ਸਾਊਥੰਪਟਨ– ਓਪਨਰ ਕ੍ਰੇਗ ਬ੍ਰੈੱਥਵੇਟ (65) ਤੇ ਵਿਕਟਕੀਪਰ ਸ਼ੇਨ ਡਾਓਰਿਚ (61) ਦੇ ਸ਼ਾਨਦਾਰ ਅਰਧ ਸੈਂਕੜਿਆਂ ਤੇ ਹੋਰਨਾਂ ਬੱਲੇਬਾਜ਼ਾਂ ਦੇ ਉਪਯੋਗੀ ਯੋਗਦਾਨ ਨਾਲ ਵੈਸਟਇੰਡੀਜ਼ ਨੇ ਮੇਜ਼ਬਾਨ ਇੰਗਲੈਂਡ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ 318 ਦੌੜਾਂ ਬਣਾ ਕੇ ਪਹਿਲੀ ਪਾਰੀ ਵਿਚ 114 ਦੌੜਾਂ ਦੀ ਮੱਹਤਵਪੂਰਨ ਬੜ੍ਹਤ ਹਾਸਲ ਕਰ ਲਈ। ਇੰਗਲੈਂਡ ਨੇ ਪਹਿਲੀ ਪਾਰੀ ਵਿਚ 67.3 ਓਵਰਾਂ ਵਿਚ 204 ਦੌੜਾਂ ਬਣਾਈਆਂ ਸਨ। ਵੈਸਟਇੰਡੀਜ਼ ਨੇ ਸਵੇਰੇ ਇਕ ਵਿਕਟ 'ਤੇ 57 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਤੇ ਲੰਚ ਤਕ 3 ਵਿਕਟਾਂ 'ਤੇ 159 ਦੌੜਾਂ ਅਤੇ ਚਾਹ ਦੀ ਬ੍ਰੇਕ ਤਕ 5 ਵਿਕਟਾਂ 'ਤੇ 235 ਦੌੜਾਂ ਬਣਾਈਆਂ ਸਨ। ਵਿੰਡੀਜ਼ ਦੀ ਪਾਰੀ ਤੀਜੇ ਸੈਸ਼ਨ ਵਿਚ 102 ਓਵਰਾਂ ਵਿਚ 318 ਦੌੜਾਂ 'ਤੇ ਖਤਮ ਹੋਈ।
ਇੰਗਲੈਂਡ ਨੇ ਆਪਣੀ ਦੂਜੀ ਪਾਰੀ ਵਿਚ ਦਿਨ ਦੀ ਖੇਡ ਖਤਮ ਤਕ 10 ਓਵਰਾਂ ਵਿਚ ਬਿਨਾਂ ਕੋਈ ਵਿਕਟ ਗੁਆਏ 15 ਦੌੜਾਂ ਬਣਾ ਲਈਆਂ ਹਨ। ਇੰਗਲੈਂਡ ਅਜੇ ਵੀ ਵਿੰਡੀਜ਼ ਦੇ ਸਕੋਰ ਤੋਂ 99 ਦੌੜਾਂ ਪਿੱਛੇ ਹੈ। ਸਟੰਪਸ ਦੇ ਸਮੇਂ ਰੋਰੀ ਬਰਨਸ 10 ਤੇ ਡਾਮ ਸਿਬਲੇ 5 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ। ਕੌਮਾਂਤਰੀ ਕ੍ਰਿਕਟ ਦੀ 117 ਦਿਨਾਂ ਦੇ ਫਰਕ ਤੋਂ ਬਾਅਦ ਇਸ ਮੈਚ ਰਾਹੀਂ ਵਾਪਸੀ ਹੋਈ ਹੈ। ਪਹਿਲੇ ਦਿਨ ਦੀ ਖੇਡ ਮੀਂਹ ਕਾਰਣ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ ਜਦਕਿ ਦੂਜੇ ਦਿਨ ਤੀਜੇ ਸੈਸ਼ਨ ਵਿਚ ਖਰਾਬ ਰੌਸ਼ਨੀ ਨੇ ਅੜਿੱਕਾ ਪਾਇਆ। ਤੀਜੇ ਦਿਨ ਅੱਜ ਪੂਰੀ ਖੇਡ ਹੋਈ, ਜਿਸ ਵਿਚ ਵੈਸਟਇੰਡੀਜ਼ ਮਜ਼ਬੂਤ ਸਥਿਤੀ ਵਿਚ ਪਹੁੰਚ ਗਿਆ ਹੈ।
ਬ੍ਰੈੱਥਵੇਟ ਨੇ 125 ਗੇਂਦਾਂ 'ਤੇ 6 ਚੌਕਿਆਂ ਦੀ ਮਦਦ ਨਾਲ 65 ਦੌੜਾਂ ਤੇ ਡਾਓਰਿਚ ਨੇ 115 ਗੇਂਦਾਂ ਵਿਚ 8 ਚੌਕਿਆਂ ਦੀ ਮਦਦ ਨਾਲ 61 ਦੌੜਾਂ ਬਣਾਈਆਂ। ਵਿੰਡੀਜ਼ ਦੇ ਸਕੋਰ ਵਿਚ ਵਾਧੂ 22 ਦੌੜਾਂ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ। ਇੰਗਲੈਂਡ ਵਲੋਂ ਕਪਤਾਨ ਬੇਨ ਸਟੋਕਸ ਨੇ 49 ਦੌੜਾਂ 'ਤੇ 4 ਵਿਕਟਾਂ, ਜੇਮਸ ਐਂਡਰਸਨ ਨੇ 62 ਦੌੜਾਂ 'ਤੇ 3 ਵਿਕਟਾਂ ਤੇ ਆਫ ਸਪਿਨਰ ਡਾਮ ਬੇਸ ਨੇ 51 ਦੌੜਾਂ 'ਤੇ ਦੋ ਵਿਕਟਾਂ ਹਾਸਲ ਕੀਤੀਆਂ । ਵੈਸਟਇੰਡੀਜ਼ ਦੀ ਪਾਰੀ ਵਿਚ ਦੋ ਮਹੱਤਵਪੂਰਨ ਸਾਂਝੇਦਾਰੀਆਂ ਹੋਈਆਂ। ਬ੍ਰੈੱਥਵੇਟ ਤੇ ਹੋਪ ਨੇ ਦੂਜੀ ਵਿਕਟ ਲਈ 59 ਦੌੜਾਂ ਦੀ ਸਾਂਝੇਦਾਰੀ ਕੀਤੀ ਜਦਕਿ ਚੇਜ਼ ਤੇ ਡਾਓਰਿਚ ਨੇ 6ਵੀਂ ਵਿਕਟ ਲਈ 81 ਦੌੜਾਂ ਜੋੜ ਕੇ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ।
ਭਾਰਤ ਦੀਆਂ ਚੋਟੀ ਦੀਆਂ ਖਿਡਾਰਨ ਬੀਬੀਆਂ ਫਿਡੇ ਸਪੀਡ ਗ੍ਰਾਂ. ਪ੍ਰੀ. 'ਚੋਂ ਬਾਹਰ
NEXT STORY