ਬ੍ਰਿਸਬੇਨ– ਭਾਰਤੀ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਆਸਟ੍ਰੇਲੀਆ ਵਿਚ ਟੀ-20 ਕੌਮਾਂਤਰੀ ਲੜੀ ਵਿਚ ਟੀਮ ਦੀ 2-1 ਦੀ ਜਿੱਤ ਤੋਂ ਬਾਅਦ ‘ਇੰਪੈਕਟ ਪਲੇਅਰ ਆਫ ਦਿ ਸੀਰੀਜ਼’ ਦਾ ਐਵਾਰਡ ਮਿਲਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਵੱਲੋਂ ਐਤਵਾਰ ਨੂੰ ਪੋਸਟ ਕੀਤੇ ਗਏ ‘ਡ੍ਰੈਸਿੰਗ ਰੂਮ ਬੀ. ਟੀ. ਐੱਸ.’ ਸਿਰਲੇਖ ਵਾਲੀ ਵੀਡੀਓ ਵਿਚ ਜਦੋਂ ਟੀਮ ਸੀ. ਓ. ਏ. ਰਾਹਿਲ ਖਾਜਾ ਨੇ ਉਸ ਨੂੰ ਇਹ ਐਵਾਰਡ ਪ੍ਰਦਾਨ ਕੀਤਾ ਤਾਂ ਸੁੰਦਰ ਮੁਸਕਰਾਉਂਦੇ ਹੋਏ ਨਜ਼ਰ ਆਇਆ। 26 ਸਾਲਾ ਸੁੰਦਰ ਨੇ ਲੜੀ ਦੇ ਸਭ ਤੋਂ ਪ੍ਰਭਾਵਾਲੀ ਖਿਡਾਰੀ ਦਾ ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਕਿਹਾ, ‘‘ਇੱਥੇ ਆਉਣਾ ਤੇ ਆਸਟ੍ਰੇਲੀਆ ਵਿਚ ਖੇਡਣ ਦਾ ਮੌਕਾ ਮਿਲਣਾ ਅਦਭੁੱਤ ਹੈ। ਟੀਮ ਦੀ ਜਿੱਤ ਵਿਚ ਯੋਗਦਾਨ ਦੇ ਕੇ ਮੈਨੂੰ ਬਹੁਤ ਖੁਸ਼ੀ ਹੋਈ।’’
ਭਾਰਤ ਦੀ ਟੀ-20 ਕੌਮਾਂਤਰੀ ਲੜੀ ਵਿਚ ਜਿੱਤ ਦੌਰਾਨ ਸੁੰਦਰ ਦੇ ਪ੍ਰਦਰਸ਼ਨ ਨੇ ਟੀਮ ਲਈ ਉਸਦੀ ਉਪਯੋਗਿਤਾ ਸਾਬਤ ਕੀਤੀ। ਹੋਬਾਰਟ ਵਿਚ ਤੀਜੇ ਟੀ-20 ਕੌਮਾਂਤਰੀ ਮੈਚ ਵਿਚ ਹਾਲਾਂਕਿ ਸੁੰਦਰ ਨੂੰ ਗੇਂਦਬਾਜ਼ ਦੇ ਰੂਪ ਵਿਚ ਇਸਤੇਮਾਲ ਨਹੀਂ ਕੀਤਾ ਗਿਆ ਸੀ ਤੇ ਉਸ ਨੂੰ ਬੱਲੇਬਾਜ਼ੀ ਕ੍ਰਮ ਵਿਚ ਉੱਪਰ ਭੇਜਿਆ ਗਿਆ। ਇਸ ਵਿਚ ਉਸ ਨੇ 23 ਗੇਂਦਾਂ ਵਿਚ 4 ਛੱਕਿਆਂ ਤੇ 3 ਚੌਕਿਆਂ ਦੀ ਮਦਦ ਨਾਲ 49 ਦੌੜਾਂ ਬਣਾ ਕੇ ਮੈਚ ਜੇਤੂ ਪਾਰੀ ਖੇਡੀ ਤੇ ਭਾਰਤ ਨੂੰ 5 ਵਿਕਟਾਂ ਨਾਲ ਜਿੱਤ ਦਿਵਾਈ, ਜਿਸ ਨਾਲ ਲੜੀ 1-1 ਨਾਲ ਬਰਾਬਰ ਹੋ ਗਈ। ਫਿਰ ਚੌਥੇ ਮੈਚ ਵਿਚ ਉਸ ਨੂੰ ਆਖਰੀ ਓਵਰਾਂ ਤੱਕ ਗੇਂਦ ਨਹੀਂ ਦਿੱਤੀ ਗਈ ਪਰ ਉਸ ਨੇ 2 ਓਵਰਾਂ ਵਿਚ 5 ਗੇਂਦਾਂ ’ਤੇ 3 ਵਿਕਟਾਂ ਲੈ ਕੇ ਆਸਟ੍ਰੇਲੀਆ ਨੂੰ ਢੇਰ ਕਰ ਦਿੱਤਾ ਜਿਸ ਨਾਲ ਭਾਰਤ 48 ਦੌੜਾਂ ਨਾਲ ਜਿੱਤ ਗਿਆ। ਇਸ ਜਿੱਤ ਨੇ ਆਖਿਰ ਵਿਚ ਸੂਰਯਕੁਮਾਰ ਯਾਦਵ ਦੀ ਅਗਵਾਈ ਵਾਲੀ ਟੀਮ ਨੂੰ ਲੜੀ 2-1 ਨਾਲ ਜਿੱਤਣ ਵਿਚ ਮਦਦ ਕੀਤੀ ਕਿਉਂਕਿ ਸ਼ਨੀਵਾਰ ਨੂੰ ਗਾਬਾ ਵਿਚ 5ਵਾਂ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ।
ਸੁੰਦਰ ਦਾ ਟੀ-20 ਕੌਮਾਂਤਰੀ ਦੇ 57 ਮੈਚ ਵਿਚ ਰਿਕਾਰਡ ਪ੍ਰਭਾਵਸ਼ਾਲੀ ਹੈ। ਉਸਦੀ ਗੇਂਦਬਾਜ਼ੀ ਔਸਤ 22 ਤੋਂ ਥੋੜ੍ਹਾ ਜ਼ਿਆਦਾ ਹੈ, ਜਿਸ ਵਿਚ ਉਸਦੀ ਇਕਾਨਮੀ 7 ਤੋਂ ਘੱਟ ਹੈ। ਉਸਦੀ ਬੱਲੇਬਾਜ਼ੀ ਸਟ੍ਰਾਈਕ ਰੇਟ 134 ਤੋਂ ਵੱਧ ਹੈ। ਉਹ ਟੈਸਟ ਮੈਚਾਂ ਵਿਚ ਵੀ ਟੀਮ ਇੰਡੀਆ ਲਈ ਉਪਯੋਗੀ ਸਾਬਤ ਹੋਇਆ ਹੈ। ਉਸ ਨੇ 15 ਮੈਚਾਂ ਵਿਚ 35 ਵਿਕਟਾਂ ਲਈਆਂ ਹਨ, ਜਿਸ ਵਿਚ 3 ਵਾਰ 4 ਤੇ ਇਕ ਵਾਰ 5 ਵਿਕਟਾਂ ਲੈਣਾ ਸ਼ਾਮਲ ਹਨ। ਉਸ ਨੇ 44.76 ਦੀ ਔਸਤ ਨਾਲ 1 ਸੈਂਕੜਾ ਤੇ 5 ਅਰਧ ਸੈਂਕੜੇ ਲਾਏ ਹਨ।
‘ਇੰਪੈਕਟ ਪਲੇਅਰ ਆਫ ਦਿ ਸੀਰੀਜ਼’ ਇਕ ਨਵਾਂ ਸਨਮਾਨ ਹੈ, ਜਿਸ ਨੂੰ ਬੀ. ਸੀ. ਸੀ. ਆਈ. ਨੇ ਦੋ-ਪੱਖੀ ਲੜੀ ਵਿਚ ਫੈਸਲਾਕੁੰਨ ਯੋਗਦਾਨ ਦੇਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸ਼ੁਰੂ ਕੀਤਾ ਹੈ। ਅਕਤੂਬਰ ਵਿਚ ਆਸਟ੍ਰੇਲੀਆ ਵਿਰੁੱਧ ਪਿਛਲੀ ਵਨ ਡੇ ਲੜੀ ਵਿਚ ਭਾਰਤੀ ਟੀਮ ਦੇ ਧਾਕੜ ਰੋਹਿਤ ਸ਼ਰਮਾ ਨੂੰ ਵੀ ਇਹ ਐਵਾਰਡ ਮਿਲਿਆ ਸੀ।
T20 World Cup 2026: ਇਸ ਤਾਰੀਖ਼ ਤੋਂ ਹੋਵੇਗੀ ਵਿਸ਼ਵ ਕੱਪ ਦੀ ਸ਼ੁਰੂਆਤ? ਇੱਥੇ ਹੋਵੇਗਾ ਓਪਨਿੰਗ ਤੇ ਫਾਈਨਲ ਮੈਚ
NEXT STORY