ਗੁਰਦਾਸਪੁਰ (ਹਰਮਨ) - ਪੰਜਾਬ ਅੰਦਰ ਗੰਨੇ ਦੀ ਕਟਾਈ ਦਾ ਸੀਜਨ ਸ਼ੁਰੂ ਹੋਣ ਵਿਚ ਕੁਝ ਹੀ ਹਫਤਿਆਂ ਦਾ ਸਮਾਂ ਰਹਿ ਜਾਣ ਦੇ ਬਾਵਜੂਦ ਸਹਿਕਾਰੀ ਅਤੇ ਪ੍ਰਾਈਵੇਟ ਖੰਡ ਮਿੱਲਾਂ ਵਲੋਂ ਅਜੇ ਤੱਕ ਪਿਛਲੇ ਸਾਲ ਦੀਆਂ ਅਦਾਇਗੀਆਂ ਕਰਨ ਦਾ ਕੰਮ ਮੁਕੰਮਲ ਨਹੀਂ ਕੀਤਾ ਜਾ ਸਕਿਆ। ਇਸ ਸਾਲ ਸਿੱਤਮ ਦੀ ਗੱਲ ਇਹ ਹੈ ਕਿ ਖੰਡ ਅਤੇ ਸੀਰੇ ਦੇ ਰੇਟ ਵਧਣ ਕਾਰਣ ਪਿਛਲੇ ਸਾਲ ਦੇ ਮੁਕਾਬਲੇ ਮੋਟੀ ਕਮਾਈ ਕਰਨ ਵਾਲੀਆਂ ਖੰਡਾਂ ਮਿੱਲਾਂ ਗੰਨਾ ਕਾਸ਼ਤਕਾਰਾਂ ਦੀਆਂ ਅਦਾਇਗੀਆਂ ਦੱਬ ਕੇ ਬੈਠੀਆਂ ਹਨ। ਏਨਾ ਹੀ ਨਹੀਂ ਇਸ ਸਾਲ ਕੋਰੋਨਾ ਵਾਇਰਸ ਨੇ ਕਿਸਾਨਾਂ ਦੀ ਆਰਥਿਕਤਾ ਅਤੇ ਹੋਰ ਕੰਮ ਕਾਜ ਨੂੰ ਪ੍ਰਭਾਵਿਤ ਕੀਤਾ ਹੈ, ਪਰ ਦੂਜੇ ਪਾਸੇ ਪ੍ਰਾਈਵੇਟ ਖੰਡ ਮਿੱਲਾਂ ਲਈ ਇਸ ਵਾਇਰਸ ਵੀ ਇਕ ਤਰ੍ਹਾਂ ਨਾਲ ਵਰਦਾਨ ਹੀ ਸਿੱਧ ਹੋਇਆ ਹੈ ਕਿਉਂਕਿ ਅਨੇਕਾਂ ਖੰਡ ਮਿੱਲਾਂ ਨੇ ਇਸ ਸਾਲ ਸੈਨੇਟਾਈਜਰ ਤਿਆਰ ਕਰ ਕੇ ਵੀ ਚੰਗੀ ਕਮਾਈ ਕੀਤੀ ਹੈ। ਪਰ ਕਿਸਾਨਾਂ ਦੀਆਂ ਅਦਾਇਗੀਆਂ ਦੇ ਮਾਮਲੇ ਵਿਚ ਚੁੱਪ ਬੈਠੀਆਂ ਖੰਡ ਮਿੱਲਾਂ ਪ੍ਰਤੀ ਕਿਸਾਨ ਜਥੇਬੰਦੀਆਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪਿਛਲੇ ਸਾਲ ਦੇ ਮੁਕਾਬਲੇ ਵਧੇ ਖੰਡ ਅਤੇ ਸੀਰੇ ਦੇ ਰੇਟ
ਇਕੱਤਰ ਜਾਣਕਾਰੀ ਅਨੁਸਾਰ ਇਸ ਸਾਲ ਖੰਡ ਦਾ ਰੇਟ 3500 ਤੋਂ 4000 ਰੁਪਏ ਪ੍ਰਤੀ ਕੁਇੰਟਲ ਰਿਹਾ ਹੈ ਜਦੋਂ ਕਿ ਪਿਛਲੇ ਸਾਲ ਇਹ ਰੇਟ 3000 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਸੀ। ਇਸ ਦੇ ਨਾਲ ਹੀ ਇਸ ਸਾਲ ਸੀਰੇ ਦੇ ਰੇਟ ਵਿਚ ਤਾਂ ਦੁਗਣੇ ਤੋਂ ਵੀ ਜ਼ਿਆਦਾ ਵਾਧਾ ਹੋਇਆ ਹੈ। ਪਿਛਲੇ ਸਾਲਾਂ ਦੌਰਾਨ ਸੀਰੇ ਦਾ ਰੇਟ ਤਕਰੀਬਨ 350 ਤੋਂ 550 ਰੁਪਏ ਪ੍ਰਤੀ ਕੁਇੰਟਲ ਤੱਕ ਰਹਿੰਦਾ ਸੀ, ਪਰ ਇਸ ਸੀਜਨ ਵਿਚ ਇਹ ਰੇਟ 850 ਤੋਂ 900 ਰੁਪਏ ਤੱਕ ਪਹੁੰਚਣ ਕਾਰਣ ਮਿੱਲਾਂ ਦੀ ਆਮਦਨ ਵਿਚ ਵਾਧਾ ਹੋਇਆ ਹੈ।
ਪੜ੍ਹੋ ਇਹ ਵੀ ਖਬਰ - ਕੇਂਦਰੀ ਖੇਤੀਬਾੜੀ ਮੰਤਰੀ ਦੁਆਰਾ ਖੇਤੀ ਆਰਡੀਨੈਂਸਾਂ ਦੇ ਸਮਰਥਨ ’ਚ ਦਿੱਤੇ ਤਰਕਾਂ ’ਤੇ ਮਾਹਿਰਾਂ ਦੀ ਰਾਇ ਵੱਖ
ਖੰਡ ਮਿੱਲਾਂ ਵੱਲ ਫਸੇ ਹਨ ਕਿਸਾਨਾਂ ਦੇ 307 ਕਰੋੜ ਰੁਪਏ
ਪਿਛਲੇ ਸਾਲ ਸੂਬੇ ਅੰਦਰ ਵੱਖ-ਵੱਖ ਸਹਿਕਾਰੀ ਤੇ ਪ੍ਰਾਈਵੇਟ ਖੰਡ ਮਿੱਲਾਂ ਨੇ 561.21 ਲੱਖ ਕੁਇੰਟਲ ਗੰਨਾ ਪੀੜਿਆ ਸੀ ਜਿਸ ਵਿਚੋਂ ਕਰੀਬ 70 ਫੀਸਦੀ ਗੰਨਾ ਪ੍ਰਾਈਵੇਟ ਮਿੱਲਾਂ ਨੇ ਪੀੜਿਆ ਸੀ। ਇਸ ਗੰਨੇ ਦੀਆਂ ਕੁੱਲ 1739.70 ਕਰੋੜ ਰੁਪਏ ਦੀਆਂ ਅਦਾਇਗੀਆਂ ਬਣਦੀਆਂ ਸਨ। ਜਿਨ੍ਹਾਂ ਵਿਚੋਂ 1432 ਕਰੋੜ ਰੁਪਏ ਦੀਆਂ ਅਦਾਇਗੀਆਂ ਹੋ ਚੁੱਕੀਆਂ ਹਨ ਅਤੇ 307 ਕਰੋੜ ਰੁਪਏ ਅਜੇ ਵੀ ਅਦਾ ਨਹੀਂ ਕੀਤੇ ਗਏ। ਇਸ ਰਾਸ਼ੀ ਵਿਚ ਸਹਿਕਾਰੀ ਖੰਡ ਮਿੱਲਾਂ ਵੱਲ ਕਿਸਾਨਾਂ ਦੇ ਕਰੀਬ 100 ਕਰੋੜ ਰੁਪਏ ਬਕਾਇਆ ਹਨ ਜਦੋਂ ਕਿ ਬਾਕੀ ਦੀਆਂ ਅਦਾਇਗੀਆਂ ਪ੍ਰਾਈਵੇਟ ਮਿੱਲਾਂ ਨੇ ਰੋਕੀਆਂ ਹੋਈਆਂ ਹਨ।
ਪੜ੍ਹੋ ਇਹ ਵੀ ਖਬਰ - ਕੀ ਹੈ ਖੇਤੀ ਆਰਡੀਨੈਂਸ? ਕਿਸਾਨ ਕਿਉਂ ਜਤਾ ਰਹੇ ਨੇ ਇਤਰਾਜ਼, ਜਾਣਨ ਲਈ ਪੜ੍ਹੋ ਇਹ ਖਬਰ
ਗੰਨੇ ਦਾ ਪੂਰਾ ਰੇਟ ਵੀ ਨਹੀਂ ਦਿੰਦੀਆਂ ਖੰਡ ਮਿੱਲਾਂ
ਕਿਸਾਨ ਆਗੂ ਗੁਰਪ੍ਰਤਾਪ ਸਿੰਘ, ਸੁਖਦੇਵ ਸਿੰਘ, ਬਲਬੀਰ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰਾਈਵੇਟ ਖੰਡ ਮਿੱਲਾਂ ਕਦੇ ਵੀ ਕਿਸਾਨਾਂ ਨੂੰ ਗੰਨੇ ਦਾ ਪੁਰਾ ਰੇਟ ਨਹੀਂ ਦਿੰਦੀਆਂ। ਪਿਛਲੇ ਸਾਲ ਕੇਂਦਰ ਵਲੋਂ ਦਾ ਰੇਟ ਪ੍ਰਤੀ ਕੁਇੰਟਲ 275 ਰੁਪਏ ਨਿਰਧਾਰਿਤ ਕੀਤਾ ਸੀ ਜਦੋਂ ਕਿ ਸਟੇਟ ਐਗਰੀਡ ਪ੍ਰਾਈਸ (ਐੱਸ. ਏ. ਪੀ.) ਅਨੁਸਾਰ ਇਹ ਰੇਟ 310 ਰੁਪਏ ਪ੍ਰਤੀ ਕੁਇੰਟਲ ਸੀ। ਪਰ ਮਿੱਲਾਂ ਦੇ ਮਾਲਕ ਕਿਸਾਨਾਂ ਨੂੰ ਕੇਂਦਰ ਵਲੋਂ ਨਿਰਧਾਰਿਤ ਰੇਟ ਵੀ ਪੂਰਾ ਨਹੀਂ ਦਿੰਦੇ। ਇਸ ਦੇ ਚੱਲਦਿਆਂ ਗੰਨੇ ਦੇ ਕੱਟ ਲਗਾ ਕੇ ਅਤੇ ਜਾਂ ਫਿਰ ਕਿਸੇ ਨਾ ਕਿਸੇ ਰੂਪ ਵਿਚ ਗੰਨੇ ਦੀ ਅਦਾਇਗੀ ਵਿਚ ਕਟੌਤੀ ਕਰ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਬਹੁਤ ਮਿੱਲਾਂ ਵਿਚ ਖੰਡ ਤਿਆਰ ਕਰਨ ਦੇ ਨਾਲ-ਨਾਲ ਈਥਾਨੋਲ ਪਲਾਂਟਸ, ਡਿਸਟਿਲਰੀਆਂ ਸਮੇਤ ਹੋਰ ਕਈ ਪ੍ਰਾਜੈਕਟ ਲੱਗੇ ਹੋਏ ਹਨ ਜਿਨ੍ਹਾਂ ਰਾਹੀਂ ਮਿੱਲ ਮਾਲਕ ਚੰਗੀ ਕਮਾਈ ਕਰ ਰਹੇ ਹਨ। ਪਰ ਕਿਸਾਨਾਂ ਨੂੰ ਅਦਾਇਗੀ ਦੇਣ ਦੇ ਮਾਮਲੇ ਵਿਚ ਇਹ ਮਿੱਲਾਂ ਹੱਥ ਘੁੱਟ ਜਾਂਦੀਆਂ ਹਨ।
ਖੰਡ ਦੀ ਰਿਕਵਰੀ ਵੀ ਰਹੀ ਵਧੀਆ
ਪੰਜਾਬ ਅੰਦਰ ਕੁੱਲ 16 ਸਹਿਕਾਰੀ ਮਿੱਲਾਂ ਹਨ ਜਿਨ੍ਹਾਂ ’ਚੋਂ 7 ਪ੍ਰਾਈਵੇਟ ਮਿੱਲਾਂ ਹਨ ਜਦੋਂ ਕਿ 9 ਮਿੱਲਾਂ ਸਹਿਕਾਰੀ ਹਨ। ਪਿਛਲੇ ਸਾਲ ਗੰਨੇ ਤੋਂ ਖੰਡ ਦੀ ਰਿਕਵਰੀ ਵੀ ਔਸਤਨ 9.72 ਫੀਸਦੀ ਰਹੀ ਸੀ ਜਦੋਂ ਕਿ ਭੋਗਪੁਰ ਮਿੱਲ ਵਿਚ ਇਹ ਰਿਕਵਰੀ 11 ਫੀਸਦੀ ਤੱਕ ਪਹੁੰਚ ਗਈ ਸੀ।
ਪੜ੍ਹੋ ਇਹ ਵੀ ਖਬਰ - ਖੇਤੀ ਆਰਡੀਨੈਂਸਾਂ ਕਾਰਣ ਚਿੰਤਾ ’ਚ ਡੁੱਬੇ ਪੰਜਾਬ ਦੀਆਂ ਮੰਡੀਆਂ ’ਚ ਕੰਮ ਕਰਨ ਵਾਲੇ 3 ਲੱਖ ਮਜ਼ਦੂਰ
ਕੀ ਕਹਿਣਾ ਹੈ ਪੰਜਾਬ ਦੇ ਕੇਨ ਕਮਿਸ਼ਨਰ ਦਾ
ਪੰਜਾਬ ਦੇ ਗੰਨਾ ਕਮਿਸ਼ਨਰ ਗੁਰਵਿੰਦਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਮੇਂ ਸਿਰ ਅਦਾਈਗੀਆਂ ਨਾ ਕਰਨ ਵਾਲੀਆਂ ਖੰਡ ਮਿੱਲਾਂ ਨੂੰ ਕਈ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਨਾਲ ਹੀ ਨਿਯਮਾਂ ਦੀ ਉਲੰਘਣਾ ਕਰ ਕੇ ਅਦਾਇਗੀਆਂ ਲੇਟ ਕਰਨ ਵਾਲੀਆਂ ਮਿੱਲਾਂ ਕੋਲੋਂ ਕਿਸਾਨਾਂ ਨੂੰ ਲੇਟ ਹੋਈ ਰਾਸ਼ੀ ’ਤੇ 14 ਫੀਸਦੀ ਵਿਆਜ ਦੇਣ ਲਈ ਵੀ ਨੋਟਿਸ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਮਿੱਲਾਂ ਵਲੋਂ ਲਗਾਤਾਰ ਅਦਾਇਗੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਰੋਜ਼ਾਨਾ ਹੀ ਔਸਤਨ 3 ਕਰੋੜ ਦੇ ਕਰੀਬ ਅਦਾਇਗੀਆਂ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਿਰਫ ਕੀੜੀ ਅਫਗਾਨਾ ਪ੍ਰਾਈਵੇਟ ਖੰਡ ਮਿੱਲ ਨੇ ਸਾਲ 2018-19 ਨਾਲ ਸਬੰਧਤ ਕਰੀਬ 15 ਕਰੋੜ ਰੁਪਏ ਦੀ ਪੁਰਾਣੀ ਅਦਾਇਗੀ ਕਰਨੀ ਹੈ ਜਦੋਂ ਕਿ ਬਾਕੀ ਦੀਆਂ ਸਾਰੀਆਂ ਮਿੱਲਾਂ ਨੇ ਪਿਛਲੇ ਸਾਲ ਨੂੰ ਛੱਡ ਕੇ ਉਸ ਤੋਂ ਪਿਛਲੀਆਂ ਸਾਰੀਆਂ ਅਦਾਇਗੀਆਂ ਕਲੀਅਰ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਅਦਾਇਗੀਆਂ ਦਾ ਕੰਮ ਲਗਾਤਾਰ ਜਾਰੀ ਰਹੇ ਜਿਸ ਤਹਿਤ ਇਕੱਲੇ ਸਤੰਬਰ ਮਹੀਨੇ ਦੇ ਕਰੀਬ 15 ਦਿਨਾਂ ਵਿਚ 33 ਕਰੋੜ ਕਿਸਾਨਾਂ ਦੇ ਖਾਤਿਆਂ ਵਿਚ ਪਾਏ ਗਏ ਹਨ ਜਿਨ੍ਹਾਂ ਵਿਚੋਂ 7.62 ਕਰੋੜ ਰੁਪਏ ਇਕ ਹਫਤੇ ਵਿਚ ਵੀ ਅਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਕਿਸਾਨਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਅਤੇ ਸਹਾਇਤਾ ਕਰਨ ਲਈ ਯਤਨਸ਼ੀਲ ਹੈ।
ਹੋਰ ਖ਼ਬਰਾਂ ਅਤੇ ਜਾਣਕਾਰੀ ਹਸਲ ਕਰਨ ਲਈ ਡਾਊਨਲੋਡ ਕਰੋ ਇਹ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ
ਗਿੱਪੀ ਗਰੇਵਾਲ ਤੋਂ ਗੁਰਦਾਸ ਮਾਨ ਤੱਕ, ਕਈ ਕਲਾਕਾਰਾਂ ਨੇ ਖੇਤੀ ਬਿੱਲਾਂ ਦਾ ਖੁੱਲ੍ਹ ਕੇ ਕੀਤਾ ਵਿਰੋਧ
NEXT STORY