ਬੈਂਗਲੁਰੂ (ਭਾਸ਼ਾ)– ਭਾਰਤ ਦਾ ਬੇਹੱਦ ਸਖਤ ਮੁਕਾਬਲਿਆਂ ਵਾਲੀ ਐਂਡਰਸਨ-ਤੇਂਦੁਲਕਰ ਟਰਾਫੀ ਵਿਚ ਇੰਗਲੈਂਡ ਨੂੰ 2-2 ਨਾਲ ਬਰਾਬਰੀ ’ਤੇ ਰੋਕਣਾ ਟੀਮ ਵਿਚ ਸ਼ਾਮਲ ਨਵੇਂ ਕ੍ਰਿਕਟਰਾਂ ਦੇ ਆਤਮਵਿਸ਼ਵਾਸ ਅਤੇ ਦੇਸ਼ ਤੇ ਟੀਮ ਲਈ ਆਪਣਾ ਸਭ ਕੁਝ ਝੋਂਕਣ ਦੀ ਨਿਡਰਤਾ ਦਾ ਜਸ਼ਨ ਸੀ। ਮੁਹੰਮਦ ਸਿਰਾਜ ਨੇ ਲੱਗਭਗ 200 ਓਵਰ ਗੇਂਦਬਾਜ਼ੀ ਕੀਤੀ ਤੇ ਆਪਣੇ ਥੱਕੇ ਹੋਏ ਸਰੀਰ ਨੂੰ 5 ਟੈਸਟ ਮੈਚਾਂ ਦੌਰਾਨ ਚੰਗੀ ਤਰ੍ਹਾਂ ਸੰਭਾਲਿਆ। ਵਾਸ਼ਿੰਗਟਨ ਸੁੰਦਰ ਕਦੇ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਿਆ। ਯਸ਼ਸਵੀ ਜਾਇਸਵਾਲ ਨੇ ਲੋੜ ਪੈਣ ’ਤੇ ਯੋਗਦਾਨ ਦਿੱਤਾ, ਆਕਾਸ਼ ਦੀਪ ਤੇ ਪ੍ਰਸਿੱਧ ਕ੍ਰਿਸ਼ਣਾ ਪ੍ਰਭਾਵਸ਼ਾਲੀ ਨਜ਼ਰ ਆਏ ਤੇ ਸਾਈ ਸੁਦਰਸ਼ਨ ਨੇ ਆਪਣੀ ਲੰਬੀ ਉਪਯੋਗਿਤਾ ਦੀ ਝਲਕ ਦਿਖਾਈ ਪਰ ਇਸ ਸ਼ਾਨਦਾਰ ਕੋਸ਼ਿਸ਼ ਦਾ ਇਕ ਹੋਰ ਪਹਿਲੂ ਵੀ ਹੈ। ਇਸ ਤੋਂ ਸਵਾਲ ਉੱਠਦਾ ਹੈ ਕਿ ਟੀ-20 ਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਅਤੇ ਸੱਟਾਂ ਨਾਲ ਜੂਝਣ ਵਾਲੇ ਜਸਪ੍ਰੀਤ ਬੁਮਰਾਹ ਵਰਗੇ ਸੀਨੀਅਰ ਖਿਡਾਰੀਆਂ ਦਾ ਕੀ ਹੋਵੇਗਾ।
ਕੋਹਲੀ 36 ਤੇ ਰੋਹਿਤ 38 ਸਾਲ ਦਾ ਹੈ ਤੇ ਇਹ ਦੋਵੇਂ ਸੰਭਾਵਿਤ ਆਸਟ੍ਰੇਲੀਆ ਵਿਚ ਤਿੰਨ ਮੈਚਾਂ ਦੀ ਵਨ ਡੇ ਲੜੀ ਤੇ ਉਸ ਤੋਂ ਬਾਅਦ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਮੈਦਾਨ ’ਤੇ 3 ਮੈਚਾਂ ਦੀ ਵਨ ਡੇ ਲੜੀ ਖੇਡਣਗੇ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਜਨਵਰੀ-ਜੁਲਾਈ 2026 ਵਿਚਾਲੇ ਨਿਊਜ਼ੀਲੈਂਡ (ਵਤਨ) ਤੇ ਇੰਗਲੈਂਡ (ਵਿਦੇਸ਼ ਵਿਚ) ਵਿਰੁੱਧ 6 ਵਨ ਡੇ ਮੈਚਾਂ ਵਿਚ ਖੇਡਣ ਦਾ ਮੌਕਾ ਮਿਲੇਗਾ ਪਰ ਕੀ ਇਹ ਮੁਕਾਬਲੇ 2027 ਵਿਚ ਦੱਖਣੀ ਅਫਰੀਕਾ ਵਿਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਦੀਆਂ ਉਨ੍ਹਾਂ ਦੀਆਂ ਤਿਆਰੀਆਂ ਲਈ ਹੈ? ਕੀ ਇਹ ਧਾਕੜ ਜੋੜੀ ਸਿਰਫ ਇਕ ਰੂਪ ਤੇ ਆਈ. ਪੀ. ਐੱਲ. ਦੇ ਦਮ ’ਤੇ ਇੰਨੇ ਲੰਬੇ ਸਮੇਂ ਤੱਕ ਖੇਡਣਾ ਚਾਹੇਗੀ?
ਇਕ ਸੂਤਰ ਨੇ ਦੱਸਿਆ, ‘‘ਹਾਂ, ਇਸ ’ਤੇ ਜਲਦੀ ਹੀ ਚਰਚਾ ਹੋਵੇਗੀ। ਅਗਲੇ ਵਿਸ਼ਵ ਕੱਪ (ਨਵੰਬਰ 2027) ਲਈ ਸਾਡੇ ਕੋਲ ਅਜੇ ਵੀ ਦੋ ਸਾਲ ਤੋਂ ਵੱਧ ਦਾ ਸਮਾਂ ਹੈ। ਕੋਹਲੀ ਤੇ ਰੋਹਿਤ ਦੋਵੇਂ ਤਦ ਤੱਕ 40 ਦੇ ਨੇੜੇ ਹੋ ਜਾਣਗੇ, ਇਸ ਲਈ ਇਸ ਵੱਡੀ ਪ੍ਰਤੀਯੋਗਿਤਾ ਲਈ ਇਕ ਸਪੱਸ਼ਟ ਯੋਜਨਾ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਪਿਛਲਾ ਖਿਤਾਬ 2011 ਵਿਚ ਜਿੱਤਿਆ ਸੀ। ਸਾਨੂੰ ਸਮਾਂ ਰਹਿੰਦੇ ਕੁਝ ਨੌਜਵਾਨਾਂ ਨੂੰ ਵੀ ਅਜਮਾਉਣ ਦੀ ਲੋੜ ਹੈ।’’
ਕੋਹਲੀ ਤੇ ਰੋਹਿਤ ਨੇ 2024 ਵਿਚ ਵਿਸ਼ਵ ਕੱਪ ਜਿੱਤ ਦੇ ਨਾਲ ਟੀ-20 ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਿਹਾ ਪਰ ਇਨ੍ਹਾਂ ਦੋਵਾਂ ਦਾ ਟੈਸਟ ਸੰਨਿਆਸ ਕਾਫੀ ਸ਼ਾਂਤ ਰਿਹਾ। ਕੀ ਇਨ੍ਹਾਂ ਦੋਵਾਂ ਸਾਬਕਾ ਕਪਤਾਨਾਂ ਨੂੰ ਆਪਣੇ ਸੰਨਿਆਸ ਦਾ ਸਮਾਂ ਤੇ ਸਥਾਨ ਚੁਣਨ ਦੀ ਮਨਜ਼ੂਰੀ ਹੋਵੇਗੀ ਜਾਂ ਉਨ੍ਹਾਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਹੌਲੀ-ਹੌਲੀ ਬਾਹਰ ਕੀਤਾ ਜਾਵੇਗਾ?’’
ਸੂਤਰ ਨੇ ਕਿਹਾ, ‘‘ਕੋਹਲੀ ਤੇ ਰੋਹਿਤ ਦੋਵਾਂ ਨੇ ਟੀਮ ਤੇ ਖੇਡ ਲਈ ਸਫੈਦ ਗੇਂਦ ਦੀ ਕ੍ਰਿਕਟ ਵਿਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਲੱਗਭਗ ਸਭ ਕੁਝ ਹਾਸਲ ਕੀਤਾ ਹੈ।’’
ਉਸ ਨੇ ਕਿਹਾ ਕਿ ਇਸ ਲਈ ਮੈਨੂੰ ਲੱਗਦਾ ਹੈ ਕਿ ਕੋਈ ਉਨ੍ਹਾਂ ’ਤੇ ਦਬਾਅ ਪਾਉਣ ਵਾਲਾ ਹੈ ਪਰ ਅਗਲਾ ਵਨ ਡੇ ਕੌਮਾਂਤਰੀ ਪੜਾਅ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਇਮਾਨਦਾਰ ਤੇ ਪੇਸ਼ੇਵਰ ਗੱਲਬਾਤ ਹੋਵੇਗੀ, ਜਿਸ ਨਾਲ ਇਹ ਦੇਖਿਆ ਜਾ ਸਕੇ ਕਿ ਉਹ ਮਾਨਸਿਕ ਤੌਰ ਤੇ ਸਰੀਰਿਕ ਤੌਰ ’ਤੇ ਕਿੱਥੇ ਖੜ੍ਹੇ ਹਨ। ਇਹ ਇਸ ’ਤੇ ਨਿਰਭਰ ਕਰਦਾ ਹੈ।
ਇਕ ਹੋਰ ਮੁੱਦਾ ਕੋਹਲੀ ਤੇ ਰੋਹਿਤ ਲਈ ਮੈਚ ਦੇ ਸਮੇਂ ਦੀ ਕਮੀ ਹੈ ਕਿਉਂਕਿ ਇਹ ਦੋਵੇਂ ਇਸ ਸਾਲ ਮਾਰਚ ਵਿਚ ਚੈਂਪੀਅਨਜ਼ ਟਰਾਫੀ ਤੋਂ ਬਾਅਦ ਕਿਸੇ ਵੀ ਕੌਮਾਂਤਰੀ ਮੈਚ ਵਿਚ ਨਹੀਂ ਖੇਡੇ ਹਨ ਤੇ ਨਵੰਬਰ ਵਿਚ ਸਈਅਦ ਮੁਸ਼ਤਾਕ ਅਲੀ ਟਰਾਫੀ ਟੀ-20 ਤੇ ਉਸ ਤੋਂ ਬਾਅਦ ਦਸੰਬਰ ਵਿਚ ਵਿਜੇ ਹਜ਼ਾਰੇ ਟਰਾਫੀ ਤੋਂ ਪਹਿਲਾਂ ਸੀਮਤ ਓਵਰਾਂ ਦੀ ਕ੍ਰਿਕਟ ਦੀ ਕੋਈ ਘਰੇਲੂ ਪ੍ਰਤੀਯੋਗਿਤਾ ਵੀ ਨਹੀਂ ਹੈ। ਭਾਰਤੀ ਕ੍ਰਿਕਟ ਬੋਰਡ ਦੇ ਮੌਜੂਦਾ ਨਿਯਮਾਂ ਦੇ ਅਨੁਸਾਰ ਕੋਈ ਵੀ ਖਿਡਾਰੀ ਪੂਰੀ ਤਰ੍ਹਾਂ ਨਾਲ ਫਿੱਟ ਹੋਣ ’ਤੇ ਘਰੇਲੂ ਮੈਚ ਨਹੀਂ ਛੱਡ ਸਕਦਾ ਹੈ ਤੇ ਘਰੇਲੂ ਮੁਕਾਬਲੇ ਵਿਚ ਨਾ ਖੇਡਣ ’ਤੇ ਉਸ ਨੂੰ ਰਾਸ਼ਟਰੀ ਟੀਮ ਵਿਚੋਂ ਬਾਹਰ ਕੀਤਾ ਜਾ ਸਕਦਾ ਹੈ। ਹਾਲਾਂਕਿ ਕੋਹਲੀ ਤੇ ਰੋਹਿਤ ਨੂੰ ਉਨ੍ਹਾਂ ਦੇ ਕੱਦ ਨੂੰ ਦੇਖਦੇ ਹੋਏ ਘਰੇਲੂ ਪ੍ਰਤੀਯੋਗਿਤਾਵਾਂ ਵਿਚ ਖੇਡਣ ਤੋਂ ਛੋਟ ਮਿਲ ਸਕਦੀ ਹੈ।
ਪਰ ਬੁਮਰਾਹ ਦਾ ਮਾਮਲਾ ਵੱਖਰਾ ਹੈ। ਫਿਜ਼ੀਓ ਨੇ ਉਸਦੇ ਕੌਮਾਂਤਰੀ ਭਵਿੱਖ ਲਈ ਇਕ ਨਿਸ਼ਚਿਤ ਖਰੜਾ ਤਿਆਰ ਕੀਤਾ ਹੈ, ਜਿਸ ਦੇ ਤਹਿਤ ਉਹ ਇੰਗਲੈਂਡ ਵਿਚ ਸਿਰਫ 3 ਟੈਸਟ ਮੈਚ ਖੇਡਿਆ। ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ’ਤੇ ਇਕ ਨਿਸ਼ਚਿਤ ਯੋਜਨਾ ਬਣਾਉਣ ਦਾ ਸਮਾਂ ਆ ਗਿਆ ਹੈ ਕਿ ਇਸ ਪ੍ਰਮੁੱਖ ਤੇਜ਼ ਗੇਂਦਬਾਜ਼ ਦਾ ਇਸਤੇਮਾਲ ਕਿਵੇਂ ਕੀਤਾ ਜਾਵੇ।
ਬੁਮਰਾਹ ਨੂੰ ਨੇੜਿਓਂ ਦੇਖਣ ਵਾਲੇ ਇਕ ਸਾਬਕਾ ਖਿਡਾਰੀ ਨੇ ਦੱਸਿਆ ਕਿ ਟੀਮ ਵਿਚ ਉਸਦੀ ਅਹਿਮੀਅਤ ’ਤੇ ਕੋਈ ਸ਼ੱਕ ਨਹੀਂ ਹੈ ਪਰ ਮੈਨੇਜਮੈਂਟ ਤੇ ਬੋਰਡ ਨੂੰ ਇਸ ’ਤੇ ਚਰਚਾ ਕਰਨ ਦੀ ਲੋੜ ਹੈ ਕਿ ਉਸਦਾ ਇਸਤੇਮਾਲ ਕਿਵੇਂ ਕੀਤਾ ਜਾਵੇ। ਇਕ ਸਾਰੇ ਰੂਪਾਂ ਵਿਚ ਖੇਡਣ ਵਾਲੇ ਗੇਂਦਬਾਜ਼ ਦੇ ਰੂਪ ਵਿਚ ਜਾਂ ਉਸ ਨੂੰ ਸਿਰਫ ਇਕ ਜਾਂ ਦੋ ਰੂਪਾਂ ’ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ ਜਾਵੇ।
ਉਸ ਨੇ ਕਿਹਾ ਕਿ ਸਿਰਾਜ, ਆਕਾਸ਼ਦੀਪ ਤੇ ਪ੍ਰਸਿੱਧ ਨੇ ਸਾਨੂੰ ਦਿਖਾਇਆ ਹੈ ਕਿ ਉਹ ਭਾਰਤ ਲਈ ਟੈਸਟ ਮੈਚ ਜਿੱਤ ਸਕਦੇ ਹਨ। ਆਓ, ਅਸੀਂ ਉਨ੍ਹਾਂ ਦਾ ਪੂਰਾ ਸਮਰਥਨ ਕਰੀਏ। ਸਾਡੇ ਸਾਹਮਣੇ ਦੋ ਮਹੱਤਵਪੂਰਨ ਟੂਰਨਾਮੈਂਟ (ਟੀ-20 ਤੇ ਵਨ ਡੇ ਵਿਸ਼ਵ ਕੱਪ) ਆਉਣ ਵਾਲੇ ਹਨ ਤੇ ਸਾਨੂੰ ਉਨ੍ਹਾਂ ਲਈ ਬੁਮਰਾਹ ਨੂੰ ਤਿਆਰ ਰੱਖਣਾ ਪਵੇਗਾ। ਘਰੇਲੂ ਮੁਕਾਬਿਲਆਂ (ਵੈਸਟਇੰਡੀਜ਼, ਦੱਖਣੀ ਅਫਰੀਕਾ) ਵਿਰੁੱਧ ਸਾਡੇ ਕੋਲ ਜਡੇਜਾ ਦੇ ਨਾਲ ਵਾਸ਼ਿੰਗਟਨ ਤੇ ਕੁਲਦੀਪ ਵੀ ਹਨ ਤੇ ਇੱਥੇ ਬੁਮਰਾਹ ਦੀ ਭੂਮਿਕਾ ਓਨੀ ਵੱਡੀ ਨਹੀਂ ਹੋਵੇਗੀ।
ਇਸ ਸਾਬਕਾ ਖਿਡਾਰੀ ਨੇ ਕਿਹਾ ਕਿ ਜੇਕਰ ਤੁਸੀਂ ਮੇਰੇ ਤੋਂ ਪੁੱਛੋ ਤਾਂ ਉਸ ਨੂੰ ਸਫੈਦ ਗੇਂਦ ਦੇ ਰੂਪ ’ਤੇ ਜ਼ਿਆਦਾ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ ਕਿਉਂਕਿ ਅਗਲੇ ਦੋ ਸਾਲਾਂ ਵਿਚ ਉਸਦੇ ਖੇਡਣ ਲਈ ਲੋੜੀਂਦਾ ਟੀ-20 ਤੇ ਵਨ ਡੇ ਮੈਚ ਹੈ। ਆਈ. ਪੀ. ਐੱਲ. ਵੀ. ਹੈ। ਸਾਰੇ ਰੂਪਾਂ ਵਿਚ ਕੁਝ ਮੈਚ ਖੇਡਣ ਦੀ ਬਜਾਏ, ਉਸ ਨੂੰ ਇਕ ਹੀ ਰੂਪ ਵਿਚ ਸਾਰੇ ਮੈਚ ਖੇਡਣ ਦੇਣਾ ਬਿਹਤਰ ਹੈ। ਇਸ ਨਾਲ ਟੀਮ ਨੂੰ ਫਾਇਦਾ ਹੁੰਦਾ ਹੈ।
ਪੰਜਾਬ 'ਚ ਵੱਡੀ ਵਾਰਦਾਤ ਤੇ PM ਮੋਦੀ ਨੇ ਵੰਦੇ ਭਾਰਤ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, ਪੜੋ TOP-10 ਖ਼ਬਰਾਂ
NEXT STORY