਾਰੀਆਂ ਦਾ ਮੋਟਰਸਾਈਕਲਾਂ ਨਾਲ ਸਨਮਾਨ ਕੀਤਾ ਗਿਆ। ਰੁੜਕਾ ਕਲਾਂ ਦੇ ਫੁੱਟਬਾਲ ਅਤੇ ਕਬੱਡੀ ਖਿਡਾਰੀਆਂ ਦਾ ਵੀ 2 ਮੋਟਰਸਾਈਕਲਾਂ ਨਾਲ ਸਨਮਾਨ ਕੀਤਾ ਗਿਆ। ਪੂਰੀ ਲੀਗ ਵਿਚ ਵੀ ਵਧੀਆ ਪ੍ਰਦਰਸ਼ਨ ਕਰਨ ਵਾਲੇ ਹਰੇਕ ਉਮਰ ਵਰਗ ਦੇ ਫੁੱਟਬਾਲ ਖਿਡਾਰੀਆਂ ਨੂੰ ਸਾਈਕਲ ਦੇ ਸਨਮਾਨਿਤ ਕੀਤਾ ਗਿਆ। ਇਸ ਸਮੇਂ 1000 ਤੋਂ ਵੱਧ ਬੱਚਿਆਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ। ਇਸ ਤੋਂ ਇਲਾਵਾ ਖੇਡਾਂ ਦੇ ਖੇਤਰ 'ਚ ਮੱਲਾਂ ਮਾਰਨ ਵਾਲੇ ਤੇ ਲੀਗ ਦੇ ਜੇਤੂ ਖਿਡਾਰੀਆਂ ਦਾ ਵੀ ਸਨਮਾਨ ਕੀਤਾ ਗਿਆ।

ਇਸ ਮੌਕੇ ਸਖਜਿੰਦਰ ਸਿੰਘ ਰੰਧਾਵਾ (ਕੈਬਨਿਟ ਮੰਤਰੀ) ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਉਚੇਚੇ ਤੌਰ 'ਤੇ ਪਹੁੰਚੇ ਬੀਬੀ ਰਣਵੀਰ ਕੌਰ (ਕਰਾਊਨ ਨਟ) ਕੈਲੀਫੋਰਨੀਆ ਦਾ ਸਨਮਾਨ ਕੀਤਾ ਗਿਆ ਅਤੇ ਡਾ. ਪੀ. ਐੈੱਲ. ਗੌਤਮ, ਡਾ. ਮਨਜਿੰਦਰ ਸਿੱਧੂ ਅਤੇ ਬਲਬੀਰ ਸਿੰਘ ਸੰਧੂ (ਡੀ. ਐੱਸ. ਪੀ.) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪਿੰਡ ਦੇ ਵਿਕਾਸ ਲਈ 10 ਲੱਖ ਰੁੜਕਾ ਕਲਾਂ ਦੀ ਗ੍ਰਾਮ ਪੰਚਾਇਤ ਅਤੇ ਪਿੰਡ 'ਚ ਸਰਕਾਰੀ ਸਕੂਲ ਰੁੜਕਾ ਕਲਾਂ ਨੂੰ ਸਮਾਰਟ ਸਕੂਲ ਦੀ ਤਰਜ਼ 'ਤੇ ਬਣਾਉਣ ਦਾ ਐਲਾਨ ਕੀਤਾ ਗਿਆ। ਅੰਤ 'ਚ ਗੈਰੀ ਸੰਧੂ ਤੇ ਬਲਰਾਜ ਦੀ ਮੇਜ਼ਬਾਨੀ ਵਾਲੇ ਸੱਭਿਆਚਾਰਕ ਪ੍ਰੋਗਰਾਮ ਵਿਚ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਸਤਿੰਦਰ ਸਰਤਾਜ ਨੇ ਹਜ਼ਾਰਾਂ ਲੋਕਾਂ ਨੂੰ ਆਪਣੀ ਗਾਇਕੀ ਨਾਲ ਕੀਲਿਆ।
ਅਮਿਤ, ਨਿਖਿਤ, ਮੀਨਾ ਨੇ ਜਿੱਤੇ ਸੋਨ ਤਮਗੇ, ਪੁਲਵਾਮਾ ਦੇ ਸ਼ਹੀਦਾਂ ਨੂੰ ਕੀਤੇ ਸਮਰਪਿਤ
NEXT STORY