ਨਵੀਂ ਦਿੱਲੀ— ਕੋਈ ਖੇਤੀ ਮਜ਼ਦੂਰ ਹੈ ਤਾਂ ਕੋਈ ਘਰਾਂ 'ਚ ਦੁੱਧ ਵੇਚਦਾ ਹੈ। ਕੋਈ ਆਰਕੈਸਟਰਾ ਵਿਚ ਗਾ ਕੇ ਗੁਜ਼ਾਰਾ ਕਰਦਾ ਹੈ। ਇਹ ਕਹਾਣੀ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਨੇਤਰਹੀਣ ਕ੍ਰਿਕਟ ਟੀਮ ਦੇ ਮੈਂਬਰਾਂ ਦੀ ਹੈ। ਉਹ ਉਸ ਦੇਸ਼ ਵਿਚ ਤੰਗਹਾਲੀ ਨਾਲ ਜੂਝ ਰਹੇ ਹਨ, ਜਿਥੇ 2 ਦਿਨ ਬਾਅਦ ਆਈ. ਪੀ. ਐੱਲ. ਨਿਲਾਮੀ ਵਿਚ ਕ੍ਰਿਕਟਰਾਂ 'ਤੇ ਕਰੋੜਾਂ ਰੁਪਏ ਦੀ ਬਾਰਿਸ਼ ਹੋਣ ਵਾਲੀ ਹੈ।
ਸ਼ਾਰਜਾਹ 'ਚ ਪਾਕਿਸਤਾਨ ਨੂੰ ਹਰਾ ਕੇ ਦੂਸਰੀ ਵਾਰ ਵਨ ਡੇ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ 17 ਮੈਂਬਰਾਂ 'ਚੋਂ 12 ਕੋਲ ਪੱਕਾ ਰੁਜ਼ਗਾਰ ਹੀ ਨਹੀਂ। ਇਨ੍ਹਾਂ ਵਿਚੋਂ 7 ਵਿਆਹੇ ਹੋਏ ਵੀ ਹਨ। ਵੱਖ-ਵੱਖ ਕੰਮ ਕਰ ਕੇ ਗੁਜ਼ਾਰਾ ਕਰਨ ਵਾਲੇ ਇਨ੍ਹਾਂ ਖਿਡਾਰੀਆਂ ਦੀ ਕਮਾਈ 'ਤੇ ਗਾਜ ਡਿਗਦੀ ਹੈ, ਜਦੋਂ ਉਹ ਖੇਡਣ ਲਈ ਬਾਹਰ ਰਹਿੰਦੇ ਹਨ।
ਬੰਗਲਾਦੇਸ਼ ਖਿਲਾਫ ਸੈਮੀਫਾਈਨਲ ਵਿਚ 'ਮੈਨ ਆਫ ਦਿ ਮੈਚ' ਰਿਹਾ ਵਲਸਾੜ ਦਾ ਗਣੇਸ਼ ਮੂੰਡਕਰ 2014 ਤੋਂ ਟੀਮ ਦਾ ਹਿੱਸਾ ਹੈ ਅਤੇ 2 ਵਿਸ਼ਵ ਕੱਪ, 1 ਏਸ਼ੀਆ ਕੱਪ ਅਤੇ 1 ਟਵੰਟੀ-20 ਵਿਸ਼ਵ ਕੱਪ ਜਿੱਤ ਚੁੱਕਾ ਹੈ। ਮਾਤਾ-ਪਿਤਾ ਖੇਤ 'ਚ ਮਜ਼ਦੂਰੀ ਕਰਦੇ ਹਨ। ਉਹ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਆਰਥਿਕ ਸਥਿਤੀ ਖਰਾਬ ਹੋਣ ਕਾਰਨ ਛੋਟੇ ਭਰਾ ਨੂੰ ਪੜ੍ਹਾਈ ਵੀ ਛੁਡਵਾਉਣੀ ਪਈ। ਆਂਧਰਾ ਪ੍ਰਦੇਸ਼ ਦੇ ਕੂਰਨੂਲ ਜ਼ਿਲੇ ਦੇ ਪ੍ਰੇਮ ਕੁਮਾਰ ਬੀ ਵਨ ਸ਼੍ਰੇਣੀ ਦਾ ਪੂਰਨ ਨੇਤਰਹੀਣ ਹੈ ਅਤੇ ਆਰਕੈਸਟਰਾ 'ਚ ਗਾ ਕੇ ਗੁਜ਼ਾਰਾ ਕਰਦਾ ਹੈ। ਗੁਜਰਾਤ ਦੇ ਹੀ ਵਲਸਾੜ 'ਚ ਰਹਿਣ ਵਾਲੇ ਅਨਿਲ ਆਰੀਆ ਦੇ ਪਰਿਵਾਰ ਵਿਚ ਦਾਦਾ-ਦਾਦੀ, ਮਾਤਾ-ਪਿਤਾ, ਪਤਨੀ ਅਤੇ 2 ਬੱਚੇ ਹਨ, ਜਦਕਿ ਮਹੀਨੇ ਦੀ ਕਮਾਈ ਸਿਰਫ 12 ਹਜ਼ਾਰ ਰੁਪਏ ਹੈ। ਪਿਤਾ ਵੀ ਕਦੀ ਖੇਤਾਂ ਵਿਚ ਮਜ਼ਦੂਰੀ ਕਰਦਾ ਹੈ, ਜਦਕਿ ਅਨਿਲ ਦੁੱਧ ਵੇਚਦਾ ਹੈ। ਇਹ ਹਾਲ ਉਨ੍ਹਾਂ ਖਿਡਾਰੀਆਂ ਦਾ ਹੈ, ਜਿਨ੍ਹਾਂ ਨੇ ਪਿਛਲੇ 59 ਮਹੀਨਿਆਂ 'ਚ 2 ਵਨ ਡੇ ਵਿਸ਼ਵ ਕੱਪ, 1 ਏਸ਼ੀਆ ਕੱਪ ਅਤੇ 4 ਦੋ-ਪੱਖੀ ਲੜੀਆਂ ਜਿੱਤੀਆਂ ਹਨ।
ਮਿਕਸਡ ਡਬਲਜ਼ ਸੈਮੀਫਾਈਨਲ 'ਚ ਬੋਪੰਨਾ-ਟਿਮੀਆ
NEXT STORY