ਨਵੀਂ ਦਿੱਲੀ— ਭਾਰਤ ਦੀ ਚੋਟੀ ਦੀ ਬੈਡਮਿੰਟਨ ਖਿਡਾਰਨ ਸਾਈਨਾ ਨੇਹਵਾਲ ਨੇ ਕਿਹਾ ਕਿ ਅਗਲੇ ਸਾਲ ਓਲੰਪਿਕ 'ਚ ਬੈਡਮਿੰਟਨ ਮੁਕਾਬਲੇ ਪਿਛਲੇ 3 ਮੁਕਾਬਲਿਆਂ ਦੀ ਤੁਲਨਾ 'ਚ ਮੁਸ਼ਕਿਲ ਹੋਵੇਗਾ ਤੇ ਉਹ ਟੋਕੀਓ 2020 ਲਈ ਆਪਣੀ ਫਿਟਨੈੱਸ ਤੇ ਖੇਡ 'ਚ ਸੁਧਾਰ ਕਰਨ 'ਤੇ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸਾਈਨਾ 2015 'ਚ ਵਿਸ਼ਵ ਰੈਂਕਿੰਗ 'ਚ ਸ਼ਿਖਰ 'ਤੇ ਸੀ ਪਰ 2016 'ਚ ਗੋਡੇ ਦੀ ਸਰਜ਼ਰੀ ਤੋਂ ਬਾਅਦ ਉਹ ਚੋਟੀ 'ਤੇ ਪਹੁੰਚਣ ਲਈ ਸਖਤ ਮਿਹਨਤ ਕਰ ਰਹੀ ਹੈ। ਸਾਈਨਾ ਨੇ ਕਿਹਾ ਕਿ ਹਾਂ ਇਹ (2020 ਉਲੰਪਿਕ) ਪਿਛਲੇ ਤਿੰਨ ਉਲੰਪਿਕ ਦੀ ਤੁਲਨਾ 'ਚ ਬਹੁਤ ਮੁਸ਼ਕਿਲ ਹੋਵੇਗਾ। ਚੀਨ ਦੇ ਖਿਡਾਰੀ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਤੋਂ ਬਿਨ੍ਹਾਂ ਕਈ ਹੋਰ ਮਹਿਲਾ ਖਿਡਾਰੀ ਵੀ ਸ਼ਾਨਦਾਰ ਲੈਅ 'ਚ ਹਨ
ਇਹ ਬਹੁਤ ਫਸਵਾਂ ਮੁਕਾਬਲਾ ਹੋਣ ਵਾਲਾ ਹੈ। ਸਾਈਨਾ ਨੇ ਕਿਹਾ ਕਿ ਮੇਰਾ ਧਿਆਨ ਅਜੇ ਓਲੰਪਿਕ ਜਾਂ ਉਸ ਲਈ ਕੁਆਲੀਫਆਈ ਕਰਨ 'ਤੇ ਨਹੀਂ ਹੈ। ਮੇਰਾ ਧਿਆਨ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ, ਖੇਡ 'ਚ ਸੁਧਾਰ ਕਰਨ ਤੇ ਖੁਦ ਨੂੰ ਸੱਟਾਂ ਤੋਂ ਦੂਰ ਰੱਖਣ 'ਤੇ ਹੈ। ਭਾਰਤ ਨੂੰ ਜੇਕਰ ਓਲੰਪਿਕ 'ਚ ਮਹਿਲਾ ਸਿੰਗਲਜ਼ 'ਚ 2 ਖਿਡਾਰੀਆਂ ਨੂੰ ਭੇਜਣਾ ਹੈ ਤਾਂ ਦੋਵਾਂ ਨੂੰ ਰੈਂਕਿੰਗ 'ਚ ਸਿਖਰਲੇ 16 'ਚ ਆਪਣੀ ਜਗ੍ਹਾਂ ਮਜ਼ਬੂਤ ਕਰਨੀ ਹੋਵੇਗੀ। ਟੋਕੀਓ 2020 ਸਾਈਨਾ ਦਾ ਚੌਥਾ ਓਲੰਪਿਕ ਮੁਕਾਬਲਾ ਹੋਵੇਗਾ, ਇਸ ਤੋਂ ਪਹਿਲਾਂ ਉਹ 2008, 2012, 2016 'ਚ ਇਨ੍ਹਾਂ ਖੇਡਾਂ 'ਚ ਹਿੱਸਾ ਲੈ ਚੁੱਕੀ ਹੈ। ਲੰਡਨ ਓਲੰਪਿਕ 2012 'ਚ ਉਸ ਨੇ ਕਾਂਸੀ ਤਮਗਾ ਜਿੱਤਿਆ ਸੀ।
ਮੇਸੀ ਦੇ ਦੋਹਰੇ ਗੋਲ ਨਾਲ ਬਾਰਸੀਲੋਨਾ ਦੀ ਐਸਪਾਨਯੋਲ 'ਤੇ 2-0 ਦੀ ਜਿੱਤ
NEXT STORY