ਸਿਆਸਤ 'ਚ ਕੋਈ ਕਿਸੇ ਦਾ ਦੁਸ਼ਮਣ ਨਹੀਂ ਤੇ ਨਾ ਹੀ ਮਿੱਤਰ। ਆਪਣੇ ਲਾਹੇ ਲਈ ਸ਼ਤਰੰਜੀ ਚਾਲਾਂ ਚੱਲਣ ਦਾ ਨਾਂ ਹੈ ਸਿਆਸਤ। ਸੱਤਾ ਤੋਂ ਪਾਸੇ ਧੱਕੀ ਧਿਰ ਦੀ ਸਿਆਸਤ ਸੱਤਾਧਾਰੀਆਂ ਨੂੰ ਸਿੱਧੇ-ਅਸਿੱਧੇ ਢੰਗ ਨਾਲ ਠਿੱਬੀਆਂ ਮਾਰਨ ਤਕ ਸੀਮਤ ਰਹਿੰਦੀ ਹੈ ਤੇ ਸੱਤਾਧਾਰੀ ਧਿਰ ਦੀ ਸਿਆਸਤ ਲੋਕਾਂ ਦਾ ਧਿਆਨ ਉਨ੍ਹਾਂ ਦੇ ਜੀਵਨ ਨਾਲ ਜੁੜੇ ਅਸਲ ਮੁੱਦਿਆਂ ਤੋਂ ਭਟਕਾਉਣ ਤਕ।
ਕਈ ਚੀਜ਼ਾਂ ਐਸੀਆਂ ਹੁੰਦੀਆਂ ਹਨ, ਜਿਹੜੀਆਂ ਇਕ ਵਾਰ ਵਰਤ ਕੇ ਅਗਾਂਹ 'ਸੈਕਿੰਡ ਹੈਂਡ' ਦੱਸ ਕੇ ਵੇਚੀਆਂ ਜਾਂਦੀਆਂ ਹਨ ਪਰ ਸਿਆਸਤ ਦੇ ਚੱਕਰਵਿਊ 'ਚ ਫਸ ਕੇ ਇਸਤੇਮਾਲ ਹੋ ਚੁੱਕੇ ਲੋਕ ਸਿਰਫ ਚੋਣਾਂ ਵੇਲੇ 'ਵਰਤੇ' ਜਾਣ ਵਾਲੇ ਸੰਦ ਬਣ ਕੇ ਰਹਿ ਜਾਂਦੇ ਹਨ। ਇਹੋ ਜਿਹਾ ਵਰਤਾਰਾ ਹੀ 'ਆਮ ਆਦਮੀ ਪਾਰਟੀ' ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਵਲੋਂ ਬਿਕਰਮ ਸਿੰਘ ਮਜੀਠੀਆ ਕੋਲ ਲਿਖਤੀ ਮੁਆਫੀ ਮੰਗਣ ਕਾਰਨ ਸਾਫ ਹੋ ਗਿਆ ਹੈ ਕਿ ਭਾਰਤ ਦੀ ਸਿਆਸਤ 'ਚ ਲਗਾਤਾਰ 'ਨਵੀਂ ਬੋਤਲ ਵਿਚ ਪੁਰਾਣੀ ਸ਼ਰਾਬ' ਦਾ ਅਮਲ ਹੀ ਚੱਲ ਰਿਹਾ ਹੈ।
'ਹਮ ਸਿਆਸਤ ਕੋ ਬਦਲਨੇ ਆਏ ਹੈਂ ਜੀ' ਦਾ ਸੰਵਾਦ ਸੁਣਦਿਆਂ ਅੱਜ ਦੀ ਘੜੀ ਹੁਣ ਸੱਚੇ ਦਿਲੋਂ ਲੱਕ ਬੰਨ੍ਹ ਕੇ ਨਾਲ ਤੁਰੇ ਨਿਸ਼ਕਾਮ ਸਿਪਾਹੀਆਂ ਨੂੰ ਇਉਂ ਲੱਗਦਾ ਹੋਵੇਗਾ, ਜਿਵੇਂ ਪੋਹ-ਮਾਘ ਦੀ ਸਵੇਰ ਨੂੰ ਕਿਸੇ ਨੇ ਬਰਫ ਵਾਲੇ ਪਾਣੀ ਨਾਲ ਮੱਲੋਜ਼ੋਰੀਂ ਨੁਹਾ ਦਿੱਤਾ ਹੋਵੇ। ਪੰਜਾਬ ਹੀ ਨਹੀਂ, ਬਲਕਿ ਭਾਰਤ ਦੀ ਸਿਆਸਤ ਵਿਚ ਇਹ ਅਹਿਮ ਸਥਾਨ ਰੱਖਦਾ ਮਸਲਾ ਹੈ ਕਿ ਦੂਜੀਆਂ ਰਵਾਇਤੀ ਪਾਰਟੀਆਂ ਨਾਲੋਂ ਵੱਖਰੀ ਸਿਆਸਤ ਕਰਨ ਦਾ ਦਾਅਵਾ ਕਰਨ ਵਾਲੇ ਕੇਜਰੀਵਾਲ ਨੇ ਇਸ ਅਚਾਨਕ ਮੁਆਫੀ ਬਾਰੇ ਆਪਣੇ ਵਰਕਰਾਂ ਨਾਲ ਤਾਂ ਕੀ, ਸਗੋਂ ਪਾਰਟੀ ਦੇ ਪੰਜਾਬ ਵਿਧਾਇਕਾਂ, ਸੰਸਦ ਮੈਂਬਰਾਂ ਨਾਲ ਵੀ ਸਲਾਹ-ਮਸ਼ਵਰਾ ਕਰਨਾ ਬਿਹਤਰ ਨਹੀਂ ਸਮਝਿਆ? ਵਿਧਾਇਕ ਸੁਖਪਾਲ ਖਹਿਰਾ, ਵਿਧਾਇਕ ਕੰਵਰ ਸੰਧੂ, ਸੰਸਦ ਮੈਂਬਰ ਤੇ ਪੰਜਾਬ ਪ੍ਰਧਾਨ ਭਗਵੰਤ ਮਾਨ, ਵਿਧਾਇਕ ਅਮਨ ਅਰੋੜਾ, ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ ਵਲੋਂ ਦਿਖਾਇਆ ਗਿਆ ਰੋਸ ਇਹ ਸਿੱਧ ਕਰਨ ਲਈ ਕਾਫੀ ਹੈ ਕਿ ਜੇ ਮੂਹਰਲੀ ਕਤਾਰ ਦੇ ਆਗੂਆਂ ਨੂੰ ਹੀ ਇਸ ਮਾਮਲੇ ਸਬੰਧੀ ਭਰੋਸੇ ਵਿਚ ਨਹੀਂ ਲਿਆ ਗਿਆ ਤਾਂ ਆਮ ਲੋਕਾਂ ਦੀ ਕੀ ਪੁੱਛ-ਪੜਤਾਲ ਹੋਣੀ ਸੀ? ਮਜੀਠੀਆ ਕੋਲੋਂ ਇਸ ਤਰ੍ਹਾਂ ਮੁਆਫੀ ਮੰਗ ਲੈਣ ਦਾ ਕਾਰਨ ਕੋਈ ਵੀ ਹੋਵੇ ਪਰ ਕੇਜਰੀਵਾਲ ਨੂੰ ਪੁੱਛਣਾ ਬਣਦੈ ਕਿ ਜੇ ਵੋਟਾਂ ਦੇ ਦਿਨਾਂ 'ਚ 'ਦੂਜਿਆਂ ਵਾਂਗ' ਤੁਸੀਂ ਵੀ ਝੂਠੀ ਬਿਆਨਬਾਜ਼ੀ, ਦੋਸ਼-ਪੂਰਨ ਸ਼ਬਦਾਵਲੀ ਵਾਲੇ ਲਲਕਾਰੇ ਹੀ ਮਾਰਨੇ ਸਨ ਤਾਂ ਤੁਹਾਡੇ ਅਤੇ ਦੂਜਿਆਂ ਵਿਚ ਫਰਕ ਕੀ ਹੈ?
ਇਕ ਤੀਜੇ ਬਦਲ ਵਜੋਂ ਉੱਭਰ ਰਹੀ ਪਾਰਟੀ ਦੇ ਨੇਤਾ ਵਲੋਂ ਬਚਕਾਨਾ ਹਰਕਤਾਂ ਦੀ ਸ਼ੁਰੂਆਤ ਉਦੋਂ ਹੀ ਹੋਈ ਕਹੀ ਜਾ ਸਕਦੀ ਹੈ, ਜਦੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਖਿਲਾਫ 400 ਪੰਨਿਆਂ ਦੇ ਸਬੂਤ ਹੋਣ ਦੇ ਲਲਕਾਰੇ ਮਾਰੇ ਗਏ ਸਨ। ਕਿਸੇ ਨੇ ਬਾਅਦ 'ਚ ਇਹ ਪੁੱਛਣ ਦੀ ਖੇਚਲ ਨਾ ਕੀਤੀ ਕਿ ਹੁਣ ਤਾਂ ਦਿੱਲੀ ਵਿਚ 'ਆਮ ਆਦਮੀ ਪਾਰਟੀ' ਦੀ ਸਰਕਾਰ ਹੈ, ਸ਼ੀਲਾ ਦੀਕਸ਼ਿਤ ਦੇ ਵਿਰੁੱਧ ਭ੍ਰਿਸ਼ਟਾਚਾਰ ਵਾਲੇ ਸਬੂਤ ਕਿੱਥੇ ਟੋਇਆ ਪੁੱਟ ਕੇ ਦੱਬ ਦਿੱਤੇ? ਪੰਜਾਬ ਦੀਆਂ ਚੋਣਾਂ ਆਈਆਂ ਤਾਂ ਕੇਜਰੀਵਾਲ ਇਕ ਗੱਡੀ ਦੀ ਛੱਤ 'ਤੇ ਖੜ੍ਹੇ ਹੋ ਕੇ ਬੋਲਦੇ ਹਰ ਕਿਸੇ ਨੇ ਸੁਣੇ ਸਨ ਕਿ ''ਸਾਡੇ ਕੋਲ ਮਜੀਠੀਆ ਤੇ ਬਾਦਲਾਂ ਖਿਲਾਫ ਸਬੂਤ ਹਨ। ਜਾਂ ਤਾਂ ਅਕਾਲੀ ਸਰਕਾਰ ਰਹਿੰਦਿਆਂ ਸਾਨੂੰ ਅੰਦਰ ਕਰ ਦੇਣ, ਨਹੀਂ ਤਾਂ 'ਆਮ ਆਦਮੀ ਪਾਰਟੀ' ਦੀ ਸਰਕਾਰ ਬਣਨ ਦੇ ਛੇ ਮਹੀਨਿਆਂ ਅੰਦਰ ਅਕਾਲੀ ਲੁੰਗ-ਲਾਣਾ ਜੇਲ ਅੰਦਰ ਹੋਵੇਗਾ।'' ਕੇਜਰੀਵਾਲ 'ਤੇ 'ਤਾਨਾਸ਼ਾਹ' ਹੋਣ ਦੇ ਇਲਜ਼ਾਮ ਲੱਗਦੇ ਆਏ ਹਨ। ਉਸ ਦੇ ਕਿਰਦਾਰ ਦਾ ਮੁੱਖ ਗੁਣ ਈਮਾਨਦਾਰ ਹੋਣ ਕਰਕੇ ਉਸ ਉੱਪਰ ਲੱਗਦੇ ਇਲਜ਼ਾਮ ਵੀ ਸਮੇਂ-ਸਮੇਂ 'ਤੇ ਫਿੱਕੇ ਪੈਂਦੇ ਰਹੇ। ਅਜੋਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਪਣੇ ਜੱਦੀ ਹਲਕੇ 'ਚੋਂ ਉਨ੍ਹਾਂ ਦੀ ਧਰਮ ਪਤਨੀ ਨੂੰ ਹਰਾ ਕੇ ਮੈਂਬਰ ਪਾਰਲੀਮੈਂਟ ਬਣੇ ਡਾ. ਧਰਮਵੀਰ ਗਾਂਧੀ ਦੀਆਂ ਕੋਰੀਆਂ-ਕਰਾਰੀਆਂ ਗੱਲਾਂ ਵੀ ਕੇਜਰੀਵਾਲ ਨੂੰ ਹਜ਼ਮ ਨਹੀਂ ਸੀ ਹੋਈਆਂ। ਉਨ੍ਹਾਂ ਦੀ ਇਹੋ ਮੰਗ ਰਹੀ ਸੀ ਕਿ ਪੰਜਾਬੀਆਂ ਨੂੰ ਪੰਜਾਬ ਦੇ ਮਸਲੇ ਖੁਦ ਵਿਚਾਰਨ, ਲੜਨ ਦੀ ਰੱਤੀ ਭਰ ਤਾਂ ਖੁੱਲ੍ਹ ਦਿੱਤੀ ਜਾਵੇ? ਜੇ ਸਾਰੇ ਹੁਕਮ ਦਿੱਲੀ ਤੋਂ ਹੀ ਆਉਣੇ ਹਨ ਤਾਂ ਕੇਜਰੀਵਾਲ ਕਿਹੜੀ ਵੱਖਰੀ ਰਾਜਨੀਤੀ ਕਰ ਰਹੇ ਹਨ?
ਸਿੱਟਾ ਇਹ ਨਿਕਲਿਆ ਕਿ ਡਾ. ਗਾਂਧੀ ਨੂੰ ਨਾ ਤਾਂ ਪਾਰਟੀ 'ਚੋਂ ਕੱਢਿਆ ਗਿਆ ਤੇ ਨਾ ਹੀ ਰੱਖਿਆ ਗਿਆ ਪਰ ਗਾਂਧੀ ਦੀ ਪੰਜਾਬ-ਪ੍ਰਸਤੀ ਦੀ ਦਾਦ ਦੇਣੀ ਬਣਦੀ ਹੈ ਕਿ ਆਪਣੇ ਇਰਾਦਿਆਂ, ਵਿਚਾਰਾਂ 'ਤੇ ਕਾਇਮ ਰਹਿ ਕੇ ਲੋਕਾਂ ਨੂੰ ਪ੍ਰਣਾਏ ਰਹੇ। ਕੇਜਰੀਵਾਲ ਦੀ ਮੁੱਛ ਦਾ ਵਾਲ ਸਮਝੇ ਜਾਂਦੇ ਲੋਕਾਂ ਨੇ ਇਹ ਪੁੱਛਣ ਦੀ ਵੀ ਜੁਰਅੱਤ ਨਾ ਕੀਤੀ ਕਿ ਗਾਂਧੀ ਦਾ ਕੀ ਦੋਸ਼ ਸੀ? ਚੋਣਾਂ ਵੇਲੇ ਜਿਹੜੇ ਅਨਸਰਾਂ ਨੇ ਗਾਂਧੀ ਦੇ ਨੱਕ 'ਚੋਂ ਖੂਨ ਵਗਾਇਆ ਸੀ, ਉਨ੍ਹਾਂ ਦੀ ਕਿਹੜੀ ਦੇਸ਼-ਸੇਵਾ ਕੇਜਰੀਵਾਲ ਨੂੰ ਨਜ਼ਰ ਆ ਗਈ ਕਿ ਉਨ੍ਹਾਂ ਨੂੰ 'ਆਮ ਆਦਮੀ ਪਾਰਟੀ' ਵਿਚ 'ਭਰਤੀ' ਕਰ ਲਿਆ ਗਿਆ ਸੀ। ਕਿਸੇ ਨੇ ਇਹ ਵੀ ਨਾ ਪੁੱਛਿਆ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਲਾਹੁਣ ਵੇਲੇ ਉਨ੍ਹਾਂ ਖਿਲਾਫ ਜਿਹੜੀ 'ਨੀਲੀ' ਫਿਲਮ ਦੀ ਵੀਡੀਓ ਹੋਣ ਦਾ ਪ੍ਰਚਾਰ ਕੀਤਾ ਗਿਆ ਸੀ, ਉਹ ਵੀਡੀਓ ਹੁਣ ਤਕ ਨਸ਼ਰ ਕਿਉਂ ਨਾ ਕੀਤੀ ਗਈ? ਕੀ ਕਾਰਨ ਸਨ ਕਿ ਸੁੱਚਾ ਸਿੰਘ ਛੋਟੇਪੁਰ ਦੀ ਇੱਜ਼ਤ ਉਪਰ ਇੰਨਾ ਵੱਡਾ ਦਾਗ਼ ਲਾ ਕੇ ਉਸ ਦੇ ਦੋਸ਼ ਨੂੰ ਜਨਤਕ ਵੀ ਨਾ ਕੀਤਾ ਗਿਆ?
ਇਹੋ ਜਿਹਾ ਹੀ ਮਜੀਠੀਆ ਦੇ ਮਾਮਲੇ ਵਿਚ ਵਾਪਰਿਆ ਹੈ। ਚੋਣ ਜਲਸਿਆਂ ਵਿਚ ਬਾਹਾਂ ਉਲਾਰ-ਉਲਾਰ ਕੇ ਮਜੀਠੀਆ ਖਿਲਾਫ ਸਬੂਤ ਹੋਣ ਦੀਆਂ ਗੱਲਾਂ ਕਰਨ ਵਾਲੇ ਕੇਜਰੀਵਾਲ ਨੂੰ ਉਸ ਸਮੇਂ ਹੀ ਪੁੱਛਣਾ ਬਣਦਾ ਸੀ ਕਿ ਕਿੱਥੇ ਹਨ ਉਹ ਸਬੂਤ, ਜਿਨ੍ਹਾਂ ਵਿਚ ਮਜੀਠੀਆ ਦੋਸ਼ੀ ਹੈ?
ਇਹ ਗੱਲ ਪਹਿਲਾਂ ਹੀ ਧਿਆਨ ਵਿਚ ਰੱਖਣੀ ਬਣਦੀ ਸੀ ਕਿ ਵੈਰ ਪੰਜਾਬ ਦੇ ਲੋਕਾਂ ਦੇ ਆਪਸ ਵਿਚ ਪੈਣਗੇ ਤੇ ਕੇਜਰੀਵਾਲ ਨੇ ਮੁਆਫੀ ਮੰਗ ਕੇ ਪੰਜਾਬ 'ਚ ਪੈਰ ਨਹੀਂ ਪਾਉਣਾ। ਅਸੀਂ ਇਹ ਨਹੀਂ ਕਹਿੰਦੇ ਕਿ ਕੇਜਰੀਵਾਲ ਨੇ ਮੁਆਫੀ ਕਿਉਂ ਮੰਗੀ? ਇਸ ਨਾਲ ਇਨਸਾਨ ਛੋਟਾ ਨਹੀਂ ਹੁੰਦਾ। ਹੋ ਸਕਦੈ ਕਿ ਇਸ ਮੁਆਫੀ ਵਾਲੇ ਪੱਤੇ ਪਿੱਛੇ ਵੀ ਕੇਜਰੀਵਾਲ ਦਾ ਕੋਈ ਸਿਆਸੀ ਦਾਅ ਹੋਵੇ ਪਰ ਹਾਲ ਦੀ ਘੜੀ ਉਨ੍ਹਾਂ ਨੇ ਆਪਣੇ ਝਾੜੂ ਦੇ ਤੀਲੇ ਖ਼ੁਦ ਆਪਣੇ ਹੱਥੀਂ ਖਿਲਾਰਨ ਦਾ ਮੁੱਢ ਬੰਨ੍ਹ ਲਿਆ ਹੈ। ਜਿਹੜੇ ਲੱਖਾਂ ਲੋਕ ਸਿਰਫ ਭਾਵਨਾਵਾਂ ਦੇ ਹੜ੍ਹ 'ਚ ਵਹਿ ਕੇ ਹੀ ਉਨ੍ਹਾਂ ਦੇ ਮਗਰ ਲੱਗ ਤੁਰੇ ਸਨ, ਇਸ ਮੁਆਫੀ ਕਾਂਡ ਨਾਲ ਛਿੱਥੇ ਜਿਹੇ ਜ਼ਰੂਰ ਪਏ ਦਿਸਦੇ ਹਨ। ਜੇ ਮੁਆਫੀ ਹੀ ਮੰਗਣੀ ਸੀ ਤਾਂ ਕੇਜਰੀਵਾਲ ਨੂੰ ਦੋ ਮੁਆਫੀਆਂ ਮੰਗਣੀਆਂ ਚਾਹੀਦੀਆਂ ਸਨ—ਇਕ ਮਜੀਠੀਆ ਕੋਲੋਂ ਤੇ ਦੂਜੀ ਪੰਜਾਬੀਆਂ ਕੋਲੋਂ।
mandeepkhurmi੪u@gmail.com
ਸਰਕਾਰ ਨੇ ਖੇਤੀ ਖੇਤਰ ਲਈ ਕਦਮ ਅੱਧੇ-ਅਧੂਰੇ ਮਨ ਨਾਲ ਚੁੱਕੇ
NEXT STORY