ਗੁਰਦਾਸਪੁਰ (ਹਰਮਨਪ੍ਰੀਤ) - ਪੰਜਾਬ ਅੰਦਰ ਖੇਤੀਬਾੜੀ ਨੂੰ ਘਾਟੇ ਵਾਲਾ ਸੌਦਾ ਮੰਨ ਕੇ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਨੌਜਵਾਨਾਂ ਲਈ ਪੰਜਾਬ ਦੇ ਕਪੂਰਥਲੇ ਜ਼ਿਲੇ ਨਾਲ ਸਬੰਧਤ ਕਿਸਾਨ ਰਣਜੀਤ ਸਿੰਘ ਥਿੰਦ ਨੇ ਸਫਲਤਾ ਦੀ ਵਿਲੱਖਣ ਕਹਾਣੀ ਲਿਖੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪਵਿੱਤਰ ਯਾਦਾਂ ਸਮੋਈ ਬੈਠੀ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਕਰੀਬ 12 ਕਿਲੋਮੀਟਰ ਵੱਸੇ ਪਿੰਡ ਬੂਲਪੁਰ ਦੀ ਮਿੱਟੀ ਨਾਲ ਮਿੱਟੀ ਹੋ ਕੇ ਰਣਜੀਤ ਸਿੰਘ ਥਿੰਦ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰਨ ਦੇ ਫਲਸਫੇ ਨੂੰ ਇਸ ਹੱਦ ਤੱਕ ਅਪਣਾਇਆ ਹੈ। ਉਸ ਵੱਲ ਦੇਖ ਕੇ ਨਾ ਸਿਰਫ ਇਸ ਜ਼ਿਲੇ ਦੇ ਕਿਸਾਨ ਸਖ਼ਤ ਮਿਹਨਤ ਕਰਨ ਦੀ ਸੇਧ ਲੈ ਰਹੇ ਹਨ ਸਗੋਂ ਪੂਰੇ ਪੰਜਾਬ ਵਿਚ ਵੀ ਇਸ ਕਿਸਾਨ ਦੀ ਮਿਹਨਤ ਦੇ ਚਰਚੇ ਹਨ। ਜਗ ਬਾਣੀ ਵੱਲੋਂ ਇਸ ਕਿਸਾਨ ਨਾਲ ਕੀਤੀ ਗਈ ਗੱਲਬਾਤ ਦੌਰਾਨ ਇਕ ਅਹਿਮ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਇਸ ਕਿਸਾਨ ਨੇ ਪਿਛਲੇ ਕਰੀਬ 25 ਸਾਲਾਂ ਦੌਰਾਨ ਲਗਾਤਾਰ ਸ਼ਿਮਲਾ ਮਿਰਚ ਦੀ ਕਾਸ਼ਤ ਕਰਦਿਆਂ ਇਕ ਸੀਜਨ ਵਿਚ ਇਕੋ ਖੇਤ ਵਿਚੋਂ ਦੋ-ਦੋ ਫਸਲਾਂ ਦੀ ਪੈਦਾਵਾਰ ਵੀ ਲਈ ਹੈ।
ਹਰ ਪਲ ਖੁਸ਼ ਰਹਿ ਕੇ ਆਪਣੀ ਚੰਗੀ ਜ਼ਿੰਦਗੀ ਬਸਰ ਕਰੋ
ਕਪੂਰਥਲੇ ਤੋਂ 12 ਕਿਲੋਮੀਟਰ ਦੂਰ ਹੈ ਪਿੰਡ ਬੂਲਪੁਰ
ਕਪੂਰਥਲੇ ਅਤੇ ਸੁਲਤਾਨਪੁਰ ਲੋਧੀ ਤੋਂ ਕਰੀਬ 12-13 ਕਿਲੋਮੀਟਰ ਦੂਰੀ ’ਤੇ ਸਥਿਤ ਪਿੰਡ ਬੂਲਪੁਰ ਨਾਲ ਸਬੰਧਿਤ ਕਿਸਾਨ ਰਣਜੀਤ ਸਿੰਘ ਥਿੰਦ ਦੀ ਆਪਣੀ ਜਮੀਨ ਕਰੀਬ 5 ਏਕੜ ਹੈ ਜਦੋਂ ਕਿ ਉਨ੍ਹਾਂ ਦੇ ਭਰਾ ਸੇਵਾ ਮੁਕਤ ਬੀ. ਪੀ. ਈ. ਓ. ਸਾਧੂ ਸਿੰਘ ਬੂਲਪੁਰ ਦੀ 5 ਏਕੜ ਜ਼ਮੀਨ ਵੀ ਉਨ੍ਹਾਂ ਨੇ ਠੇਕੇ ’ਤੇ ਲਈ ਹੋਈ ਹੈ। ਕਰੀਬ 50 ਸਾਲ ਉਮਰ ਦੇ ਰਣਜੀਤ ਸਿੰਘ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਕੀਤੀ ਹੈ ਜਿਨ੍ਹਾਂ ਦਾ ਖੇਤੀਬਾੜੀ ਦੇ ਕੰਮ ’ਚ ਤਜ਼ਰਬਾ ਕਿਸੇ ਵੱਡੇ ਸਾਇੰਸਦਾਨ ਤੋਂ ਘੱਟ ਨਹੀਂ। ਰਣਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ 25 ਸਾਲਾਂ ਤੋਂ ਉਹ ਆਪਣੇ ਖੇਤਾਂ ਵਿਚ ਸ਼ਿਮਲਾ ਮਿਰਚ, ਕਣਕ ਅਤੇ ਝੋਨੇ ਦੀ ਕਾਸ਼ਤ ਕਰਦਾ ਆ ਰਿਹਾ ਹੈ।
...ਚੱਲੋ ਕੋਰੋਨਾ ਕਾਰਨ ਕੁਝ ਤਾਂ ਫਾਇਦਾ ਹੋਇਆ
ਇਕੋ ਵੇਲੇ ਲੈਂਦਾ ਹੈ ਦੋ ਫਸਲਾਂ ਦੀ ਆਮਦਨ
ਰਣਜੀਤ ਸਿੰਘ ਨੇ ਦੱਸਿਆ ਕਿ ਉਹ ਕਣਕ ਦੀ ਕਟਾਈ ਦੇ ਬਾਅਦ ਖੇਤਾਂ ਵਿਚ ਅੱਗ ਨਹੀਂ ਲਗਾਉਂਦਾ ਅਤੇ ਖੇਤ ਤਿਆਰ ਕਰਕੇ 3-3 ਫੁੱਟ ਦੂਰੀਆਂ ਵਾਲੀਆਂ ਵੱਟਾਂ ’ਤੇ ਸ਼ਿਮਲਾ ਮਿਰਚ ਦੀ ਬਿਜਾਈ ਕਰਦਾ ਹੈ। ਉਨਾਂ ਦੱਸਿਆ ਕਿ ਫਸਲ ਨੂੰ ਪੂਰੀ ਧੁੱਪ ਦੇਣ ਲਈ ਉਹ ਚੜ੍ਹਦੇ ਤੋਂ ਲਹਿੰਦੇ ਵਾਲੇ ਪਾਸੇ ਨੂੰ ਵੱਟਾਂ ਬਣਾਉਂਦੇ ਹਨ ਜਿਨ੍ਹਾਂ ਦੇ ਉੱਪਰ ਉੱਤਰ ਦਿਸ਼ਾ ਵਾਲੇ ਪਾਸੇ ਉਹ ਅਕਤੂਬਰ ਮਹੀਨੇ ਲਸਣ ਦੀ ਬਿਜਾਈ ਕਰਦਾ। ਲਸਣ ਨੂੰ ਪਾਣੀ ਲਾਉਣ ਦੇ ਬਾਅਦ ਉਹ ਵੱਟਾਂ ਦੇ ਉੱਤਰ ਦਿਸ਼ਾ ਵਾਲੇ ਪਾਸੇ ਸ਼ਿਮਲਾ ਮਿਰਚ ਦੀ ਪਨੀਰੀ ਲਗਾ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਲਵਾਈ ਦੇ ਕਰੀਬ ਇਕ ਮਹੀਨੇ ਬਾਅਦ ਉਹ ਗੋਡੀ ਕਰਵਾਉਣ ਦੇ ਬਾਅਦ ਵੱਟਾਂ ਉਪਰ ਮਿੱਟੀ ਚੜ੍ਹਾ ਕੇ 10-10 ਫੁੱਟ 'ਤੇ ਲੋਹੇ ਦੇ ਰਿੰਗ ਗੱਢ ਦਿੰਦੇ ਹਨ, ਜਿਨ੍ਹਾਂ ਦੇ ਉਪਰ ਪੋਲੀਥੀਨ ਦੀ ਸ਼ੀਟ/ਤਰਪਾਲ ਪਾ ਕੇ ਸਾਰੀ ਫਸਲ ਨੂੰ ਢੱਕ ਦਿੰਦੇ ਹਨ ਤਾਂ ਜੋ ਸਰਦੀ ਦੇ ਦਿਨਾਂ ਵਿਚ ਕੋਹਰਾ ਤੇ ਧੁੰਦ ਸ਼ਿਮਲਾ ਮਿਰਚ ਦਾ ਨੁਕਸਾਨ ਨਾ ਕਰੇ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਉਹ ਤਰਪਾਲ ਹਟਾ ਕੇ ਸਪਰੇਅ ਕਰਦੇ ਹਨ। ਜਿਸ ਦੇ ਬਾਅਦ 15 ਫਰਵਰੀ ਉਪਰੰਤ ਤਰਪਾਲ ਅਤੇ ਰਿੰਗ ਚੁੱਕ ਦਿੱਤੇ ਜਾਂਦੇ ਹਨ। ਉਨਾਂ ਦੱਸਿਆ ਕਿ ਸ਼ਿਮਲਾ ਮਿਰਚ ਫਰਵਰੀ-ਮਾਰਚ ’ਚ ਫਲ ਦੇਣਾ ਸ਼ੁਰੂ ਕਰ ਦਿੰਦੀ ਹੈ ਜੋ ਜੂਨ ਦੇ ਅਖੀਰ ਤੱਕ ਫਲ ਦਿੰਦੀ ਰਹਿੰਦੀ ਹੈ। ਇਸੇਤਰਾਂ ਲਸਣ ਵੀ ਅਪ੍ਰੈਲ ਮਹੀਨੇ ਪੁੱਟਿਆ ਜਾਂਦਾ ਹੈ। ਉਨਾਂ ਦੱਸਿਆ ਕਿ ਕਈ ਵਾਰ ਉਹ ਲਸਣ ਲਾਉਣ ਦੀ ਬਜਾਏ ਦਸੰਬਰ ਦੇ ਅਖੀਰ ਵਿਚ ਪਿਆਜ ਲਗਾ ਦਿੰਦੇ ਹਨ। ਜੂਨ ਵਿਚ ਖੇਤ ਵਿਹਲਾ ਕਰ ਕੇ ਉਹ ਇਸੇ ਖੇਤ ਵਿਚ ਝੋਨੇ ਦੀ ਲਵਾਈ ਕਰਦੇ ਹਨ। ਜਿਸ ਦੀ ਕਟਾਈ ਦੇ ਬਾਅਦ ਮੁੜ ਇਹੀ ਫਸਲੀ ਚੱਕਰ ਚਲਦਾ ਰਹਿੰਦਾ ਹੈ।
ਆਲਮੀ ਡਾਕਟਰ ਦਿਹਾੜੇ 'ਤੇ ਵਿਸ਼ੇਸ਼: ਕੋਰੋਨਾ ਆਫ਼ਤ ਦਾ ਮੁਕਾਬਲਾ ਕਰਦੇ ਯੋਧਿਆਂ ਨੂੰ ਸਲਾਮ
ਖੁਦ ਤਿਆਰ ਕਰਦੇ ਹਨ ਪਨੀਰੀ
ਸ਼ਿਮਲਾ ਮਿਰਚ ਦਾ ਬੀਜ ਕਰੀਬ ਸਵਾ ਲੱਖ ਰੁਪਏ ਦੇ ਕਰੀਬ ਮੁੱਲ ’ਤੇ ਮਿਲਦਾ ਹੈ ਅਤੇ ਇਕ ਏਕੜ ਰਕਬੇ ਲਈ ਪਨੀਰੀ ਤਿਆਰ ਕਰਨ ਲਈ ਕਰੀਬ 160 ਕਿਲੋਗ੍ਰਾਮ ਬੀਜ ਦੀ ਲੋੜ ਪੈਂਦੀ ਹੈ। ਪਰ ਰਣਜੀਤ ਸਿੰਘ ਵੱਲੋਂ ਪਨੀਰੀ ਮੁੱਲ ਲਿਆਉਣ ਦੀ ਬਜਾਏ ਖੁਦ ਹੀ ਪਨੀਰੀ ਤਿਆਰ ਕੀਤੀ ਜਾਂਦੀ ਹੈ। ਇਸ ਨਾਲ ਖਰਚ ਘੱਟ ਜਾਂਦਾ ਹੈ। ਦੂਜੇ ਪਾਸੇ ਲਸਣ ਦੀ ਕਾਸ਼ਤ ਨਾਲ ਰਣਜੀਤ ਸਿੰਘ ਵੱਲੋਂ ਉਸੇ ਖੇਤ ਵਿਚੋਂ ਲਸਣ ਦੀ ਕਰੀਬ 10 ਕੁਇੰਟਲ ਪੈਦਾਵਾਰ ਲੈ ਕੇ ਔਸਤਨ 40 ਹਜ਼ਾਰ ਰੁਪਏ ਪ੍ਰਤੀ ਏਕੜ ਵਾਧੂ ਕਮਾਈ ਕਰਨ ਲਈ ਜਾਂਦੀ ਹੈ, ਜਿਸ ਨਾਲ ਉਸ ਖੇਤ ਵਿਚ ਸ਼ਿਮਲਾ ਮਿਰਚ ਦੀ ਕਾਸ਼ਤ ’ਤੇ ਕੀਤੇ ਖਰਚੇ ਅਸਾਨੀ ਨਾਲ ਪੂਰੇ ਹੋ ਜਾਂਦੇ ਹਨ। ਰਣਜੀਤ ਸਿੰਘ ਨੇ ਦੱਸਿਆ ਕਿ ਇਕ ਏਕੜ ਸ਼ਿਮਲਾ ਮਿਰਚ ਲਈ 16 ਹਜ਼ਾਰ ਰੁਪਏ ਦੇ ਕਰੀਬ ਕੀਮਤ ਦਾ 160 ਗਰਾਮ ਬੀਜ, 25 ਹਜ਼ਾਰ ਰੁਪਏ ਦੇ ਕਰੀਬ ਕੀਮਤ ਵਾਲੇ ਲੋਹੇ ਦੇ ਰਿੰਗ (ਜੋ 4-5 ਸੀਜਨ ਚਲਦੇ ਹਨ), 10 ਹਜ਼ਾਰ ਰੁਪਏ ਦੇ ਕਰੀਬ ਕੀਮਤ ਵਾਲਾ ਪੋਲੀਥੀਨ, ਗੋਡੀਆਂ, ਖਾਦਾਂ, ਦਵਾਈਆਂ, ਦੇ ਖਰਚੇ ਮਿਲਾ ਕੇ ਪਹਿਲੀ ਤੁੜਾਈ ਤੱਕ ਸ਼ਿਮਲਾ ਮਿਰਚ 'ਤੇ ਕਰੀਬ 80 ਹਜ਼ਾਰ ਰੁਪਏ ਪ੍ਰਤੀ ਏਕੜ ਖਰਚ ਹੋ ਜਾਂਦਾ ਹੈ। ਜੇਕਰ ਰੇਟ ਚੰਗਾ ਮਿਲ ਜਾਵੇ ਤਾਂ ਸ਼ਿਮਲਾ ਮਿਰਚ ਕਿਸਾਨ ਦੀ ਚੋਖੀ ਕਮਾਈ ਦਾ ਸਾਧਨ ਬਣਦੀ ਹੈ ਕਿਉਂਕਿ ਆਮ ਤੌਰ ’ਤੇ ਪ੍ਰਤੀ ਏਕੜ ਖੇਤ ਵਿਚੋਂ ਕਿਸਾਨ 250 ਕੁਇੰਟਲ ਪੈਦਾਵਾਰ ਲੈ ਲੈਂਦੇ ਹਨ ਅਤੇ ਕਈ ਕਿਸਾਨ ਤਾਂ ਇਸ ਤੋਂ ਜ਼ਿਆਦਾ ਪੈਦਾਵਾਰ ਲੈਣ ਵਿਚ ਸਫਲ ਰਹਿੰਦੇ ਹਨ।
ਲਸਣ ਨਾਲ ਵਧਦੀ ਪੈ ਸ਼ਿਮਲਾ ਮਿਰਚ ਦੀ ਪੈਦਾਵਾਰ
ਰਣਜੀਤ ਸਿੰਘ ਨੇ ਦੱਸਿਆ ਕਿ ਸ਼ਿਮਲਾ ਮਿਰਚ ਦੇ ਨਾਲ ਹੀ ਲਸਣ ਦੀ ਕਾਸ਼ਤ ਉਸ ਨੇ ਹੀ ਸ਼ੁਰੂਆਤ ਕੀਤੀ ਸੀ। ਉਨਾਂ ਕਿਹਾ ਕਿ ਲਸਣ ਸ਼ਿਮਲਾ ਮਿਰਚ ਨੂੰ ਕਈ ਬੀਮਾਰੀਆਂ ਅਤੇ ਕੀੜਿਆਂ ਤੋਂ ਬਚਾ ਕੇ ਰੱਖਦਾ ਹੈ ਅਤੇ ਪੈਦਾਵਾਰ ਵਿਚ ਵਾਧੇ ਦਾ ਕਾਰਣ ਬਣਦਾ ਹੈ। ਇਸ ਦੇ ਨਾਲ ਹੀ ਇਕ ਅਹਿਮ ਗੱਲ ਇਹ ਵੀ ਹੈ ਕਿ ਲਸਣ ਦੀ ਕਾਸ਼ਤ ਲਈ ਕੋਈ ਵੀ ਵਾਧੂ ਖਰਚਾ ਨਹੀਂ ਕਰਨਾ ਪੈਂਦਾ ਕਿਉਂਕਿ ਸ਼ਿਮਲਾ ਮਿਰਚ ਨੂੰ ਜੋ ਖਾਦਾਂ ਦਵਾਈਆਂ ਪਾਈਆਂ ਜਾਂਦੀਆਂ ਹਨ, ਉਨਾਂ ਨਾਲ ਹੀ ਲਸਣ ਦੀ ਕਾਸ਼ਤ ਵੀ ਹੋ ਜਾਂਦੀ ਹੈ।
ਝੋਨੇ ਦੇ ਖੇਤ ’ਚ ਨਹੀਂ ਪਾਉਂਦਾ ਯੂਰੀਆ ਖਾਦ
ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਸ਼ਿਮਲਾ ਮਿਰਚ ਦੀ ਤੁੜਾਈ ਦੇ ਬਾਅਦ ਉਹ ਇਸ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਹੀ ਰੋਟਾਵੇਟਰ ਨਾਲ ਵਾਹ ਦਿੰਦਾ ਹੈ ਜੋ ਹਰੀ ਖਾਦ ਦੇ ਰੂਪ ਵਿਚ ਕੰਮ ਕਰ ਕੇ ਖੇਤ ਦੀ ਉਪਜਾਊ ਸ਼ਕਤੀ ਵਧਾ ਦਿੰਦੀ ਹੈ। ਇਸ ਨਾਲ ਉਸ ਨੇ ਕਦੀ ਝੋਨੇ ਦੇ ਖੇਤਾਂ ਵਿਚ ਇਕ ਕਿਲੋ ਯੂਰੀਆ ਖਾਦ ਵੀ ਨਹੀਂ ਪਾਈ। ਇਸ ਨਾਲ ਉਸ ਦੇ ਖਰਚੇ ਵੀ ਬਚ ਜਾਂਦੇ ਹਨ ਅਤੇ ਝੋਨੇ ਦੇ ਖੇਤਾਂ ਵਿਚ ਬਿਮਾਰੀਆਂ ਤੇ ਕੀੜਿਆਂ ਦਾ ਹਮਲਾ ਵੀ ਘੱਟ ਹੁੰਦਾ ਹੈ।
ਪੀ. ਏ. ਯੂ. ਵੱਲੋਂ ਕੀਤਾ ਜਾ ਚੁੱਕੈ ਸਨਮਾਨ
ਉਸ ਨੇ ਦੱਸਿਆ ਕਿ ਪੀ. ਏ. ਯੂ. ਲੁਧਿਆਣਾ ਵੱਲੋਂ ਉਸ ਨੂੰ ਹੁਣ ਤੱਕ ਤਿੰਨ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ ਜਿਸ ਤਹਿਤ 2004 ਵਿਚ ਉਸ ਨੂੰ ਕਿਸਾਨ ਮੇਲੇ ਦੌਰਾਨ ਸਭ ਤੋਂ ਵਧੀਆ ਕਿਸਮ ਦੀ ਸ਼ਿਮਲਾ ਮਿਰਚ ਤਿਆਰ ਕਰਨ ਲਈ ਪਹਿਲਾ ਇਨਾਮ ਮਿਲਿਆ ਸੀ ਜਦੋਂ ਕਿ ਕਿ 2007 ਅਤੇ 2011 ਵਿਚ ਉਸ ਨੇ ਦੂਸਰਾ ਸਥਾਨ ਹਾਸਿਲ ਕਰਕੇ ਇਨਾਮ ਹਾਸਿਲ ਕੀਤੇ ਸਨ।
ਖੇਤੀ ਸੰਦਾਂ ’ਤੇ ਵੀ ਨਹੀਂ ਕੀਤਾ ਜ਼ਿਆਦਾ ਖਰਚ
ਕਿਸਾਨ ਨੇ ਦੱਸਿਆ ਕਿ ਉਸ ਨੇ ਟਰੈਕਟਰ, ਰੋਟਾਵੇਟਰ ਅਤੇ ਕੁਝ ਹੋਰ ਜ਼ਰੂਰੀ ਖੇਤੀ ਸੰਦ ਹੀ ਰੱਖੇ ਹੋਏ ਹਨ ਜਦੋਂ ਕਿ ਬੇਲੋੜੇ ਖਰਚਿਆਂ ਤੋਂ ਗੁਰੇਜ਼ ਕੀਤਾ ਹੈ। ਉਸ ਨੇ ਦੱਸਿਆ ਕਿ 4 ਪਸ਼ੂ ਰੱਖ ਕੇ ਦੁੱਧ ਵੀ ਵੇਚਦਾ ਹੈ ਘਰੇਲੂ ਵਰਤੋਂ ਲਈ ਦਾਲਾਂ ਤੇ ਸਬਜ਼ੀਆਂ ਵੀ ਖੁਦ ਤਿਆਰ ਕਰਦਾ ਹੈ।
‘ਝੋਨੇ ਤੇ ਬਾਸਮਤੀ ਦੀ ਕੁਆਲਿਟੀ ਪੈਦਾਵਾਰ ਲਈ ਖਾਦਾ ਤੇ ਜ਼ਹਿਰਾਂ ਦਾ ਇਸਤੇਮਾਲ ਘਟਾਓ’
NEXT STORY