ਚੰਡੀਗੜ੍ਹ— ਹਾਲ ਹੀ 'ਚ ਨਵੇਂ ਰਾਜਨੀਤਕ ਮੋਰਚੇ ਆਵਾਜ਼-ਏ-ਪੰਜਾਬ ਦਾ ਗਠਨ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੇ ਜਿੱਥੇ ਲੰਬੇ ਸਮੇਂ ਤਕ ਖਬਰਾਂ 'ਚ ਬਣੇ ਰਹਿਣ ਪਿੱਛੋਂ ਭਾਜਪਾ 'ਤੋਂ ਅਸਤੀਫਾ ਦੇ ਦਿੱਤਾ ਹੈ। ਉੱਥੇ ਹੀ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਭਾਜਪਾ ਤੋਂ ਅਸਤੀਫਾ ਨਹੀਂ ਦਿੱਤਾ। ਜਾਣਕਾਰੀ ਮੁਤਾਬਕ ਨਵਜੋਤ ਕੌਰ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਨੇ ਅਕਾਲੀ ਦਲ ਨਾਲ ਗਠਜੋੜ ਇਸੇ ਤਰ੍ਹਾਂ ਜਾਰੀ ਰੱਖਿਆ ਤਾਂ ਉਹ ਵੀ ਅਸਤੀਫਾ ਦੇ ਦੇਵੇਗੀ। ਜ਼ਿਕਰਯੋਗ ਹੈ ਕਿ ਸਿੱਧੂ ਜੋੜਾ ਕਈ ਵਾਰ ਆਪਣੀ ਪਾਰਟੀ ਕੋਲੋਂ ਮੰਗ ਕਰ ਚੁੱਕਾ ਹੈ ਕਿ ਅਕਾਲੀ ਦਲ ਨਾਲ ਮਿਲ ਕੇ ਅਗਲੀ ਚੋਣ ਨਾ ਲੜੀ ਜਾਵੇ। ਸ਼ਾਇਦ ਇਹੀ ਕਾਰਨ ਹੈ ਕਿ ਨਵਜੋਤ ਕੌਰ ਸਿੱਧੂ ਨੇ ਅਜੇ ਤਕ ਭਾਜਪਾ ਨਹੀਂ ਛੱਡੀ ਹੈ ਅਤੇ ਇਸ ਗੱਲ ਦੀ ਉਡੀਕ ਕਰ ਰਹੀ ਹੈ ਕਿ ਅਕਾਲੀ ਦਲ ਨਾਲੋਂ ਰਿਸ਼ਤਾ ਤੋੜਿਆ ਜਾਵੇ। ਉੱਥੇ ਹੀ ਦੂਜੇ ਪਾਸੇ ਦੇਖਿਆ ਜਾਵੇ ਤਾਂ ਅਜਿਹਾ ਨਹੀਂ ਲੱਗ ਰਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਇੱਕਲੇ ਚੋਣ ਲੜਨ ਲਈ ਤਿਆਰ ਹੋਵੇ।
ਸਿੱਧੂ ਜੋੜੇ ਦੀ ਰਣਨੀਤੀ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ਸਿਰਫ ਆਪਣੀ ਭਾਈਵਾਲ ਪਾਰਟੀ ਅਕਾਲੀ ਦਲ ਨਾਲ ਨਾਰਾਜ਼ ਸਨ, ਨਾ ਕਿ ਭਾਜਪਾ ਨਾਲ। ਭਾਜਪਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਦੇ ਅਗਲੇ ਕਦਮ ਕੀ ਹੋਣਗੇ ਇਹ ਦੇਖਣਾ ਦਿਲਚਸਪ ਹੋਵੇਗਾ। ਇਸ ਦੇ ਨਾਲ ਹੀ ਇਹ ਵੀ ਦਿਲਚਸਪ ਹੋਵੇਗਾ ਕਿ ਉਹ ਕਪਿਲ ਸ਼ਰਮਾ ਦੇ ਸ਼ੋਅ ਨੂੰ ਛੱਡਣ ਦਾ ਫੈਸਲਾ ਲੈਂਦੇ ਹਨ ਜਾਂ ਨਹੀਂ। ਅਜੇ ਤਕ ਦੇਖਿਆ ਜਾਵੇ ਤਾਂ ਉਨ੍ਹਾਂ ਨੇ ਆਪਣਾ ਲੰਬਾ ਸਮਾਂ ਇਸੇ ਸ਼ੋਅ 'ਚ ਹੀ ਬਤੀਤ ਕੀਤਾ ਹੈ। 
ਓਧਰ ਕਾਂਗਰਸ ਅਤੇ ਅਕਾਲੀ ਦਲ ਦੋਹਾਂ ਪਾਰਟੀਆਂ ਦਾ ਸੁਆਦ ਲੈ ਚੁੱਕੇ ਅਤੇ 'ਆਪ' ਚੋਂ ਕਨਵੀਨਰ ਅਹੁਦੇ ਤੋਂ ਹਟਾਏ ਗਏ, ਸੁੱਚਾ ਸਿੰਘ ਛੋਟੇਪੁਰ ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਮੁਲਾਕਾਤ ਸਾਬਕਾ ਅਕਾਲੀ ਦਲ ਨੇਤਾ ਪ੍ਰਗਟ ਸਿੰਘ ਨਾਲ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਕਈ ਮੁੱਦਿਆਂ 'ਤੇ ਇਨ੍ਹਾਂ ਦੀ ਸਹਿਮਤੀ ਵੀ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ 'ਚ ਛੋਟੇਪੁਰ ਦੀ ਬੈਂਸ ਭਰਾਵਾਂ ਅਤੇ ਸਿੱਧੂ ਨਾਲ ਮੁਲਾਕਾਤ ਹੋ ਸਕਦੀ ਹੈ। ਫਿਲਹਾਲ ਛੋਟੇਪੁਰ ਨੇ ਇਹ ਜ਼ਰੂਰ ਕਿਹਾ ਹੈ ਕਿ ਉਹ ਆਪਣੇ ਪੱਤੇ 16 ਸਤੰਬਰ ਤੋਂ ਬਾਅਦ ਹੀ ਖੋਲ੍ਹਣਗੇ।
 ਸੋਢਲ ਦਾ ਮੇਲਾ ਦੇਖਣ ਜਾ ਰਹੇ ਨੌਜਵਾਨ ਦੀ ਮੌਤ
NEXT STORY