ਅੰਮ੍ਰਿਤਸਰ (ਬਾਠ) - ਝੋਨੇ ਦੇ ਸੀਜ਼ਨ ਦੌਰਾਨ ਸ਼ਹਿਰ ਦੀ ਪ੍ਰਮੁੱਖ ਅਨਾਜ ਮੰਡੀ ’ਚ ਝੋਨੇ ਦੀ ਵਿਕਰੀ ਲਈ ਆ ਰਹੇ ਕਿਸਾਨਾਂ ਨੂੰ ਮੰਡੀ ਨਾਲ ਜੁਡ਼ੀ ਹਰ ਸਹੂਲਤ ਮੁਹੱਈਆ ਕਰਵਾਉਣ ਤੇ ਪ੍ਰਾਈਵੇਟ ਖਰੀਦਦਾਰਾਂ ਦੀ ਲੁੱਟ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਅੱਜ ਮਾਰਕੀਟ ਕਮੇਟੀ ਸਕੱਤਰ ਹਰਜੋਤ ਸਿੰਘ ਨੇ ਆਪਣੀ ਟੀਮ ਨਾਲ ਹਰ ਫਡ਼੍ਹ ’ਤੇ ਪਹੁੰਚ ਕੇ ਮੰਡੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਸਰਕਾਰੀ ਤੇ ਗੈਰ-ਸਰਕਾਰੀ ਖਰੀਦ ਏਜੰਸੀਆਂ, ਸ਼ੈਲਰ ਮਾਲਕਾਂ ਤੇ ਆਡ਼੍ਹਤੀਆਂ ਨੂੰ ਪੰਜਾਬ ਸਰਕਾਰ ਤੇ ਮੰਡੀ ਬੋਰਡ ਪੰਜਾਬ ਦੀਆਂ ਸਰਕਾਰੀ ਸਹੂਲਤਾਂ ਦੀ ਪਾਲਣਾ ਕਰਨ ਅਤੇ ਝੋਨੇ ਦੀ ਖਰੀਦ ’ਚ ਕਿਸਾਨਾਂ ਨੂੰ ਹਰ ਸੰਭਵ ਮਦਦ ਦੇਣ ਦੀ ਤਾਕੀਦ ਕੀਤੀ। ਇਸ ਤੋਂ ਪਹਿਲਾਂ ਸਥਾਨਕ ਮਾਰਕੀਟ ਕਮੇਟੀ ਦਫਤਰ ਵਿਖੇ ਆਡ਼੍ਹਤੀਆਂ ਤੇ ਕਿਸਾਨਾਂ ਦੀ ਕਰਵਾਈ ਗਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਕੱਤਰ ਹਰਜੋਤ ਸਿੰਘ ਨੇ ਕਿਹਾ ਕਿ ਇਸ ਵਾਰ ਖਰਾਬ ਮੌਸਮ ਕਾਰਨ ਬਾਸਮਤੀ ਦੀ ਫਸਲ ਦੇ ਹੋਏ ਨੁਕਸਾਨ ਕਾਰਨ ਕਿਸਾਨਾਂ ਦਾ ਮੰਡੀਆਂ ’ਚ ਫਸਲ ਵੇਚਣ ਸਮੇਂ ਵਿਸ਼ੇਸ਼ ਖਿਆਲ ਰੱਖਿਆ ਜਾਵੇ ਤੇ ਕਿਸੇ ਵੀ ਕਿਸਾਨ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸੂਬਾ ਸਕਰਾਰ ਤੇ ਪੰਜਾਬ ਮੰਡੀ ਬੋਰਡ ਦੀਆਂ ਹਦਾਇਤਾਂ ਅਨੁਸਾਰ 17 ਫੀਸਦੀ ਨਮੀ ਵਾਲੇ ਝੋਨੇ ਨੂੰ ਬਿਨਾਂ ਕਿਸੇ ਸ਼ਰਤ ਦੇ ਖਰੀਦਣਾ ਯਕੀਨੀ ਬਣਾਇਆ ਜਾਵੇ ਅਤੇ ਖਰਾਬ ਦਾਣਿਆਂ ਦਾ ਬਹਾਨਾ ਬਣਾ ਕੇ ਪ੍ਰਾਈਵੇਟ ਖਰੀਦਦਾਰਾਂ ਵੱਲੋਂ ਕੀਤੀ ਜਾਂਦੀ ਕਿਸਾਨਾਂ ਦੀ ਲੁੱਟ ’ਤੇ ਰੋਕ ਲਾਉਣ ’ਚ ਖੁਦ ਆਡ਼੍ਹਤੀ ਜ਼ਿੰਮੇਵਾਰੀ ਵਾਲਾ ਰੋਲ ਅਦਾ ਕਰਨ। ਉਨ੍ਹਾਂ ਕਿਹਾ ਕਿ ਅਜਨਾਲਾ ਮੰਡੀ ਸਮੇਤ ਬਾਕੀ 8 ਮੰਡੀਆਂ ’ਚ ਵੀ ਮੰਡੀ ਬੋਰਡ ਪੰਜਾਬ ਦੀਆਂ ਸਰਕਾਰੀ ਹਦਾਇਤਾਂ ਦੀ ਇੰਨ-ਬਿ ਕਰਨ ਲਈ ਸਰਕਾਰੀ ਅਮਲੇ ਨੂੰ ਪਾਬੰਦ ਕੀਤਾ ਗਿਆ ਹੈ। ਉਪਰੰਤ ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਸਮੱਸਿਆ ਸਬੰਧੀ ਉਹ ਖੁਦ ਮਾਰਕੀਟ ਕਮੇਟੀ ਦੇ ਸਰਕਾਰੀ ਅਮਲੇ ਦੇ ਧਿਆਨ ’ਚ ਲਿਆਉਣ ਜਾਂ ਉਨ੍ਹਾਂ ਨਾਲ ਖੁਦ ਸੰਪਰਕ ਕਰਨ। ਇਸ ਮੌਕੇ ਉਨ੍ਹਾਂ ਨਾਲ ਕਾਬਲ ਸਿੰਘ, ਸੰਦੀਪ ਸਿੰਘ ਸੈਕਟਰੀ, ਸੋਹਨ ਲਾਲ ਆਦਿ ਹਾਜ਼ਰ ਸਨ।
ਸਿੱਧੂ, ਸੋਨੀ ਤੇ ਮੇਅਰ ਨੇ ਸਾਂਝੇ ਤੌਰ ’ਤੇ ਸਵ. ਗੁਰਦੀਪ ਪਹਿਲਵਾਨ ਦੀ ਲਡ਼ਕੀ ਨੂੰ ਦਿੱਤਾ ਨਿਯੁਕਤੀ ਪੱਤਰ
NEXT STORY