ਅੰਗਦਾਨ ਤੇ ਖੂਨਦਾਨ ਦੋਵੇਂ ਮਹਾਦਾਨ ਦੀ ਸ਼੍ਰੇਣੀ 'ਚ ਆਉਂਦੇ ਹਨ। ਅਜਿਹਾ ਕਰਕੇ ਕੋਈ ਵੀ ਆਦਮੀ ਕਿਸੇ ਅਜਿਹੇ ਵਿਅਕਤੀ ਦੀ ਜਾਨ ਬਚਾਉਣ ਦਾ ਜ਼ਰੀਆ ਬਣਦਾ ਹੈ, ਜਿਸ ਨਾਲ ਆਮ ਤੌਰ 'ਤੇ ਉਸਦਾ ਕੋਈ ਰਿਸ਼ਤਾ ਵੀ ਨਹੀਂ ਹੁੰਦਾ। ਅੰਗਦਾਨ ਦੀ ਸਭ ਤੋਂ ਵੱਡੀ ਮਿਸਾਲ ਮਹਾਰਿਸ਼ੀ ਦਧੀਚੀ ਹਨ, ਜਿਨ੍ਹਾਂ ਦੀਆਂ ਹੱਡੀਆਂ ਨਾਲ ਦੇਵਤਿਆਂ ਨੇ ਵਜਰ ਬਣਾ ਕੇ ਰਾਖਸ਼ਸਾਂ ਦਾ ਨਾਸ਼ ਕੀਤਾ ਅਤੇ ਇਸ ਤਰ੍ਹਾਂ ਦਧੀਚੀ ਦੁਨੀਆ ਦੇ ਪਹਿਲੇ ਅੰਗਦਾਨੀ ਬਣੇ।
ਇਸ ਸਾਲ ਮਾਰਚ ਮਹੀਨੇ 'ਚ ਫਰੀਦਾਬਾਦ ਦੇ ਇਕ ਕਿਡਨੀ ਹਸਪਤਾਲ 'ਚ ਇਰਾਕ ਦੇ ਬੇਬੀਲੋਨ ਸ਼ਹਿਰ ਤੋਂ ਆਏ ਤਿੰਨ ਸਾਲਾ ਬੱਚੇ ਮੁਸਲਿਮ ਅਹਿਮਦ ਦੇ ਸਰੀਰ 'ਚ ਉਸਦੇ ਦਾਦੇ ਦੀ ਕਿਡਨੀ ਲਗਾ ਕੇ ਅੰਗ ਬਦਲਣ ਦੇ ਖੇਤਰ 'ਚ ਇਤਿਹਾਸ ਰਚਿਆ ਗਿਆ।
ਇਹ ਬੱਚਾ ਦੋਹਾਂ ਕਿਡਨੀਆਂ ਦੀ ਖਰਾਬੀ ਤੋਂ ਜਮਾਂਦਰੂ ਪੀੜਤ ਸੀ ਤੇ ਉਸਦੇ ਸਰੀਰ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ ਵੀ ਖਰਾਬ ਹੋ ਚੁੱਕੀ ਸੀ। ਉਸ ਨੂੰ ਕਈ ਹਸਪਤਾਲਾਂ ਤੋਂ ਜਵਾਬ ਮਿਲ ਚੁੱਕਾ ਸੀ ਪਰ ਫਰੀਦਾਬਾਦ ਦੇ ਹਸਪਤਾਲ ਦੇ ਡਾਕਟਰਾਂ ਨੇ ਉਸਦੇ ਦਾਦੇ ਦੀ ਕਿਡਨੀ ਉਸਦੇ ਸਰੀਰ 'ਚ ਲਗਾ ਕੇ ਉਸਦੀ ਜਾਨ ਬਚਾ ਲਈ।
ਬੀਤੀ 2 ਜੁਲਾਈ ਨੂੰ ਨਵੀਂ ਦਿੱਲੀ 'ਚ 65 ਸਾਲਾ ਇਕ ਬਜ਼ੁਰਗ ਔਰਤ ਬਿਮਲਾ ਨੇ ਆਪਣੀ ਨੂੰਹ ਕਵਿਤਾ ਲਈ ਕਿਡਨੀ ਦੇ ਕੇ ਅੰਗਦਾਨ ਦੀ ਮਿਸਾਲ ਪੇਸ਼ ਕੀਤੀ ਹੈ। ਕਵਿਤਾ ਦੀਆਂ ਦੋਵੇਂ ਕਿਡਨੀਆਂ ਖਰਾਬ ਸਨ ਤੇ ਉਸ ਨੂੰ ਜਿਊਂਦੀ ਰਹਿਣ ਲਈ ਕਿਡਨੀ ਚਾਹੀਦੀ ਸੀ।
ਸ਼ੁਰੂ ਵਿਚ ਤਾਂ ਕਵਿਤਾ ਦੀ ਮਾਂ ਕਿਡਨੀ ਦੇਣ ਲਈ ਤਿਆਰ ਹੋ ਗਈ। ਸਾਰੇ ਟੈਸਟ ਵੀ ਕਰ ਲਏ ਗਏ ਪਰ ਆਖਰੀ ਸਮੇਂ 'ਤੇ ਉਸ ਨੇ ਨਾਂਹ ਕਰ ਦਿੱਤੀ। ਕਵਿਤਾ ਦੀ ਸੱਸ ਬਿਮਲਾ ਨੂੰ ਇਸ ਦਾ ਪਤਾ ਲੱਗਦਿਆਂ ਹੀ ਉਸਨੇ ਕਵਿਤਾ ਦੀ ਜਾਨ ਬਚਾਉਣ ਲਈ ਆਪਣੀ ਇਕ ਕਿਡਨੀ ਦੇਣ ਦੀ ਪੇਸ਼ਕਸ਼ ਕਰ ਦਿੱਤੀ ਤੇ ਹੁਣ ਦੋਹਾਂ ਦਰਮਿਆਨ ਨੂੰਹ-ਸੱਸ ਦਾ ਰਿਸ਼ਤਾ ਨਾ ਰਹਿ ਕੇ ਮਾਂ-ਧੀ ਵਾਲਾ ਬਣ ਗਿਆ ਹੈ ਤੇ ਕਵਿਤਾ ਲੋਕਾਂ ਨੂੰ ਇਹ ਕਹਿੰਦੀ ਨਹੀਂ ਥੱਕਦੀ ਕਿ ''ਮੇਰੀ ਸੱਸ ਹੀ ਮੇਰੀ ਅਸਲੀ ਮਾਂ ਹੈ।''
ਇਸੇ ਤਰ੍ਹਾਂ 16 ਜੁਲਾਈ ਨੂੰ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ਵਿਚ ਇਲਾਜ ਲਈ ਲਿਆਂਦੀ ਗਈ 51 ਸਾਲਾ ਇਕ ਔਰਤ ਨੂੰ 'ਬ੍ਰੇਨ ਡੈੱਡ' ਐਲਾਨ ਦਿੱਤੇ ਜਾਣ ਤੋਂ ਬਾਅਦ ਡਾਕਟਰਾਂ ਦੀ ਪ੍ਰੇਰਣਾ ਨਾਲ ਉਸਦੇ ਪਰਿਵਾਰਿਕ ਮੈਂਬਰਾਂ ਨੇ ਉਸਦੀ ਕਿਡਨੀ, ਜਿਗਰ ਤੇ ਅੱਖਾਂ ਦਾਨ ਕਰਨਾ ਮੰਨ ਲਿਆ ਤੇ ਉਸਦੇ ਅੰਗ ਰਿਕਾਰਡ ਮਿਆਦ ਦੌਰਾਨ ਲੋੜਵੰਦਾਂ ਨੂੰ ਲਗਾ ਕੇ 5 ਜ਼ਿੰਦਗੀਆਂ ਬਚਾ ਲਈਆਂ। ਇਸ ਨਾਲ ਇਕ ਅਜਿਹੀ ਔਰਤ ਨੂੰ ਵੀ ਜੀਵਨਦਾਨ ਮਿਲਿਆ, ਜੋ 6 ਸਾਲਾਂ ਤੋਂ ਡਾਇਲਸਿਸ 'ਤੇ ਸੀ।
ਇਸ ਤੋਂ ਅਗਲੇ ਹੀ ਦਿਨ 17 ਜੁਲਾਈ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ 'ਬ੍ਰੇਨ ਡੈੱਡ' ਐਲਾਨੇ ਇਕ 66 ਸਾਲਾ ਬਜ਼ੁਰਗ ਦੇ ਪਰਿਵਾਰਿਕ ਮੈਂਬਰਾਂ ਵਲੋਂ ਦਾਨ ਕੀਤੀ ਗਈ ਉਸਦੀ ਕਿਡਨੀ ਤੇ ਜਿਗਰ ਨਾਲ ਦੋ ਰੋਗੀਆਂ ਨੂੰ ਜੀਵਨਦਾਨ ਮਿਲਿਆ।
ਬਿਨਾਂ ਸ਼ੱਕ ਅੰਗਦਾਨ ਨਾਲ ਕਈ ਰੋਗੀਆਂ ਦੀ ਜਾਨ ਬਚਾਈ ਜਾ ਸਕਦੀ ਹੈ ਪਰ ਦੇਸ਼ ਵਿਚ ਇਸ ਦੇ ਲਈ ਅੰਗ ਦੇਣ ਵਾਲੇ ਦਾਨੀ ਬਹੁਤ ਘੱਟ ਹਨ ਤੇ ਹਸਪਤਾਲਾਂ ਦੀ ਲਾਪ੍ਰਵਾਹੀ ਕਾਰਨ ਜ਼ਿਆਦਾਤਰ 'ਬ੍ਰੇਨ ਡੈੱਡ' ਰੋਗੀਆਂ ਦੇ ਅੰਗ ਬਦਲਣ ਲਈ ਮੁਹੱਈਆ ਨਹੀਂ ਹੁੰਦੇ।
ਕਈ ਵਾਰ ਦਾਨੀ ਦੇ ਸਰੀਰ 'ਚੋਂ ਅੰਗ ਕੱਢਣ ਦੇ ਬਾਵਜੂਦ ਸਮੇਂ ਸਿਰ ਉਹ ਲੋੜਵੰਦ ਦੇ ਸਰੀਰ 'ਚ ਨਹੀਂ ਲਗਾਏ ਜਾਂਦੇ, ਜਿਸ ਨਾਲ ਉਹ ਨਸ਼ਟ ਹੋ ਜਾਂਦੇ ਹਨ। ਇਸ ਨਾਲ ਅੰਗਦਾਨੀ ਦਾ ਦਾਨ ਵਿਅਰਥ ਚਲਾ ਜਾਂਦਾ ਹੈ ਤੇ ਕਈ ਲੋੜਵੰਦ ਰੋਗੀਆਂ ਦੀ ਜਾਨ ਵੀ ਚਲੀ ਜਾਂਦੀ ਹੈ, ਜੋ ਬਚਾਈ ਜਾ ਸਕਦੀ ਸੀ।
ਹਰ ਸਾਲ ਲਗਭਗ 2.1 ਲੱਖ ਭਾਰਤੀਆਂ ਨੂੰ ਕਿਡਨੀ ਦੀ ਲੋੜ ਪੈਂਦੀ ਹੈ ਪਰ ਸਿਰਫ 3 ਤੋਂ 4 ਹਜ਼ਾਰ ਹੀ ਕਿਡਨੀਆਂ ਟਰਾਂਸਪਲਾਂਟ ਹੁੰਦੀਆਂ ਹਨ। ਦਿਲ ਅਤੇ ਕਾਰਨੀਆ ਬਦਲਣ ਦੇ ਮਾਮਲੇ 'ਚ ਵੀ ਸਥਿਤੀ ਇਸ ਨਾਲੋਂ ਵੱਖਰੀ ਨਹੀਂ ਹੈ।
ਸਪੱਸ਼ਟ ਤੌਰ 'ਤੇ ਜਿਥੇ ਬਿਮਲਾ ਨੇ ਆਪਣੀ ਨੂੰਹ ਨੂੰ ਕਿਡਨੀ ਦੇ ਕੇ ਸਮਾਜ ਨੂੰ ਅੰਗਦਾਨ ਦੇ ਪੱਖ ਵਿਚ ਇਕ ਨਵਾਂ ਸੰਦੇਸ਼ ਦੇਣ ਤੋਂ ਇਲਾਵਾ ਨੂੰਹ-ਸੱਸ ਦੇ ਰਿਸ਼ਤੇ ਨੂੰ ਨਵੀਂ ਪਰਿਭਾਸ਼ਾ ਦਿੱਤੀ ਹੈ, ਉਥੇ ਹੀ ਹੋਰਨਾਂ 'ਬ੍ਰੇਨ ਡੈੱਡ' ਰੋਗੀਆਂ ਦੇ ਰਿਸ਼ਤੇਦਾਰਾਂ ਨੇ ਅੰਗਦਾਨ ਕਰਕੇ ਸਮਾਜ ਨੂੰ ਇਕ ਸੰਦੇਸ਼ ਦਿੱਤਾ ਹੈ ਕਿ ਮੌਤ ਤੋਂ ਬਾਅਦ ਜਾਂ 'ਬ੍ਰੇਨ ਡੈੱਡ' ਰੋਗੀਆਂ ਦੇ ਅੰਗਦਾਨ ਕਰਨ ਨਾਲ ਅਣਗਿਣਤ ਲੋਕਾਂ ਨੂੰ ਬੇਵਕਤ ਮੌਤ ਦੇ ਮੂੰਹ 'ਚ ਜਾਣ ਤੋਂ ਬਚਾਇਆ ਜਾ ਸਕਦਾ ਹੈ ਅਤੇ ਅੰਗਦਾਨ ਮ੍ਰਿਤ ਦੇਹ ਦਾ ਸਹੀ ਉਪਯੋਗ ਵੀ ਹੈ।
—ਵਿਜੇ ਕੁਮਾਰ
ਭਾਜਪਾ ਲਈ 'ਗਲੇ ਦੀ ਹੱਡੀ' ਬਣਿਆ 'ਵਿਆਪਮ ਭਰਤੀ ਘਪਲਾ'
NEXT STORY