ਸਪੋਰਟਸ ਡੈਸਕ- ਆਸਟ੍ਰੇਲੀਆ ਦੇ ਸਾਬਕਾ ਮਹਾਨ ਬੱਲੇਬਾਜ਼ ਡੇਮਿਅਨ ਮਾਰਟਿਨ (54) ਦੀ ਹਾਲਤ ਬੇਹੱਦ ਨਾਜ਼ੁਕ ਹੈ ਅਤੇ ਉਹ ਬ੍ਰਿਸਬੇਨ ਦੇ ਇੱਕ ਹਸਪਤਾਲ ਵਿੱਚ ਇੰਡਿਊਸਡ ਕੋਮਾ (Induced Coma) ਵਿੱਚ ਹਨ। ਮਾਰਟਿਨ ਇੱਕ ਗੰਭੀਰ ਬਿਮਾਰੀ ਮੇਨਿਨਜਾਈਟਿਸ (Meningitis) ਨਾਲ ਜੂਝ ਰਹੇ ਹਨ, ਜੋ ਦਿਮਾਗ ਅਤੇ ਰੀੜ੍ਹ ਦੀ ਹੱਡੀ ਨਾਲ ਜੁੜੀ ਇੱਕ ਖ਼ਤਰਨਾਕ ਇਨਫੈਕਸ਼ਨ ਹੈ।
ਅਚਾਨਕ ਵਿਗੜੀ ਤਬੀਅਤ
ਮਾਰਟਿਨ ਨੂੰ ਤਬੀਅਤ ਖਰਾਬ ਹੋਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਇਨਫੈਕਸ਼ਨ ਨੂੰ ਕੰਟਰੋਲ ਕਰਨ ਅਤੇ ਉਨ੍ਹਾਂ ਦੇ ਸਰੀਰ ਨੂੰ ਆਰਾਮ ਦੇਣ ਲਈ ਉਨ੍ਹਾਂ ਨੂੰ ਕੋਮਾ ਵਿੱਚ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਵਧੀਆ ਡਾਕਟਰੀ ਸਹਾਇਤਾ ਮਿਲ ਰਹੀ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਮਿਲ ਰਹੀਆਂ ਦੁਆਵਾਂ ਲਈ ਧੰਨਵਾਦ ਕੀਤਾ ਹੈ। ਮਾਰਟਿਨ ਦੇ ਪੁਰਾਣੇ ਸਾਥੀ ਖਿਡਾਰੀ ਐਡਮ ਗਿਲਕ੍ਰਿਸਟ ਨੇ ਵੀ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਨੂੰ ਇੱਕ ਮਜ਼ਬੂਤ ਇਨਸਾਨ ਦੱਸਿਆ ਹੈ।

ਸ਼ਾਨਦਾਰ ਕ੍ਰਿਕਟ ਕਰੀਅਰ
ਡੇਮਿਅਨ ਮਾਰਟਿਨ ਆਸਟ੍ਰੇਲੀਆਈ ਕ੍ਰਿਕਟ ਦੇ ਸਭ ਤੋਂ ਭਰੋਸੇਮੰਦ ਮੱਧ-ਕ੍ਰਮ ਦੇ ਬੱਲੇਬਾਜ਼ਾਂ ਵਿੱਚੋਂ ਇੱਕ ਰਹੇ ਹਨ। ਡੇਮਿਅਨ ਮਾਰਟਿਨ 1999 ਤੇ 2003 ਵਰਲਡ ਕੱਪ ਜਿਤਾਉਣ ਵਾਲੀ ਆਸਟ੍ਰੇਲੀਆਈ ਟੀਮ ਦਾ ਹਿੱਸਾ ਰਹੇ ਹਨ। ਉਨ੍ਹਾਂ ਨੇ 2003 ਦੇ ਵਿਸ਼ਵ ਕੱਪ ਫਾਈਨਲ ਵਿੱਚ ਭਾਰਤ ਵਿਰੁੱਧ ਟੁੱਟੀ ਹੋਈ ਉਂਗਲ ਦੇ ਬਾਵਜੂਦ ਨਾਬਾਦ 88 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ ਸੀ। ਉਹ 2004 ਦੀ ਬਾਰਡਰ-ਗਾਵਸਕਰ ਟਰਾਫੀ ਜਿੱਤਣ ਵਾਲੀ ਆਸਟ੍ਰੇਲੀਆਈ ਟੀਮ ਦਾ ਅਹਿਮ ਹਿੱਸਾ ਸਨ ਅਤੇ ਉਸ ਸੀਰੀਜ਼ ਵਿੱਚ ਉਨ੍ਹਾਂ ਨੂੰ 'ਪਲੇਅਰ ਆਫ ਦ ਸੀਰੀਜ਼' ਚੁਣਿਆ ਗਿਆ ਸੀ।
ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 67 ਟੈਸਟ (ਔਸਤ 46 ਤੋਂ ਵੱਧ) ਅਤੇ 208 ਵਨਡੇ ਮੈਚ ਖੇਡੇ ਹਨ। ਮਾਰਟਿਨ ਨੂੰ ਉਨ੍ਹਾਂ ਦੇ ਸ਼ਾਨਦਾਰ ਅਤੇ ਸਹਿਜ ਸ਼ਾਟ ਖੇਡਣ ਦੇ ਅੰਦਾਜ਼ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਨੇ 2006 ਵਿੱਚ ਅਚਾਨਕ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਇਸ ਸਮੇਂ ਪੂਰਾ ਕ੍ਰਿਕਟ ਜਗਤ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਿਹਾ ਹੈ।
ਮਸ਼ਹੂਰ ਕ੍ਰਿਕਟਰ ਦਾ ਹੋਇਆ ਦਿਹਾਂਤ, ਖੇਡ ਜਗਤ 'ਚ ਪਸਰਿਆ ਸੋਗ
NEXT STORY