ਸਪੋਰਟਸ ਡੈਸਕ : ਸਾਬਕਾ ਭਾਰਤੀ ਕ੍ਰਿਕਟਰ ਯੋਗਰਾਜ ਸਿੰਘ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ ਅਤੇ ਇਸ ਵਾਰ ਉਨ੍ਹਾਂ ਦੇ ਨਿਸ਼ਾਨੇ 'ਤੇ ਨੌਜਵਾਨ ਬੱਲੇਬਾਜ਼ ਅਭਿਸ਼ੇਕ ਸ਼ਰਮਾ ਆਏ ਹਨ। ਟੀ-20 ਵਿਸ਼ਵ ਕੱਪ ਵਿੱਚ ਅਭਿਸ਼ੇਕ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਯੋਗਰਾਜ ਸਿੰਘ ਨੇ ਉਨ੍ਹਾਂ ਦੀ ਅਨੁਸ਼ਾਸਨਹੀਣਤਾ ਅਤੇ ਖੇਡ ਪ੍ਰਤੀ ਰਵੱਈਏ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ।
ਫਲਾਪ ਰਿਹਾ ਵਿਸ਼ਵ ਕੱਪ ਦਾ ਸਫ਼ਰ
ਅਭਿਸ਼ੇਕ ਸ਼ਰਮਾ, ਜਿਨ੍ਹਾਂ ਨੂੰ ਟੂਰਨਾਮੈਂਟ ਦਾ ਸੰਭਾਵੀ ਸਟਾਰ ਮੰਨਿਆ ਜਾ ਰਿਹਾ ਸੀ, ਪੂਰੀ ਤਰ੍ਹਾਂ ਫੇਲ ਸਾਬਤ ਹੋਏ। ਉਨ੍ਹਾਂ ਨੇ 8 ਮੈਚਾਂ ਵਿੱਚ ਸਿਰਫ਼ 17.62 ਦੀ ਔਸਤ ਨਾਲ 141 ਦੌੜਾਂ ਬਣਾਏ। ਹੈਰਾਨੀ ਦੀ ਗੱਲ ਇਹ ਰਹੀ ਕਿ ਉਨ੍ਹਾਂ ਨੇ ਲਗਾਤਾਰ ਤਿੰਨ ਮੈਚਾਂ ਵਿੱਚ ਸਿਫ਼ਰ (0) 'ਤੇ ਆਊਟ ਹੋ ਕੇ ਸ਼ੁਰੂਆਤ ਕੀਤੀ। ਹਾਲਾਂਕਿ ਫਾਈਨਲ ਵਿੱਚ ਇੱਕ ਅਰਧ ਸੈਂਕੜਾ ਲਗਾਇਆ, ਪਰ ਪੂਰੇ ਟੂਰਨਾਮੈਂਟ ਦੌਰਾਨ ਉਹ ਸਪਿਨ ਗੇਂਦਬਾਜ਼ਾਂ, ਖਾਸ ਕਰਕੇ ਆਫ-ਸਪਿਨ ਅੱਗੇ ਸੰਘਰਸ਼ ਕਰਦੇ ਨਜ਼ਰ ਆਏ।
'ਰੀਲਾਂ ਬਣਾਉਣਾ ਕ੍ਰਿਕਟਰ ਦਾ ਕੰਮ ਨਹੀਂ'
ਯੋਗਰਾਜ ਸਿੰਘ ਨੇ ਅਭਿਸ਼ੇਕ ਦੀ ਕਾਰਜ ਨੈਤਿਕਤਾ (Work Ethics) 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ : "ਤੁਸੀਂ ਫੇਲ ਹੁੰਦੇ ਹੋ ਕਿਉਂਕਿ ਤੁਹਾਡਾ ਧਿਆਨ ਕਿਤੇ ਹੋਰ ਹੈ। ਸ਼ੁਭਮਨ ਗਿੱਲ ਅਤੇ ਅਭਿਸ਼ੇਕ ਨਾਲ ਇਹੀ ਹੋ ਰਿਹਾ ਹੈ। ਅਭਿਸ਼ੇਕ ਇਧਰ-ਉਧਰ ਘੁੰਮ ਕੇ ਰੀਲਾਂ ਬਣਾਉਂਦਾ ਹੈ, ਇਹ ਉਸਦਾ ਕੰਮ ਨਹੀਂ ਹੈ। ਉਸਨੂੰ ਰਾਤ 9 ਵਜੇ ਸੌਣਾ ਚਾਹੀਦਾ ਹੈ, ਸਵੇਰੇ 5 ਵਜੇ ਉੱਠ ਕੇ ਹਜ਼ਾਰ ਗੇਂਦਾਂ ਖੇਡਣੀਆਂ ਚਾਹੀਦੀਆਂ ਹਨ।"
ਯੁਵਰਾਜ ਸਿੰਘ ਨਾਲ ਤੁਲਨਾ 'ਤੇ ਦਿੱਤਾ ਕਰਾਰਾ ਜਵਾਬ
ਅਭਿਸ਼ੇਕ ਸ਼ਰਮਾ ਨੇ ਆਪਣੇ ਕਰੀਅਰ ਦੌਰਾਨ ਯੁਵਰਾਜ ਸਿੰਘ ਤੋਂ ਸਿਖਲਾਈ ਲਈ ਹੈ, ਪਰ ਯੋਗਰਾਜ ਸਿੰਘ ਦਾ ਮੰਨਣਾ ਹੈ ਕਿ ਅਭਿਸ਼ੇਕ ਅਜੇ ਆਪਣੇ ਗੁਰੂ ਦੇ ਪੱਧਰ ਤੋਂ ਬਹੁਤ ਦੂਰ ਹਨ। ਉਨ੍ਹਾਂ ਕਿਹਾ ਕਿ ਯੁਵਰਾਜ ਸਿੰਘ ਦੇ ਨੇੜੇ ਪਹੁੰਚਣ ਲਈ ਉਨ੍ਹਾਂ ਨੂੰ ਅਜੇ ਇੱਕ ਹੋਰ ਯੁੱਗ ਲੱਗੇਗਾ। ਉਨ੍ਹਾਂ ਅੱਗੇ ਕਿਹਾ ਕਿ ਅੱਜ-ਕੱਲ੍ਹ ਦੇ ਖਿਡਾਰੀ ਪਾਰਟੀਆਂ, ਕੁੜੀਆਂ, ਪੈਸੇ ਅਤੇ ਸ਼ੂਟਿੰਗ ਵਿੱਚ ਜ਼ਿਆਦਾ ਰੁੱਝੇ ਹੋਏ ਹਨ, ਜਦਕਿ ਪੂਰਾ ਬ੍ਰਹਿਮੰਡ ਅਨੁਸ਼ਾਸਨ 'ਤੇ ਚੱਲਦਾ ਹੈ।
ਖੇਡ ਨੂੰ ਹਲਕੇ ਵਿੱਚ ਨਾ ਲੈਣ ਦੀ ਚੇਤਾਵਨੀ
ਯੋਗਰਾਜ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਨਿੱਜੀ ਤੌਰ 'ਤੇ ਵੀ ਅਭਿਸ਼ੇਕ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ : "ਮੈਂ ਉਸ ਤੋਂ ਬਹੁਤ ਨਾਰਾਜ਼ ਹਾਂ। ਮੈਂ ਉਸਨੂੰ ਮੈਸੇਜ ਕਰਦਾ ਹਾਂ ਕਿ ਖੇਡ ਨੂੰ ਹਲਕੇ ਵਿੱਚ ਨਾ ਲਓ। ਹਰ ਗੇਂਦ ਨੂੰ ਹਵਾ ਵਿੱਚ ਨਹੀਂ ਮਾਰਿਆ ਜਾ ਸਕਦਾ। ਸਿਰਫ਼ ਛੱਕੇ ਮਾਰ ਕੇ ਦਰਸ਼ਕਾਂ ਦਾ ਮਨੋਰੰਜਨ ਕਰਨ ਨਾਲ ਤੁਸੀਂ ਸਫਲ ਨਹੀਂ ਹੋਵੋਗੇ। ਪਾਰੀ ਨੂੰ ਬੁਣਨਾ ਸਿੱਖੋ।"
ਪੰਜਾਬ ਦੇ ਪੁੱਤ ਨੇ ਰਚ'ਤਾ ਇਤਿਹਾਸ ! ਨੈਸ਼ਨਲ ਰਿਕਾਰਡ ਤੋੜ ਜਿੱਤਿਆ Gold Medal
NEXT STORY