ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਦੇ ਸਾਰੇ ਕਿਸਾਨ ਸਿਰਫ਼ ਕਣਕ ਝੋਨਾ ਹੀ ਨਹੀਂ ਲਾਉਂਦੇ, ਉਹ ਹੋਰ ਵੀ ਕਈ ਫਸਲਾਂ ਬੀਜਦੇ ਹਨ। ਬਾਕੀਆਂ ਨਾਲੋਂ ਵੱਖਰਾ ਸੋਚਣ ਵਾਲੇ ਇਹ ਕਿਸਾਨ ਲੋਕਾਂ ਸਣੇ ਆਪਣੇ ਪਰਿਵਾਰ ਦੁਆਰਾ ਦਿੱਤੇ ਮਿਹਣਿਆਂ ਦੇ ਬਾਵਜੂਦ ਹੌਸਲਾ ਨਹੀਂ ਹਾਰਦੇ ਅਤੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਦੇ ਹਨ। ਦੁਨੀਆਂ ਨਾਲੋਂ ਵੱਖਰੇ ਰਾਹਾਂ ’ਤੇ ਤੁਰਨ ਵਾਲੇ ਲੋਕਾਂ ਦੇ ਕਾਮਯਾਬੀ ਪੈਰ ਚੁੰਮਦੀ ਹੈ ਅਤੇ ਉਹ ਬਾਕੀਆਂ ਲਈ ਪ੍ਰੇਰਨਾ ਦਾਇਕ ਬਣਦੇ ਹਨ। ਪੰਜਾਬ ਦੇ ਫ਼ਤਹਿਗੜ੍ਹ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਨਾਨੋਵਾਲ ਦੇ ਕਿਸਾਨ ਸਰਦਾਰ ਗੁਰਵਿੰਦਰ ਸਿੰਘ ਸੋਹੀ ਇਸ ਦੀ ਇੱਕ ਮਿਸਾਲ ਹਨ। ਇਹ ਫੁੱਲਾਂ ਦੀ ਖੇਤੀ ਦੇ ਕਾਮਯਾਬ ਕਿਸਾਨ ਹਨ, ਜੋ ਭਾਰਤ ਵਿੱਚ ਇੱਕੋ-ਇੱਕ ਅਜਿਹੇ ਕਿਸਾਨ ਹਨ, ਜੋ ਸਭ ਤੋਂ ਜ਼ਿਆਦਾ ਰਕਬੇ ਵਿੱਚ ਗਲੈਡੁਲਸ ਫੁੱਲ ਦੀ ਕਾਸ਼ਤ ਕਰਦੇ ਹਨ । ਜਗਬਾਣੀ ਨਾਲ ਖਾਸ ਮੁਲਾਕਾਤ ਕਰਦਿਆਂ ਸਰਦਾਰ ਗੁਰਵਿੰਦਰ ਸਿੰਘ ਸੋਹੀ ਨੇ ਆਪਣੀ ਕਿਰਸਾਨੀ ਦੇ ਤਜਰਬੇ ਸਾਂਝੇ ਕੀਤੇ ।
ਸਿਰਸੇ ਜ਼ਿਲ੍ਹੇ ਵਿੱਚ ਆਇਆ ਟਿੱਡੀ ਦਲ, ਦੇ ਸਕਦਾ ਹੈ ਪੰਜਾਬ ਵਿੱਚ ਦਸਤਕ
ਸ਼ੁਰੂਆਤ
ਸਰਦਾਰ ਸੋਹੀ ਨੇ ਦੱਸਿਆ ਕਿ ਉਨ੍ਹਾਂ ਸਾਲ 2008 ਦੌਰਾਨ 2 ਕਨਾਲਾਂ ਵਿੱਚ ਫੁੱਲਾਂ ਦੀ ਬਿਜਾਈ ਕੀਤੀ । ਘਰ ਦੀ ਰਵਾਇਤੀ ਖੇਤੀ ਤੋਂ ਕੁਝ ਵੱਖਰਾ ਕਰਨ ਬਾਬਤ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਹਿਲੇ ਸਾਲ ਘਾਟਾ ਪੈਣ ਦੇ ਬਾਵਜੂਦ ਅਗਲੇ ਸਾਲ ਇੱਕ ਕਿੱਲੇ ਵਿੱਚ ਫੁੱਲਾਂ ਦੀ ਕਾਸ਼ਤ ਕੀਤੀ। ਫੁੱਲਾਂ ਨੂੰ ਵੇਚਣ ਦੀ ਰੁੱਤ ਅਤੇ ਮੰਡੀ ਦਾ ਤਜਰਬਾ ਘੱਟ ਹੋਣ ਦੇ ਬਾਵਜੂਦ ਮੁੜ ਘਾਟਾ ਪਿਆ। ਤੀਜੇ ਸਾਲ 3 ਏਕੜ ਵਿੱਚ ਫੁੱਲਾਂ ਦੀ ਕਾਸ਼ਤ ਕੀਤੀ ਜੋ ਬੋਟਰਾਈਟਸ ਨਾਮ ਦੀ ਬੀਮਾਰੀ ਪੈਣ ਕਰਕੇ ਖ਼ਤਮ ਹੋ ਗਏ। ਸੋਹੀ ਸਾਹਿਬ ਨੇ ਦੱਸਿਆ ਕਿ ਉਸ ਸਾਲ ਮਨ ਬਿਲਕੁਲ ਟੁੱਟ ਗਿਆ ਸੀ ਕਿ ਅਗਲੇ ਸਾਲ ਤੋਂ ਫੁੱਲਾਂ ਦੀ ਖੇਤੀ ਨਹੀਂ ਕਰਨੀ ਪਰ ਉਨ੍ਹਾਂ ਦਿਨਾਂ ਵਿੱਚ ਸੋਹੀ ਸਾਹਿਬ ਦੀ ਮੁਲਾਕਾਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ.ਰਣਜੀਤ ਸਿੰਘ ਨਾਲ ਹੋਈ, ਜਿਨ੍ਹਾਂ ਨੇ ਹੌਸਲਾ ਦਿੱਤਾ ਅਤੇ ਜੰਗ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ।
ਸਰਦਾਰ ਸੋਹੀ ਨੇ ਦੱਸਿਆ ਕਿ ਚੌਥੇ ਸਾਲ ਪੰਜ ਏਕੜ ਵਿੱਚ ਫੁੱਲਾਂ ਦੀ ਕਾਸ਼ਤ ਕੀਤੀ ਅਤੇ ਪਿਛਲੇ ਸਾਰੇ ਸਾਲਾਂ ਦੇ ਘਾਟੇ ਪੂਰੇ ਹੋ ਗਏ। ਇਸ ਦਾ ਕਾਰਨ ਇਹ ਰਿਹਾ ਕਿ ਤਜਰਬਾ ਹੋਣ ਕਰਕੇ ਜਿਸ ਰੁੱਤ ਵਿੱਚ ਫੁੱਲਾਂ ਦੀ ਸਭ ਤੋਂ ਜ਼ਿਆਦਾ ਮੰਗ ਹੁੰਦੀ ਹੈ ਉਦੋਂ ਉਤਪਾਦਨ ਸਿਖਰ ਤੇ ਸੀ। ਫਿਰ ਹੌਂਸਲੇ ਬੁਲੰਦ ਹੋ ਗਏ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਸਗੋਂ ਹੌਲੀ-ਹੌਲੀ ਫੁੱਲਾਂ ਹੇਠਲਾ ਰਕਬਾ ਵਧਾਉਂਦੇ ਗਏ ।
ਜੇਕਰ ਤੁਹਾਨੂੰ ਵੀ ਹੈ ਏ.ਸੀ ਵਿਚ ਰਹਿਣ ਦੀ ਆਦਤ, ਤਾਂ ਇੰਝ ਰੱਖੋ ਚਮੜੀ ਦਾ ਖ਼ਿਆਲ
ਫੁੱਲਾਂ ਹੇਠ ਰਕਬਾ
ਪਹਿਲੇ ਸਾਲ 2 ਕਨਾਲਾਂ ਤੋਂ ਸ਼ੁਰੂ ਕਰਕੇ ਹਰ ਸਾਲ ਰਕਬਾ ਵਧਦਾ ਗਿਆ। ਇਸ ਸਮੇਂ ਸਰਦਾਰ ਸੋਹੀ ਆਪਣੀ ਜ਼ਮੀਨ ਸਣੇ ਠੇਕੇ ’ਤੇ ਜ਼ਮੀਨ ਲੈ ਕੇ 20 ਏਕੜ ਵਿੱਚ ਫੁੱਲਾਂ ਦੀ ਕਾਮਯਾਬ ਕਾਸ਼ਤ ਕਰਦੇ ਹਨ। ਭਵਿੱਖ ਵਿੱਚ ਉਨ੍ਹਾਂ ਦਾ ਟੀਚਾ ਇਸ ਰਕਬੇ ਨੂੰ ਹੋਰ ਵੀ ਵਧਾਉਣ ਦਾ ਹੈ ।
ਫੁੱਲਾਂ ਦੀਆਂ ਕਿਸਮਾਂ
ਸਰਦਾਰ ਸੋਹੀ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿੱਚ ਕਈ ਤਰ੍ਹਾਂ ਦੇ ਫੁੱਲ ਲਗਾਉਂਦੇ ਹਨ ਖਾਸ ਕਰਕੇ ਗਲੈਡੁਲਸ ਅਤੇ ਗੇਂਦਾਂ ਇਸਤੋਂ ਇਲਾਵਾ ਸਿਰਫ ਵੇਚਣ ਲਈ ਨਸਤਰਸ਼ੀਅਮ, ਟਿੰਕਟੋਰੀਆ, ਪੌਪੀ, ਨਮੇਸ਼ੀਆ ਅਤੇ ਲਾਈਸਮ ਫੁੱਲ ਬੀਜਦੇ ਹਨ।
ਇਨ੍ਹਾਂ ਆਸਾਨ ਤਰੀਕਿਆਂ ਨਾਲ ਹੁਣ ਤੁਸੀਂ ਵੀ ਪਾ ਸਕਦੇ ਹੋ ਗਲੋਇੰਗ ਸਕਿਨ
ਅੰਤਰ ਫਸਲੀ
ਸਰਦਾਰ ਸੋਹੀ ਨੇ ਦੱਸਿਆ ਕਿ ਉਹ ਗੇਂਦੇ ਅਤੇ ਗਲੈਂਡਸ ਵਿੱਚ ਅੰਤਰ ਫਸਲੀ ਪ੍ਰਣਾਲੀ ਰਾਹੀਂ ਫੁੱਲਾਂ ਦੀ ਬਿਜਾਈ ਕਰਦੇ ਹਨ। ਜਿਸ ਨਾਲ ਇੱਕੋ ਸਮੇਂ ਇੱਕੋ ਜ਼ਮੀਨ ਵਿੱਚ ਦੋਨੋਂ ਪ੍ਰਕਾਰ ਦੇ ਫੁੱਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ।
ਫੁੱਲਾਂ ਦੀ ਕਾਸ਼ਤ ’ਤੇ ਪ੍ਰਤੀ ਏਕੜ ਖਰਚਾ
ਉਨ੍ਹਾਂ ਦੱਸਿਆ ਕਿ ਜੇਕਰ ਗਲੈਡੁਲਸ ਦੀ ਗੱਲ ਕਰੀਏ ਤਾਂ ਇੱਕ ਏਕੜ ਤੇ ਘੱਟੋ-ਘੱਟ 50 ਹਜ਼ਾਰ ਰੁਪਏ ਖਰਚਾ ਮਜ਼ਦੂਰ ਅਤੇ ਹੋਰ ਰੇਹਾਂ ਸਪਰੇਹਾਂ ਦਾ ਹੁੰਦਾ ਹੈ। ਇਸ ਤੋਂ ਇਲਾਵਾ ਪਹਿਲੇ ਸਾਲ ਬੀਜ ਉੱਤੇ ਸਭ ਤੋਂ ਜ਼ਿਆਦਾ ਖਰਚਾ ਹੁੰਦਾ ਹੈ। ਕਿਉਂਕਿ ਇੱਕ ਕਿੱਲੇ ਵਿੱਚ ਲੱਗਭੱਗ 80 ਹਜ਼ਾਰ ਬੂਟੇ ਲਗਦੇ ਹਨ ਅਤੇ ਇੱਕ ਬੂਟਾ 3 ਰੁਪਏ ਦੇ ਲੱਗਭਗ ਮਿਲਦਾ ਹੈ ਪਰ ਇਹ ਬੀਜ ਉੱਤੇ ਇੱਕ ਵਾਰ ਨਿਵੇਸ਼ ਹੀ ਹੈ, ਕਿਉਂਕਿ ਇਸ ਤੋਂ ਬਾਅਦ ਬੀਜ ਆਪਣੇ ਆਪ ਤਿਆਰ ਹੁੰਦਾ ਰਹਿੰਦਾ ਹੈ ਅਤੇ ਤਿੰਨ ਸਾਲਾਂ ਵਿੱਚ ਇਹ ਬੀਜ ਦੁੱਗਣਾ ਹੋ ਜਾਂਦਾ ਹੈ । ਗੇਂਦੇ ਵਰਗੇ ਫੁੱਲਾਂ ਤੇ 50 ਹਜ਼ਾਰ ਰੁਪਏ ਖਰਚਾ ਮਜ਼ਦੂਰ ਅਤੇ ਬਾਕੀ ਰੇਹਾਂ ਸਪਰੇਹਾਂ ਤੇ ਹੁੰਦਾ ਹੈ ਇਸ ਤੋਂ ਇਲਾਵਾ ਬੀਜ ਇੱਕ ਏਕੜ ਵਿੱਚ 1000 ਰੁਪਏ ਦੇ ਲੱਗਭਗ ਪੈਂਦਾ ਹੈ ।
ਹਰੇਕ ਸਾਲ ਹੀ ਬਾਗਬਾਨਾਂ ਨੂੰ ਪੈਂਦੀ ਹੈ ਕਿਸੇ ਨਾ ਕਿਸੇ ‘ਆਫਤ’ ਤੇ ‘ਅਫਵਾਹ’ ਦੀ ਮਾਰ
ਮੰਡੀਕਰਨ
ਸਰਦਾਰ ਸੋਹੀ ਨੇ ਦੱਸਿਆ ਕਿ ਹਰ ਇੱਕ ਫ਼ਸਲ ਦੀ ਤਰ੍ਹਾਂ ਫੁੱਲਾਂ ਦਾ ਮੰਡੀਕਰਨ ਵੀ ਇੱਕ ਮਹੱਤਵਪੂਰਨ ਅੰਗ ਹੈ। ਜਿਵੇਂ ਕਿ ਕਣਕ ਅਤੇ ਝੋਨੇ ਦੀਆਂ ਮੰਡੀਆਂ ਪਿੰਡੋ ਪਿੰਡੀ ਹਨ ਪਰ ਫੁੱਲਾਂ ਦੀ ਇਸ ਤਰ੍ਹਾਂ ਸਰਕਾਰੀ ਮੰਡੀ ਪੰਜਾਬ ਵਿੱਚ ਨਹੀਂ ਹੈ। ਉਹ ਸ਼ੁਰੂ ਤੋਂ ਖੁਦ ਜਾ ਕੇ ਲੁਧਿਆਣੇ, ਪਟਿਆਲੇ, ਚੰਡੀਗੜ੍ਹ, ਅੰਮ੍ਰਿਤਸਰ ਅਤੇ ਦਿੱਲੀ ਤੱਕ ਫੁੱਲ ਵੇਚਦੇ ਹਨ। ਲੁਧਿਆਣਾ ਜ਼ਿਲ੍ਹੇ ’ਚ ਫੁੱਲਾਂ ਦੀ ਸਭ ਤੋਂ ਵੱਧ ਮੰਗ ਹੈ ।
ਫੁੱਲਾਂ ਤੋਂ ਆਮਦਨ
ਸੋਹੀ ਸਾਹਿਬ ਨੇ ਦੱਸਿਆ ਕਿ ਗਲੈਡੁਲਸ ਦੀ ਗੱਲ ਕਰੀਏ ਤਾਂ ਪਹਿਲੇ ਸਾਲ ਬੀਜ ਦੀ ਖ਼ਰੀਦ ਹੋਣ ਕਰਕੇ ਖਰਚਾ ਅਤੇ ਆਮਦਨ ਬਰਾਬਰ ਹੀ ਰਹਿੰਦੇ ਹਨ । ਪਰ ਇਸ ਤੋਂ ਬਾਅਦ ਹਰ ਸਾਲ ਪ੍ਰਤੀ ਏਕੜ 2 ਤੋਂ 2.5 ਲੱਖ ਰੁਪਏ ਤੱਕ ਆਮਦਨ ਹੁੰਦੀ ਹੈ । ਗੇਂਦੇ ਦੇ ਫੁੱਲਾਂ ਦੀ ਬਿਜਾਂਦ ਪੂਰਾ ਸਾਲ ਕੀਤੀ ਜਾ ਸਕਦੀ ਹੈ ਇਸ ਦੀ ਛਿਮਾਹੀ ਦੀ ਆਮਦਨ 1.25 ਤੋਂ 1.5 ਲੱਖ ਰੁਪਏ ਏਕੜ ਹੁੰਦੀ ਹੈ ।
ਫੁੱਲਾਂ ਦੀ ਕਾਮਯਾਬ ਕਾਸ਼ਤ ਕਰਕੇ ਕਿਸਾਨ ਗੁਰਵਿੰਦਰ ਸਿੰਘ ਸੋਹੀ ਨੇ ਜ਼ਿੰਦਗੀ ’ਚ ਭਰੀ ਖੁਸ਼ਬੋ
ਅੰਤ ਸਰਦਾਰ ਗੁਰਿੰਦਰ ਸਿੰਘ ਸੋਹੀ ਨੇ ਕਿਹਾ ਕਿ ਫੁੱਲਾਂ ਦੀ ਖੇਤੀ ਦਾ ਭਵਿੱਖ ਬਹੁਤ ਚੰਗਾ ਹੈ ਇਸ ਲਈ ਉਹ ਆਉਣ ਵਾਲੇ ਸਮੇਂ ਵਿੱਚ ਫੁੱਲਾਂ ਹੇਠਲਾ ਰਕਬਾ ਵਧਾਉਂਦੇ ਰਹਿਣਗੇ । ਪੰਜਾਬ ਦੇ ਨਿਰਾਸ਼ ਹੋ ਚੁੱਕੇ ਕਿਸਾਨਾਂ ਨੂੰ ਵੀ ਕੁਝ ਹੱਟਕੇ ਕਰਨਾ ਚਾਹੀਦਾ ਹੈ। ਜ਼ਰੂਰੀ ਨਹੀਂ ਕਿ ਉਹ ਫੁੱਲਾਂ ਦੀ ਖੇਤੀ ਹੀ ਕਾਰਨ ਉਹ ਕੁਝ ਹੋਰ ਵੀ ਵੱਖਰਾ ਕਰ ਸਕਦੇ ਹਨ । ਕਿਉਂਕਿ ਪੰਜਾਬ ਦੇ ਕਿਸਾਨ ਨੂੰ ਕੋਈ ਵੀ ਜਿਣਸ ਪੈਦਾ ਕਰਨ ਦੀ ਸਮੱਸਿਆ ਨਹੀਂ ਆਉਂਦੀ ਸਗੋਂ ਮਾਰ ਹਮੇਸ਼ਾਂ ਮੰਡੀਕਰਨ ਦੇ ਸਮੇਂ ਪੈਂਦੀ ਹੈ । ਜੇਕਰ ਫੁੱਲਾਂ ਦੀ ਹੀ ਗੱਲ ਕਰੀਏ ਤਾਂ ਪੰਜਾਬ ਵਿੱਚ ਇਸ ਦੀ ਮੰਡੀ ਨਾ ਹੋਣ ਦੇ ਬਾਵਜੂਦ ਵੀ ਤਜਰਬੇ ਨਾਲ ਚੰਗੀ ਕਮਾਈ ਕੀਤੀ ਜਾ ਸਕਦੀ ਹੈ । ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਦੀ ਫਿਤਰਤ ਹਮੇਸ਼ਾਂ ਇਹ ਹੁੰਦੀ ਹੈ ਕਿ ਘਰੋਂ ਜਿਣਸ ਜੇਕਰ ਮੰਡੀ ਲੈ ਕੇ ਜਾਣੀ ਹੈ ਤਾਂ ਵਾਪਸ ਘਰ ਨਹੀਂ ਲੈ ਕੇ ਆਉਣੀ ਚਾਹੇ ਉਸ ਦਾ ਮੁੱਲ ਸਹੀ ਮਿਲੇ ਜਾਂ ਨਾ ਮਿਲੇ , ਪਰ ਅਜਿਹਾ ਨਹੀਂ ਹੋਣਾ ਚਾਹੀਦਾ ਸਾਨੂੰ ਆਪਣੀ ਜਿਣਸ ਦਾ ਮੁੱਲ ਆਪ ਤੈਅ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਉਸ ਨੂੰ ਆਪਣਾ ਮੁੜ੍ਹਕਾ ਵਹਾ ਕੇ ਪੈਦਾ ਕੀਤਾ ਹੈ । ਉਦਾਹਰਨ ਵਜੋਂ ਉਨ੍ਹਾਂ ਕਿਹਾ ਕਿ ਸ਼ੁਰੂਆਤ ਦੇ ਸਮਿਆਂ ਵਿੱਚ ਕਈ ਵਾਰ ਸਹੀ ਮੁੱਲ ਨਾ ਮਿਲਣ ਕਰਕੇ ਉਨ੍ਹਾਂ ਨੇ ਆਪਣੇ ਫੁੱਲ ਵਾਪਸ ਘਰ ਲਿਆਂਦੇ ਹਨ ਪਰ ਆਪਣੀ ਉਪਜ ਨੂੰ ਸਹੀ ਮੁੱਲ ਤੇ ਵੇਚਣ ਲਈ ਅੜੀ ਰੱਖੀ ਅਤੇ ਸਾਰਥਕ ਨਤੀਜੇ ਹਾਸਲ ਕੀਤੇ । ਇਸ ਲਈ ਸਬਰ ਰੱਖਣਾ ਅਤੇ ਮੰਡੀਕਰਨ ਦੇ ਸਹੀ ਤਰੀਕੇ ਸਿੱਖਣੇ ਬਹੁਤ ਜ਼ਰੂਰੀ ਹਨ । ਉਨ੍ਹਾਂ ਕਿਹਾ " ਜਿਹਨੂੰ ਆ ਗਿਆ ਵੇਚਣ ਦਾ ਤਰੀਕਾ, ਉਹਦੀ ਇੱਥ ਹੀ ਅਮਰੀਕਾ।"
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’
ਜਾਣੋ ਫਸਲਾਂ ਦੇ ਨੁਕਸਾਨ ਦੀ ਭਰਪਾਈ ਕਿਵੇਂ ਕੀਤੀ ਜਾਵੇ ਤੇ ਕਿਵੇਂ ਲੈ ਸਕਦੇ ਹੋ ਸਰਕਾਰੀ ਬੀਮੇ ਦਾ ਲਾਭ
NEXT STORY