ਨਵੀਂ ਦਿੱਲੀ- ਰੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਵਿਸ਼ਵ ਚੈਂਪੀਅਨਸ਼ਿਪ ਦੀ ਪਹਿਲੀ ਭਾਰਤੀ ਜੇਤੂ ਹੋਣ ਦਾ ਇਤਿਹਾਸ ਰਚਿਆ ਪਰ ਇਸ ਨੂੰ ਛੱਡ ਕੇ ਉਸਦੇ ਪ੍ਰਦਰਸ਼ਨ ਵਿਚ ਪੂਰੇ ਸਾਲ ਗਿਰਾਵਟ ਦੇਖਣ ਨੂੰ ਮਿਲੀ, ਜਦਕਿ ਨੌਜਵਾਨ ਖਿਡਾਰੀ ਲਕਸ਼ੈ ਸੇਨ ਭਾਰਤੀ ਬੈਡਮਿੰਟਨ ਦਾ ਨਵਾਂ ਸਟਾਰ ਬਣ ਕੇ ਉਭਰਿਆ। ਚਿਰਾਗ ਸ਼ੈੱਟੀ ਤੇ ਸਾਤਵਿਕਸੇਰਾਜ ਰੈਂਕੀਰੈੱਡੀ ਦੀ ਜੋੜੀ ਨੇ ਸਾਲ 2019 ਵਿਚ ਪੁਰਸ਼ ਡਬਲਜ਼ ਮੁਕਾਬਲਿਆਂ ਵਿਚ ਕੁਝ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਅਗਲੇ ਸਾਲ ਟੋਕੀਓ ਓਲੰਪਿਕ ਲਈ ਉਮੀਦ ਬੰਨ੍ਹ ਦਿੱਤੀ। ਸਿੰਧੂ ਦਾ ਵਿਸ਼ਵ ਖਿਤਾਬ, ਲਕਸ਼ੈ ਦੇ ਸਾਲ ਦੇ ਪੰਜ ਖਿਤਾਬ ਤੇ ਆਪਣੀ ਸਰਵਸ੍ਰੇਸ਼ਠ 32ਵੀਂ ਰੈਂਕਿੰਗ ਅਤੇ ਚਿਰਾਗ ਸ਼ੈੱਟੀ ਤੇ ਸਾਤਵਿਕਸੇਰਾਜ ਰੈਂਕੀਰੈੱਡੀ ਦਾ ਪੁਰਸ਼ ਡਬਲਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਇਸ ਸਾਲ ਭਾਰਤੀ ਬੈਡਮਿੰਟਨ ਦੀਆਂ ਕੁਝ ਚਮਕਦਾਰ ਉਪਲੱਬਧੀਆਂ ਹਨ।
ਸਿੰਧੂ ਨੇ ਅਗਸਤ ਵਿਚ ਜਾਪਾਨ ਦੀ ਨੋਜੋਮੀ ਓਕੂਹਾਰਾ ਨੂੰ ਲਗਾਤਾਰ ਸੈੱਟਾਂ ਵਿਚ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਦੇ ਨਾਲ ਨਵਾਂ ਇਤਿਹਾਸ ਰਚ ਦਿੱਤਾ। ਉਹ ਇਹ ਉਪਲੱਬਧੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਖਿਡਾਰੀ ਬਣੀ। ਸਿੰਧੂ ਇਸ ਖਿਤਾਬ ਤੋਂ ਪਹਿਲਾਂ ਤੇ ਇਸ ਖਿਤਾਬ ਨੂੰ ਜਿੱਤਣ ਤੋਂ ਬਾਅਦ ਸਾਲ ਦੇ ਅੰਤ ਤਕ ਸੰਘਰਸ਼ ਕਰਦੀ ਰਹੀ। ਉਸਦਾ ਪੂਰੇ ਸਾਲ ਵਿਚ ਇਹ ਹੀ ਇਕਲੌਤਾ ਖਿਤਾਬ ਰਿਹਾ। ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਸੱਤ ਟੂਰਨਾਮੈਟਾਂ ਵਿਚ ਉਹ ਸਿਰਫ ਇਕ ਟੂਰਨਰਾਮੈਂਟ ਦੇ ਕੁਆਰਟਰ ਫਾਈਨਲ ਵਿਚ ਪਹੁੰਚੀ ਤੇ ਹੋਰਨਾਂ ਟੂਰਨਾਮੈਂਟਾਂ ਵਿਚ ਉਸਦਾ ਬੋਰੀਆ ਬਿਸਤਰਾ ਪਹਿਲੇ ਜਾਂ ਦੂਜੇ ਦੌਰ ਵਿਚ ਬੱਝਦਾ ਰਿਹਾ। ਸਾਲ ਦੇ ਆਖਰੀ ਵਰਲਡ ਟੂਰ ਫਾਈਨਲਸ ਵਿਚ ਸਿੰਧੂ ਆਪਣੇ ਗਰੁੱਪ ਦੇ ਪਹਿਲੇ ਦੋ ਮੈਚ ਹਾਰ ਕੇ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਈ। ਉਸ ਨੇ ਆਪਣਾ ਆਖਰੀ ਮੈਚ ਜਿੱਤਿਆ ਪਰ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਸੀ। ਸਿੰਧੂ ਨੇ ਪਿਛਲੇ ਸਾਲ ਇਹ ਖਿਤਾਬ ਜਿੱਤਿਆ ਸੀ ਤੇ ਉਸ ਤੋਂ ਬਾਅਦ ਦੇ 12 ਮਹੀਨਿਆਂ ਵਿਚ ਉਸ ਨੇ ਵਿਸ਼ਵ ਚੈਂਪੀਅਨਨਸ਼ਿਪ ਦੇ ਰੂਪ ਵਿਚ ਇਕਲੌਤਾ ਖਿਤਾਬ ਜਿੱਤਿਆ। ਆਪਣੇ ਪ੍ਰਦਰਸ਼ਨ ਵਿਚ ਉਤਾਰ-ਚੜ੍ਹਾਅ ਦੇ ਬਾਵਜੂਦ ਸਿੰਧੂ ਟੋਕੀਓ ਓਲੰਪਿਕ ਵਿਚ ਭਾਰਤ ਲਈ ਬੈਡਮਿੰਟਨ ਵਿਚ ਸਭ ਤੋਂ ਵੱਡੀ ਤਮਗਾ ਉਮੀਦ ਮੰਨੀ ਜਾ ਰਹੀ ਹੈ ਪਰ 2020 ਵਿਚ ਉਸ ਨੂੰ ਆਪਣੇ ਪ੍ਰਦਰਸ਼ਨ ਵਿਚ ਨਿਰੰਤਰਤਾ ਲਿਆਉਣੀ ਪਵੇਗੀ।
ਚਿਰਾਗ ਸ਼ੈੱਟੀ ਤੇ ਸਾਤਵਿਕਸੇਰਾਜ ਰੈਂਕੀਰੈੱਡੀ ਨੇ ਅਗਸਤ ਵਿਚ ਥਾਈਲੈਂਡ ਓਪਨ ਵਿਚ ਪੁਰਸ਼ ਡਬਲਜ਼ ਦਾ ਸੋਨ ਤਮਗਾ ਜਿੱਤਿਆ ਤੇ ਇਹ ਉਪਲਬੱਧੀ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਜੋੜੀ ਬਣੀ। ਸਾਤਵਿਕ ਤੇ ਚਿਰਾਗ ਫ੍ਰੈਂਚ ਓਪਨ ਦੇ ਫਾਈਨਲ ਵਿਚ ਪਹੁੰਚ ਕੇ ਉਪ ਜੇਤੂ ਬਣੇ ਤੇ ਉਨ੍ਹਾਂ ਨੇ ਡਬਲਜ਼ ਮੁਕਾਬਲਿਆਂ ਵਿਚ ਸਭ ਤੋਂ ਵੱਧ ਉਮੀਦ ਬੰਨ੍ਹੀ ਹੈ। ਭਾਰਤ ਦੇ ਉਭਰਦੇ ਸਟਾਰ ਲਕਸ਼ੈ ਸੇਨ ਨੇ ਇਸ ਸਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਾਲ ਦੇ ਆਖਰੀ ਮਹੀਨੇ ਦਸੰਬਰ ਵਿਚ ਢਾਕਾ ਵਿਚ ਬੰਗਲਾਦੇਸ਼ ਇੰਟਰਨੈਸ਼ਨਲ ਚੈਲੰਜ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤਿਆ।
ਚੋਟੀ ਦਰਜਾ ਪ੍ਰਾਪਤ 18 ਸਾਲਾ ਲਕਸ਼ੈ ਨੇ ਫਾਈਨਲ ਵਿਚ ਮਲੇਸ਼ੀਆ ਦੇ ਲਿਓਂਗ ਜੁਨ ਹਾਓ ਨੂੰ 50 ਮਿੰਟ ਵਿਚ 22-20, 21-18 ਨਾਲ ਹਰਾਇਆ। 18 ਸਾਲ ਦਾ ਲਕਸ਼ੈ ਪਿਛਲੇ 12 ਮਹੀਨਿਆਂ ਦੌਰਾਨ 6 ਵਾਰ ਕਿਸੇ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚਿਆ ਹੈ, ਜਿਸ ਵਿਚ ਪਿਛਲੇ ਤਿੰਨ ਮਹੀਨਿਆਂ ਵਿਚ ਉਸ ਨੇ ਪੰਜਵਾਂ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਉਸ ਨੇ ਸਕਾਟਿਸ਼ ਓਪਨ, ਸਾਰਲੋਰਲਕਸ, ਨੀਦਰਲੈਂਡ ਓਪਨ ਤੇ ਬੈਲਜੀਅਮ ਓਪਨ ਦਾ ਖਿਤਾਬ ਜਿੱਤਿਆ ਸੀ। ਭਾਰਤੀ ਬੈਡਮਿੰਟਨ 2019 ਵਿਚ ਉਤਾਰ-ਚੜ੍ਹਾਅ ਦੇ ਦੌਰ ਵਿਚੋਂ ਲੰਘਦਾ ਰਿਹਾ ਤੇ ਕੁਝ ਸਫਲਤਾਵਾਂ ਨੂੰ ਛੱਡ ਕੇ ਜ਼ਿਆਦਾਤਰ ਟੂਰਨਾਮੈਂਟਾਂ ਵਿਚ ਭਾਰਤ ਨੂੰ ਨਿਰਾਸ਼ਾ ਹੀ ਹੱਥ ਲੱਗੀ। ਭਾਰਤ ਨੂੰ ਜੇਕਰ ਲਗਾਤਾਰ ਤੀਜੇ ਓਲੰਪਿਕ ਵਿਚ ਬੈਡਮਿੰਟਨ ਵਿਚ ਤਮਗਾ ਜਿੱਤਣਾ ਹੈ ਤਾਂ ਉਸਦੇ ਖਿਡਾਰੀਆਂ ਨੂੰ ਨਵੇਂ ਸਾਲ ਵਿਚ ਆਪਣੇ ਪ੍ਰਦਰਸ਼ਨ ਵਿਚ ਨਿਰੰਤਰਤਾ ਲਿਆਉਣੀ ਪਵੇਗੀ।
ਫਾਰਮ ਤੇ ਫਿੱਟਨੈੱਸ ਨਾਲ ਸੰਘਰਸ਼ ਕਰਦੀ ਰਹੀ ਸਾਇਨਾ
ਭਾਰਤ ਦੀ ਦੂਜੀ ਚੋਟੀ ਦੀ ਖਿਡਾਰਨ ਸਾਇਨਾ ਨੇਹਵਾਲ ਪੂਰੇ ਸਾਲ ਆਪਣੀ ਫਾਰਮ ਤੇ ਫਿੱਟਨੈੱਸ ਨਾਲ ਸੰਘਰਸ਼ ਕਰਦੀ ਰਹੀ ਤੇ ਉਹ ਸਿਰਫ ਕੁਝ ਹੀ ਟੂਰਨਾਮੈਂਟ ਵਿਚ ਦਿਖਾਈ ਦਿੱਤੀ, ਜਿਸ ਨੇ 2012 ਓਲੰਪਿਕ ਵਿਚ ਕਾਂਸੀ ਤੇ 2018 ਵਿਚ ਰਾਸ਼ਟਰਮੰਡਲ ਖੇਡਾਂ ਵਿਚ ਸਿੰਧੂ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਪੁਰਸ਼ ਸਿੰਗਲਜ਼ ਵਿਚ ਕਿਦਾਂਬੀ ਸ਼੍ਰੀਕਾਂਤ ਨੇ ਕਾਫੀ ਨਿਰਾਸ਼ ਕੀਤਾ, ਜਦਕਿ ਸੌਰਭ ਵਰਮਾ ਘਰੇਲੂ ਟੂਰਨਾਮੈਂਟ ਸੱਯਦ ਮੋਦੀ ਇੰਟਰਨੈਸ਼ਨਲ ਦੇ ਫਾਈਨਲ ਵਿਚ ਪਹੁੰਚ ਕੇ ਉਪ ਜੇਤੂ ਬਣਿਆ।
CSK ਨੂੰ ਲੱਗਾ ਵੱਡਾ ਝਟਕਾ, ਦਿੱਗਜ ਖਿਡਾਰੀ ਨੇ ਅਚਾਨਕ ਲਿਆ ਸੰਨਿਆਸ
NEXT STORY