ਡਰਬੀ— ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦਾ 14ਵਾਂ ਮੈਚ ਭਾਰਤ ਅਤੇ ਸ਼੍ਰੀਲੰਕਾ ਖਿਲਾਫ ਖੇਡਿਆ ਗਿਆ। ਦੀਪਤੀ ਸ਼ਰਮਾ (78) ਤੇ ਕਪਤਾਨ ਮਿਤਾਲੀ ਰਾਜ (53) ਦੇ ਸ਼ਾਨਦਾਰ ਅਰਧ ਸੈਂਕੜਿਆਂ ਅਤੇ ਗੇਂਦਬਾਜ਼ਾਂ ਦੇ ਸਟੀਕ ਪ੍ਰਦਰਸ਼ਨ ਦੇ ਦਮ 'ਤੇ ਭਾਰਤ ਨੇ ਸ਼੍ਰੀਲੰਕਾ ਨੂੰ ਬੁੱਧਵਾਰ ਨੂੰ 16 ਦੌੜਾਂ ਨਾਲ ਹਰਾ ਕੇ ਮਹਿਲਾ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਵਿਚ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਤੇ ਸੈਮੀਫਾਈਨਲ ਲਈ ਆਪਣੀ ਦਾਅਵੇਦਾਰੀ ਪੱਕੀ ਕਰ ਲਈ।
ਭਾਰਤ ਨੇ ਨਿਰਧਾਰਤ 50 ਓਵਰਾਂ ਵਿਚ 8 ਵਿਕਟਾਂ 'ਤੇ 232 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਸ਼੍ਰੀਲੰਕਾ ਨੂੰ 7 ਵਿਕਟਾਂ 'ਤੇ 216 ਦੌੜਾਂ 'ਤੇ ਰੋਕ ਲਿਆ। ਭਾਰਤ ਦੇ ਇਸ ਜਿੱਤ ਤੋਂ ਬਾਅਦ 8 ਅੰਕ ਹੋ ਗਏ ਹਨ ਤੇ ਉਹ ਸਾਬਕਾ ਚੈਂਪੀਅਨ ਆਸਟ੍ਰੇਲੀਆ ਦੀ ਬਰਾਬਰੀ 'ਤੇ ਪਹੁੰਚ ਗਿਆ।
ਦੀਪਤੀ ਤੇ ਮਿਤਾਲੀ ਨੇ ਤੀਜੀ ਵਿਕਟ ਲਈ 26 ਓਵਰਾਂ ਵਿਚ 118 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ ਤੇ ਭਾਰਤ ਨੂੰ ਦੋ ਵਿਕਟਾਂ 'ਤੇ 38 ਦੌੜਾਂ ਦੀ ਨਾਜ਼ੁਕ ਸਥਿਤੀ ਤੋਂ ਉਭਾਰ ਲਿਆ। ਹਾਲਾਂਕਿ ਇਸ ਜ਼ਬਰਦਸਤ ਸਾਂਝੇਦਾਰੀ ਤੋਂ ਬਾਅਦ ਭਾਰਤ ਨੇ ਫਿਰ 13 ਦੌੜਾਂ ਦੇ ਫਰਕ ਵਿਚ ਦੀਪਤੀ, ਝੂਲਨ ਗੋਸਵਾਮੀ ਤੇ ਕਪਤਾਨ ਮਿਤਾਲੀ ਦੀਆਂ ਵਿਕਟਾਂ ਗੁਆ ਦਿੱਤੀਆਂ ਤੇ ਭਾਰਤ ਦਾ ਸਕੋਰ ਇਕ ਝਟਕੇ ਵਿਚ ਦੋ ਵਿਕਟਾਂ 'ਤੇ 156 ਦੌੜਾਂ ਤੋਂ 5 ਵਿਕਟਾਂ 'ਤੇ 169 ਦੌੜਾਂ ਹੋ ਗਿਆ। ਦੀਪਤੀ ਨੇ 110 ਗੇਂਦਾਂ 'ਤੇ 78 ਦੌੜਾਂ ਵਿਚ 10 ਚੌਕੇ ਲਗਾਏ, ਜਦਕਿ ਮਿਤਾਲੀ ਨੇ 78 ਗੇਂਦਾਂ 'ਤੇ 53 ਦੌੜਾਂ ਵਿਚ ਚਾਰ ਚੌਕੇ ਲਗਾਏ। ਮਿਤਾਲੀ ਲਗਾਤਾਰ ਅੱਠ ਸੈਂਕੜਿਆਂ ਦਾ ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ ਪਿਛਲੇ ਮੈਚ ਵਿਚ ਸਸਤੇ ਵਿਚ ਆਊਟ ਹੋ ਗਈ ਸੀ ਪਰ ਇਸ ਮੈਚ ਵਿਚ ਉਸ ਨੇ ਫਿਰ ਲੈਅ ਵਿਚ ਪਰਤਦੇ ਹੋਏ ਆਪਣਾ 48ਵਾਂ ਅਰਧ ਸੈਂਕੜਾ ਬਣਾ ਦਿੱਤਾ। ਇਸ ਦੇ ਨਾਲ ਹੀ ਦੀਪਤੀ ਨੇ ਵਨ ਡੇ ਦੌੜਾਂ ਦੀ ਗਿਣਤੀ 5959 ਕਰ ਲਈ। 19 ਸਾਲ ਦੀ ਦੀਪਤੀ ਨੇ ਆਪਣਾ ਛੇਵਾਂ ਅਰਧ ਸੈਂਕੜਾ ਬਣਾਇਆ।
ਇਸ ਤੋਂ ਪਹਿਲਾਂ ਸਮ੍ਰਿਤੀ ਮੰਧਾਨਾ 8 ਤੇ ਪੂਨਮ ਰਾਊਤ 16 ਦੌੜਾਂ ਬਣਾ ਕੇ ਆਊਟ ਹੋਈਆਂ। ਝੂਲਨ ਗੋਸਵਾਮੀ 9 ਦੌੜਾਂ ਹੀ ਬਣਾ ਸਕੀ। ਦੀਪਤੀ ਦੀ ਵਿਕਟ 156 ਦੇ ਸਕੋਰ 'ਤੇ ਡਿੱਗੀ ਜਦਕਿ ਝੂਲਨ ਤੇ ਮਿਤਾਲੀ ਦੀ ਵਿਕਟ 169 ਦੌੜਾਂ ਦੇ ਸਕੋਰ 'ਤੇ ਡਿੱਗੀ।
ਹਰਮਨਪ੍ਰੀਤ ਕੌਰ (20) ਤੇ ਵੇਦਾ ਕ੍ਰਿਸ਼ਣਾਮੂਰਤੀ (29) ਨੇ ਛੇਵੀਂ ਵਿਕਟ ਲਈ 50 ਦੌੜਾਂ ਜੋੜੀਆਂ ਪਰ ਇਸ ਸਾਂਝੇਦਾਰੀ ਤੋਂ ਬਾਅਦ ਭਾਰਤ ਨੇ ਫਿਰ 11 ਦੌੜਾਂ ਦੇ ਫਰਕ ਵਿਚ ਤਿੰਨ ਵਿਕਟਾਂ ਗੁਆ ਦਿੱਤੀਆਂ। ਹਰਮਨਪ੍ਰੀਤ ਤੇ ਕ੍ਰਿਸ਼ਣਾਮੂਰਤੀ ਦੀਆਂ ਵਿਕਟਾਂ 49ਵੇਂ ਓਵਰ ਵਿਚ ਲਗਾਤਾਰ ਦੋ ਗੇਂਦਾਂ 'ਤੇ ਡਿੱਗੀਆਂ। ਹਰਮਨਪ੍ਰੀਤ ਨੇ ਇਕ ਚੌਕਾ ਤੇ ਕ੍ਰਿਸ਼ਣਾਮੂਰਤੀ ਨੇ ਚਾਰ ਚੌਕੇ ਲਗਾਏ। ਸੁਸ਼ਮਾ ਵਰਮਾ 11 ਦੌੜਾਂ 'ਤੇ ਅਜੇਤੂ ਰਹੀ। ਸ਼੍ਰੀਲੰਕਾ ਵੱਲੋਂ ਸ਼੍ਰੀਪਲੀ ਵੀਰਾਕੋਡੀ ਨੇ 28 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।
ਟੀਚੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਇਕ ਸਮੇਂ 3 ਵਿਕਟਾਂ 'ਤੇ 130 ਦੌੜਾਂ ਬਣਾ ਕੇ ਚੰਗੀ ਸਥਿਤੀ ਵਿਚ ਸੀ ਪਰ ਫਿਰ ਭਾਰਤ ਨੇ 13 ਦੌੜਾਂ ਦੇ ਅੰਦਰ ਦੋ ਵਿਕਟਾਂ ਲੈ ਕੇ ਸ਼੍ਰੀਲੰਕਾ 'ਤੇ ਜਿਹੜਾ ਦਬਾਅ ਬਣਾਇਆ, ਉਸ ਤੋਂ ਸ਼੍ਰੀਲੰਕਾ ਉਭਰ ਨਹੀਂ ਸਕਿਆ। ਝੂਲਨ ਗੋਸਵਾਮੀ ਨੇ 26 ਦੌੜਾਂ ਦੇ ਕੇ ਦੋ ਵਿਕਟਾਂ, ਪੂਨਮ ਯਾਦਵ ਨੇ 23 ਦੌੜਾਂ 'ਤੇ ਦੋ ਵਿਕਟਾਂ, ਦੀਪਤੀ ਸ਼ਰਮਾ ਨੇ 46 ਦੌੜਾਂ 'ਤੇ ਇਕ ਵਿਕਟ ਤੇ ਏਕਤਾ ਬਿਸ਼ਟ ਨੇ 48 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ।
ਸ਼੍ਰੀਲੰਕਾ ਵਲੋਂ ਦਿਲਾਨੀ ਮਨੋਦਰਾ ਨੇ ਸਭ ਤੋਂ ਵੱਧ 61, ਸ਼ਸ਼ੀਕਲਾ ਸਿਰੀਵਰਦਨੇ ਨੇ 37 ਤੇ ਨਿਪੁਨੀ ਹੰਸਿਕਾ ਨੇ 29 ਦੌੜਾਂ ਬਣਾਈਆਂ।
ਦੇਸ਼ 'ਚ ਪਹਿਲੀ ਵਾਰ ਹਿਊਮਨ ਗ੍ਰੋਥ ਹਾਰਮੋਨ ਡੋਪਿੰਗ ਦਾ ਕੇਸ, ਇਹ ਨੈਸ਼ਨਲ ਵੇਟ ਲਿਫਟਰ ਫਸੀ
NEXT STORY