ਭਾਰਤੀ ਕੁਸ਼ਤੀ ਫੈੱਡਰੇਸ਼ਨ ਦੇ ਤਤਕਾਲੀਨ ਚੇਅਰਮੈਨ ਬ੍ਰਿਜਭੂਸ਼ਣ ਸ਼ਰਨ ਸਿੰਘ ਵਿਰੁੱਧ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਬਜਰੰਗ ਪੂਨੀਆ ਵਰਗੇ ਚੋਟੀ ਦੇ ਪਹਿਲਵਾਨਾਂ ਵੱਲੋਂ 7 ਮਹਿਲਾ ਪਹਿਲਵਾਨਾਂ ਦੇ ਸੈਕਸ ਸ਼ੋਸ਼ਣ ਦੇ ਦੋਸ਼ ਹੇਠ ਉਸ ਦੀ ਗ੍ਰਿਫਤਾਰੀ ਲਈ 18 ਜਨਵਰੀ ਤੋਂ ਚਲਾਇਆ ਜਾ ਰਿਹਾ ਅੰਦੋਲਨ ਜਾਰੀ ਹੈ।
ਸਰਕਾਰ ਦੇ ਅਣਦੇਖੇ ਵਤੀਰੇ ਨੂੰ ਦੇਖਦੇ ਹੋਏ ਪਹਿਲਵਾਨ 30 ਮਈ ਨੂੰ ਆਪਣੇ ਤਮਗੇ ਗੰਗਾ ’ਚ ਵਿਸਰਜਿਤ ਕਰਨ ਲਈ ਹਰਿਦੁਆਰ ਪੁੱਜ ਗਏ ਪਰ ਅਜਿਹਾ ਨਾ ਕਰਨ ਲਈ ਉਨ੍ਹਾਂ ਨੂੰ ਮਨਾਉਣ ਪੁੱਜੇ ‘ਭਾਰਤੀ ਕਿਸਾਨ ਯੂਨੀਅਨ’ ਦੇ ਪ੍ਰਧਾਨ ਨਰੇਸ਼ ਟਿਕੈਤ ਨੇ ਉਨ੍ਹਾਂ ਕੋਲੋਂ ਤਮਗਿਆਂ ਦੀ ਪੋਟਲੀ ਲੈ ਲਈ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ।
ਇਸ ਮਾਮਲੇ ’ਚ ਹਰਿਆਣਾ ਦੇ ਭਾਜਪਾ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਨੇ ਕਿਹਾ ਕਿ ਪਹਿਲਵਾਨਾਂ ਨੂੰ ਆਪਣੇ ਤਮਗੇ ਗੰਗਾ ’ਚ ਵਿਸਰਜਿਤ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਪਹਿਲਵਾਨਾਂ ਦੀ ਹਮਾਇਤ ’ਚ ਕਈ ਸੂਬਿਆਂ ’ਚ ਵਿਖਾਵੇ ਹੋ ਰਹੇ ਹਨ ਅਤੇ ‘ਸੰਯੁਕਤ ਕਿਸਾਨ ਮੋਰਚਾ’ ਦੇ ਸੱਦੇ ’ਤੇ ਕਿਸਾਨ ਸੰਗਠਨਾਂ ਵੱਲੋਂ ਵਿਖਾਵਾ ਕਰਨ ਤੋਂ ਇਲਾਵਾ ਬ੍ਰਿਜਭੂਸ਼ਣ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ।
ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ 6 ਬਾਲਿਗ ਪਹਿਲਵਾਨਾਂ ਅਤੇ ਇਕ ਨਾਬਾਲਿਗ ਪਹਿਲਵਾਨ ਦੇ ਪਿਤਾ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਦਿੱਲੀ ਪੁਲਸ ਵਲੋਂ ਦਰਜ 2 ਐੱਫ. ਆਈ. ਆਰਜ਼ ’ਚ ਲਗਭਗ ਇਕ ਦਹਾਕੇ ਦੀ ਮਿਆਦ ’ਚ ਦੋਸ਼ੀ ਵਲੋਂ ਸੈਕਸ ਸ਼ੋਸ਼ਣ, ਅਣਉਚਿਤ ਤਰੀਕੇ ਨਾਲ ਛੂਹਣ (ਬੈਡ ਟੱਚ), ਟਟੋਲਣ, ਪਿੱਛਾ ਕਰਨ ਅਤੇ ਡਰਾਉਣ-ਧਮਕਾਉਣ ਦੇ ਲਗਭਗ 10 ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਹੈ।
ਬਾਲਿਗ ਪਹਿਲਵਾਨਾਂ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਐੱਫ. ਆਈ. ਆਰ. ’ਚ ਇਕ ਨੇ ਦੋਸ਼ ਲਾਇਆ, ‘‘ਜਦੋਂ ਮੈਂ ਟ੍ਰੇਨਿੰਗ ਲੈ ਰਹੀ ਸੀ ਉਦੋਂ ਦੋੋਸ਼ੀ ਨੇ ਮੈਨੂੰ ਵੱਖਰੇ ਤੌਰ ’ਤੇ ਬੁਲਾਇਆ, ਦੋਸ਼ੀ ਨੇ ਮੇਰੀ ਟੀ-ਸ਼ਰਟ ਖਿੱਚੀ। ਆਪਣਾ ਹੱਥ ਮੇਰੇ ਪੇਟ ਦੇ ਹੇਠਾਂ ਸਰਕਾ ਦਿੱਤਾ ਅਤੇ ਮੇਰੇ ਸਾਹ ਦੀ ਜਾਂਚ ਦੇ ਬਹਾਨੇ ਮੇਰੀ ਨਾਭੀ ’ਤੇ ਹੱਥ ਰੱਖ ਦਿੱਤਾ।’’
ਦੂਜੀ ਪਹਿਲਵਾਨ ਮੁਤਾਬਕ, ‘‘ਜਦੋਂ ਮੈਂ ਮੈਟ ’ਤੇ ਜ਼ਮੀਨ ’ਤੇ ਸਟ੍ਰੈਚਿੰਗ/ਵਾਰਮਅੱਪ ਕਰ ਰਹੀ ਸੀ ਉਦੋਂ ਦੋਸ਼ੀ ਅਚਾਨਕ ਮੇਰੇ ’ਤੇ ਝੁਕ ਗਿਆ ਅਤੇ ਮੇਰੀ ਇਜਾਜ਼ਤ ਤੋਂ ਬਿਨਾਂ ਮੇਰੀ ਟੀ-ਸ਼ਰਟ ਖਿੱਚੀ। ਉਸ ਨੇ ਆਪਣਾ ਹੱਥ ਮੇਰੀਆਂ ਛਾਤੀਆਂ ’ਤੇ ਰੱਖ ਦਿੱਤਾ ਅਤੇ ਅਣਉਚਿਤ ਤਰੀਕੇ ਨਾਲ ਛੂਹਿਆ।’’
ਇਕ ਹੋਰ ਪਹਿਲਵਾਨ ਨੇ ਦੋਸ਼ ਲਾਇਆ ਕਿ, ‘‘ਟੀਮ ਦੀ ਤਸਵੀਰ ਲੈਣ ਦੌਰਾਨ ਜਦੋਂ ਮੈਂ ਆਖਰੀ ਲਾਈਨ ’ਚ ਖੜ੍ਹੀ ਸੀ ਉਦੋਂ ਮੈਂ ਅਚਾਨਕ ਆਪਣੇ ਚੂਲੇ ’ਤੇ ਕਿਸੇ ਦਾ ਹੱਥ ਮਹਿਸੂਸ ਕੀਤਾ। ਮੈਂ ਡਰ ਗਈ, ਦੋਸ਼ੀ ਨੇ ਆਪਣੇ ਹੱਥ ਮੇਰੇ ਚੂਲੇ ’ਤੇ ਰੱਖ ਦਿੱਤੇ ਸਨ...ਜਦੋਂ ਮੈਂ ਉਥੋਂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਜਬਰੀ ਮੇਰਾ ਮੋਢਾ ਫੜ ਲਿਆ। ਮੈਂ ਕਿਸੇ ਤਰ੍ਹਾਂ ਦੋਸ਼ੀ ਦੇ ਚੁੰਗਲ ’ਚੋਂ ਛੁੱਟੀ।’’
ਇਕ ਹੋਰ ਮਹਿਲਾ ਪਹਿਲਵਾਨ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਇਕ ਮੁਕਾਬਲੇ ’ਚ ਸੋਨ ਤਮਗਾ ਜਿੱਤਣ ਤੋਂ ਬਾਅਦ ਉਹ ਆਪਣੇ ਕਮਰੇ ’ਚ ਆਰਾਮ ਕਰ ਰਹੀ ਸੀ, ਉਦੋਂ ਇਕ ਫਿਜ਼ੀਓਥੈਰੇਪਿਸਟ ਨੇ ਆ ਕੇ ਉਸ ਨੂੰ ਕਿਹਾ ਕਿ ਬ੍ਰਿਜਭੂਸ਼ਣ ਸਿੰਘ ਉਸ ਨੂੰ ਆਪਣੇ ਕਮਰੇ ’ਚ ਮਿਲਣਾ ਚਾਹੁੰਦੇ ਹਨ।
ਇਹ ਸੋਚ ਕੇ ਕਿ ਉਹ ਉਸ ਨੂੰ ਵਧਾਈ ਦੇਣਾ ਚਾਹੁੰਦੇ ਹੋਣਗੇ, ਉਹ ਉਨ੍ਹਾਂ ਦੇ ਕਮਰੇ ’ਚ ਚਲੀ ਗਈ ਜਿੱਥੇ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਉਸ ਦੀ ਇੱਛਾ ਦੇ ਉਲਟ ਉਸ ਨੂੰ ਆਪਣੇ ਬਿਸਤਰੇ ’ਤੇ ਬੈਠਣ ਲਈ ਮਜਬੂਰ ਕੀਤਾ ਤੇ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਨੂੰ ਬਾਹਾਂ ’ਚ ਭਰ ਲਿਆ ਜਿਸ ’ਤੇ ਉਹ ਦਹਿਲ ਗਈ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਇਸ ਬਾਰੇ ਇਕ ਸੀਨੀਅਰ ਪਹਿਲਵਾਨ ਨੂੰ ਦੱਸਿਆ ਸੀ ਪਰ ਕੋਈ ਨਤੀਜਾ ਨਹੀਂ ਨਿਕਲਿਆ।
ਉਸ ਨੇ ਇਸ ਬਾਰੇ ਆਪਣੀ ਮਾਂ ਨੂੰ ਵੀ ਦੱਸਿਆ ਸੀ। ਇਸ ਪਹਿਲਵਾਨ ਨੇ ਦੋਸ਼ ਲਾਇਆ ਕਿ ਉਸ ਦੇ ਮਜ਼ਬੂਤ ਅੜਿੱਕੇ ਦੇ ਬਾਵਜੂਦ ਬਾਅਦ ਦੇ ਸਾਲਾਂ ’ਚ ਵੀ ਉਸ ਦਾ ਇਹ ਵਤੀਰਾ ਜਾਰੀ ਰਿਹਾ ਤਾਂ ਉਸ ਨੇ ਆਪਣਾ ਨਿੱਜੀ ਮੋਬਾਈਲ ਨੰਬਰ ਵੀ ਬਦਲ ਲਿਆ।
ਕੌਮਾਂਤਰੀ ਤਮਗਾ ਜਿੱਤਣ ਲਈ ਕਿਸੇ ਵੀ ਖਿਡਾਰੀ ਨੂੰ ਜੀਵਨ ਭਰ ਮਿਹਨਤ ਕਰਨ ਦੇ ਨਾਲ-ਨਾਲ ਸਖਤ ਅਨੁਸ਼ਾਸਨ ਦੀ ਪਾਲਣਾ ਕਰਨੀ ਪੈਂਦੀ ਹੈ।
ਓਲੰਪਿਕ ਖੇਡਾਂ ’ਚ ਹਾਕੀ ਤੋਂ ਬਾਅਦ ਜੇਕਰ ਸਾਡੇ ਖਿਡਾਰੀਆਂ ਨੇ ਕਿਸੇ ਹੋਰ ਖੇਡ ’ਚ ਵੱਧ ਤੋਂ ਵੱਧ ਤਮਗੇ ਜਿੱਤੇ ਹਨ ਤਾਂ ਉਹ ਕੁਸ਼ਤੀ ਹੀ ਹੈ। ਇਸੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੌਮਾਂਤਰੀ ਮੰਚ ’ਤੇ ਭਾਰਤ ਨੂੰ ਸਨਮਾਨ ਦਿਵਾਉਣ ’ਚ ਸਾਡੇ ਪਹਿਲਵਾਨਾਂ ਦਾ ਕਿੰਨਾ ਵੱਡਾ ਯੋਗਦਾਨ ਹੈ।
ਇਸ ਲਈ ਮਹਿਲਾ ਪਹਿਲਵਾਨਾਂ ਦੀ ਮਿਹਨਤ ਅਤੇ ਉਨ੍ਹਾਂ ਦੇ ਯਤਨ ਦਾ ਸਨਮਾਨ ਕੀਤਾ ਹੀ ਜਾਣਾ ਚਾਹੀਦਾ ਹੈ। ਜੇਕਰ ਇਨ੍ਹਾਂ ਨਾਲ ਅਜਿਹਾ ਵਤੀਰਾ ਜਾਰੀ ਰਿਹਾ ਤਾਂ ਇਨ੍ਹਾਂ ਕੋਲੋਂ ਖੇਡ ਮੁਕਾਬਲੇਬਾਜ਼ੀ ’ਚ ਬਿਹਤਰ ਪ੍ਰਦਰਸ਼ਨ ਦੀ ਉਮੀਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ।
ਇਸ ਦੌਰਾਨ ਜਿੱਥੇ ਬ੍ਰਿਜਭੂਸ਼ਣ ਸਿੰਘ ਵੱਲੋਂ ਇਸ ਮਾਮਲੇ ’ਚ ਝੁਕਣ ਦਾ ਸੰਕੇਤ ਦੇਣ ਦੀ ਬਜਾਏ ਉਨ੍ਹਾਂ ਦੇ ਤੇਵਰ ਸਖਤ ਹੁੰਦੇ ਜਾ ਰਹੇ ਹਨ ਉੱਥੇ ਹੀ ਇਸ ਮੁੱਦੇ ’ਤੇ ਮੁਜ਼ੱਫਰਨਗਰ ਅਤੇ ਕੁਰੂਕਸ਼ੇਤਰ ’ਚ ਸਰਵਖਾਪ ਮਹਾਪੰਚਾਇਤ ਤੋਂ ਬਾਅਦ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਸਰਕਾਰ ਨੂੰ 9 ਜੂਨ ਤੱਕ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਹੈ ਕਿ, ‘‘ਬ੍ਰਿਜਭੂਸ਼ਣ ਸਿੰਘ ਦੀ ਗ੍ਰਿਫਤਾਰੀ ਤੋਂ ਘੱਟ ਕਿਸੇ ਗੱਲ ’ਤੇ ਸਮਝੌਤਾ ਨਹੀਂ ਹੋਵੇਗਾ ਅਤੇ ਪਹਿਲਵਾਨ ਮੁੜ ਦਿੱਲੀ ਦੇ ਜੰਤਰ-ਮੰਤਰ ’ਤੇ ਵਿਖਾਵਾ ਕਰਨ ਲਈ ਪਰਤ ਆਉਣਗੇ।’’
ਕੋਈ ਅਣਸੁਖਾਵੀ ਸਥਿਤੀ ਪੈਦਾ ਨਾ ਹੋਵੇ ਇਸ ਲਈ ਸਰਕਾਰ ਨੂੰ ਇਹ ਮਾਮਲਾ ਤੁਰੰਤ ਸੁਲਝਾਉਣਾ ਚਾਹੀਦਾ ਹੈ ਕਿਉਂਕਿ ਇਸ ਮਾਮਲੇ ’ਚ ਪਹਿਲਾਂ ਹੀ ਕਾਫੀ ਦੇਰ ਹੋ ਚੁੱਕੀ ਹੈ। -ਵਿਜੇ ਕੁਮਾਰ
ਰਾਜਸਥਾਨ ਅਤੇ ਮਹਾਰਾਸ਼ਟਰ ‘ਸਰਕਾਰਾਂ ’ਚ ਅੰਦਰੂਨੀ ਕਲੇਸ਼ ਜਾਰੀ’
NEXT STORY