ਇਸ ਸਮੇਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਅਤੇ ਇਸ ਦੀਅਾਂ ਸਹਿਯੋਗੀ ਪਾਰਟੀਅਾਂ ਦਾ ਬੇਸ਼ੱਕ ਹੀ ਦੇਸ਼ ਦੇ 21 ਸੂਬਿਅਾਂ ’ਤੇ ਰਾਜ ਹੈ ਪਰ ਪਾਰਟੀ ’ਚ ਕਿਤੇ-ਕਿਤੇ ਠੀਕ ਨਹੀਂ ਚੱਲ ਰਿਹਾ।
ਪਾਰਟੀ ’ਚ ਸੀਨੀਅਰ ਨੇਤਾਵਾਂ ਦੀ ਅਣਦੇਖੀ ਲਗਾਤਾਰ ਜਾਰੀ ਹੈ। ਹਾਲਤ ਇਹ ਹੈ ਕਿ ਭਾਜਪਾ ਦੇ ਸਭ ਤੋਂ ਲੰਮੇ ਸਮੇਂ ਤਕ ਪ੍ਰਧਾਨ ਰਹੇ ਲਾਲ ਕ੍ਰਿਸ਼ਨ ਅਡਵਾਨੀ ਅਤੇ ਡਾ. ਮੁਰਲੀ ਮਨੋਹਰ ਜੋਸ਼ੀ ਹੁਣ ਪਾਰਟੀ ਦੇ ਸਟਾਰ ਪ੍ਰਚਾਰਕ ਵੀ ਨਹੀਂ ਰਹੇ।
ਬਜ਼ੁਰਗ ਨੇਤਾਵਾਂ ਦੀ ਅਣਦੇਖੀ ਦੇ ਨਾਲ-ਨਾਲ ਜਿਥੇ ਵੱਖ-ਵੱਖ ਕਾਰਨਾਂ ਕਰਕੇ ਇਸ ਦੇ ਗੱਠਜੋੜ ਸਹਿਯੋਗੀ ਇਸ ਤੋਂ ਨਾਰਾਜ਼ ਚੱਲ ਰਹੇ ਹਨ, ਉਥੇ ਹੀ ਪਾਰਟੀ ਅੰਦਰ ਵੀ ਇਸ ਦੇ ਮੈਂਬਰਾਂ ਦੇ ਬਾਗੀ ਸੁਰ ਰਹਿ-ਰਹਿ ਕੇ ਸੁਣਾਈ ਦੇ ਰਹੇ ਹਨ।
ਅੱਜ ਅਸੀਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਰਵਸ਼੍ਰੀ ਅਰੁਣ ਸ਼ੋਰੀ, ਯਸ਼ਵੰਤ ਸਿਨ੍ਹਾ, ਸ਼ਤਰੂਘਨ ਸਿਨ੍ਹਾ, ਮੁਰਲੀ ਮਨੋਹਰ ਜੋਸ਼ੀ, ਘਣਸ਼ਿਆਮ ਤਿਵਾੜੀ, ਚੰਦਨ ਮਿਤਰਾ, ਸ਼ੰਕਰ ਸਿੰਘ ਵਾਘੇਲਾ, ਪਦਮਾ ਸ਼ੁਕਲਾ, ਮਸੂਦ-ਉਲ-ਹਸਨ, ਸੁਭਾਸ਼ ਵੇਲਿੰਗਕਰ, ਪ੍ਰਵੀਨ ਤੋਗੜੀਆ, ਮਾਸਟਰ ਹਰੀ ਸਿੰਘ ਆਦਿ ਦੀ ਗੱਲ ਨਾ ਕਰ ਕੇ ਪਾਰਟੀ ਦੇ 5 ਅਜਿਹੇ ਮੈਂਬਰਾਂ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਨੇ ਨਾਰਾਜ਼ ਹੋ ਕੇ ਸਿਰਫ ਦੋ ਹਫਤਿਅਾਂ ਅੰਦਰ ਭਾਜਪਾ ਨਾਲੋਂ ਨਾਤਾ ਤੋੜਿਆ ਹੈ।
* 17 ਅਕਤੂਬਰ ਨੂੰ ਮਹਾਰਾਸ਼ਟਰ ’ਚ ਭਾਜਪਾ ਦੇ ਵਿਧਾਇਕ ਆਸ਼ੀਸ਼ ਦੇਸ਼ਮੁਖ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ ਦਾ ਪੱਲਾ ਫੜ ਲਿਆ।
* ਇਸੇ ਦਿਨ ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦੇ ਪੁੱਤਰ ਅਤੇ ਵਿਧਾਇਕ ਮਾਨਵੇਂਦਰ ਸਿੰਘ ਕਾਂਗਰਸ ’ਚ ਅਤੇ ਰਾਜਸਥਾਨ ’ਚ ਭਾਜਪਾ ਨਾਲ ਜੁੜੇ ਰਹੇ ਕਿਸਾਨ ਨੇਤਾ ਰਾਮਪਾਲ ਜਾਟ ਪਾਰਟੀ ਤੋਂ ਅਸਤੀਫਾ ਦੇ ਕੇ ‘ਆਪ’ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਰਾਮਪਾਲ ਜਾਟ ਨੇ ਕਿਹਾ ਕਿ ‘‘ਭਾਜਪਾ ’ਚ ਹੁਣ ਮੁੱਦਿਅਾਂ ਦੀ ਅਣਦੇਖੀ ਹੋ ਰਹੀ ਹੈ।’’
* 18 ਅਕਤੂਬਰ ਨੂੰ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਸ਼ੰਕਰ ਸਿੰਘ ਵਾਘੇਲਾ ਦੇ ਪੁੱਤਰ ਮਹਿੰਦਰ ਸਿੰਘ ਵਾਘੇਲਾ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ।
* ਅਤੇ ਹੁਣ 3 ਨਵੰਬਰ ਨੂੰ ਮੱਧ ਪ੍ਰਦੇਸ਼ ’ਚ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਸਾਲੇ ਸੰਜੇ ਸਿੰਘ ਮਸਾਨੀ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ’ਚ ਸ਼ਾਮਿਲ ਹੋੋਣ ਦਾ ਐਲਾਨ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸ਼੍ਰੀ ਸੰਜੇ ਸਿੰਘ ਮਸਾਨੀ 15 ਸਾਲਾਂ ਤੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਚੱਲੇ ਆ ਰਹੇ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਪਤਨੀ ਸਾਧਨਾ ਸਿੰਘ ਦੇ ਸਕੇ ਭਰਾ ਹਨ। ਉਹ ‘ਨੀਲਾਕਸ਼ ਇਨਫ੍ਰਾਸਟਰੱਕਚਰ’ ਨਾਂ ਦੀ ਕੰਪਨੀ ਦੇ ਕਰਤਾ-ਧਰਤਾ ਹਨ, ਜਿਸ ਦੇ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ’ਚ ਕਈ ਪ੍ਰਾਜੈਕਟ ਚੱਲ ਰਹੇ ਹਨ।
ਕਾਂਗਰਸ ’ਚ ਸ਼ਾਮਿਲ ਹੋਣ ਤੋਂ ਬਾਅਦ ਸੰਜੇ ਸਿੰਘ ਨੇ ਭਾਜਪਾ ’ਤੇ ਪਰਿਵਾਰਵਾਦ ਨੂੰ ਸ਼ਹਿ ਦੇਣ ਦਾ ਦੋਸ਼ ਲਾਉਂਦਿਅਾਂ ਕਿਹਾ, ‘‘ਭਾਜਪਾ ’ਚ ਨਾਮਦਾਰਾਂ ਨੂੰ ਨਿਵਾਜਿਆ ਜਾ ਰਿਹਾ ਹੈ ਅਤੇ ਕੰਮ ਕਰਨ ਵਾਲਿਅਾਂ ਤੇ ਵਰਕਰਾਂ ਨੂੰ ਇਕ ਪਾਸੇ ਕਰ ਦਿੱਤਾ ਗਿਆ ਹੈ। ਮੈਂ ਸ਼ਿਵਰਾਜ ਦੇ ਪਰਿਵਾਰ ਦਾ ਨਹੀਂ। ਮੈਂ ਉਨ੍ਹਾਂ ਦਾ ਸਾਲਾ ਹਾਂ।’’
ਕਾਂਗਰਸ ’ਚ ਸ਼ਾਮਿਲ ਹੋਣ ’ਤੇ ਸੰਜੇ ਸਿੰਘ ਨੇ ਕਾਂਗਰਸੀ ਨੇਤਾ ਅਤੇ ਛਿੰਦਵਾੜਾ ਤੋਂ ਸੰਸਦ ਮੈਂਬਰ ਕਮਲਨਾਥ ਦੀ ਤਾਰੀਫ ਕਰਦਿਅਾਂ ਕਿਹਾ ਕਿ ‘‘ਸੂਬੇ ਨੂੰ ਹੁਣ ਮੁੱਖ ਮੰਤਰੀ ਵਜੋਂ ਕਮਲਨਾਥ ਦੀ ਹੀ ਲੋੜ ਹੈ, ਨਾ ਕਿ ਸ਼ਿਵਰਾਜ ਚੌਹਾਨ ਦੀ।’’
‘‘ਅਸੀਂ ਜਾਣਦੇ ਹਾਂ ਕਿ ਛਿੰਦਵਾੜਾ ਦਾ ਵਿਕਾਸ ਕਿਸ ਤਰ੍ਹਾਂ ਹੋਇਆ ਅਤੇ ਉਸ ਦੀ ਪਛਾਣ ਕਮਲਨਾਥ ਨਾਲ ਜੁੜੀ ਹੋਈ ਹੈ। ਸੂਬੇ ਦੀ ਪਛਾਣ ਵੀ ਉਨ੍ਹਾਂ ਨਾਲ ਜੋੜਨ ਦੀ ਲੋੜ ਹੈ।’’
ਮੱਧ ਪ੍ਰਦੇਸ਼ ’ਚ ਸ਼ਿਵਰਾਜ ਸਿੰਘ ਚੌਹਾਨ ਦੀਅਾਂ ਮੁਸ਼ਕਿਲਾਂ ਸਿਰਫ ਆਪਣੇ ਸਾਲੇ ਸੰਜੇ ਸਿੰਘ ਦੇ ਪਾਰਟੀ ਤੋਂ ਅਸਤੀਫਾ ਦੇਣ ਤਕ ਹੀ ਸੀਮਤ ਨਹੀਂ ਹਨ, ਸਗੋਂ ਉਨ੍ਹਾਂ ਨੂੰ ਇਕ ਹੋਰ ਵੱਡੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਭਾਜਪਾ ਤੋਂ ਨਾਰਾਜ਼ ਚੱਲ ਰਹੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੇ ਮੱਧ ਪ੍ਰਦੇਸ਼ ਦੀਅਾਂ ਸਾਰੀਅਾਂ 230 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਸਬੰਧ ’ਚ ਆਪਣੇ ਕੁਝ ਉਮੀਦਵਾਰਾਂ ਦਾ ਐਲਾਨ ਕਰ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਸ਼ਿਵ ਸੈਨਾ ਮੱਧ ਪ੍ਰਦੇਸ਼ ’ਚ ਵੀ ਇਕੱਲੀ ਹੀ ਚੋਣਾਂ ਲੜੇਗੀ।
ਸ਼ਿਵ ਸੈਨਾ ਦੀ ਮੱਧ ਪ੍ਰਦੇਸ਼ ਇਕਾਈ ਦੇ ਮੁਖੀ ਠਾਣੇਸ਼ਵਰ ਮਹਾਵਰ ਨੇ ਕਿਹਾ ਹੈ ਕਿ ‘‘ਸਾਡੀ ਪਾਰਟੀ ਮੱਧ ਪ੍ਰਦੇਸ਼ ’ਚ ਭਾਜਪਾ ਨੂੰ ਸਖਤ ਟੱਕਰ ਦੇਵੇਗੀ ਅਤੇ ਇਥੇ ਪਾਰਟੀ ਦੇ ਵੱਡੇ ਨੇਤਾ ਪ੍ਰਚਾਰ ਕਰਨ ਲਈ ਆਉਣਗੇ।’’
ਭਾਜਪਾ ਲੀਡਰਸ਼ਿਪ ਨੂੰ ਸੋਚਣਾ ਚਾਹੀਦਾ ਹੈ ਕਿ ਹੁਣ ਜਦੋਂ ਚੋਣਾਂ ਸਿਰ ’ਤੇ ਹਨ, ਇਸ ਦੇ ਸਾਥੀ ਇਸ ਤੋਂ ਮੂੰਹ ਕਿਉਂ ਮੋੜ ਰਹੇ ਹਨ? ਜਿਨ੍ਹਾਂ ਲੋਕਾਂ ਨੇ ਪਾਰਟੀ ਲਈ ਤਿਆਗ ਕੀਤੇ ਹਨ ਅਤੇ ਇਸ ਨੂੰ ਆਪਣਾ ਜੀਵਨ ਦਿੱਤਾ ਹੈ, ਕੀ ਉਨ੍ਹਾਂ ਨਾਲ ਗੱਲਬਾਤ ਕਰ ਕੇ ਅਤੇ ਉਨ੍ਹਾਂ ਦੀਅਾਂ ਸ਼ਿਕਾਇਤਾਂ ਨੂੰ ਦੂਰ ਕਰ ਕੇ ਉਨ੍ਹਾਂ ਨੂੰ ਮੁੜ ਆਪਣੇ ਨਾਲ ਨਹੀਂ ਜੋੜਿਆ ਜਾ ਸਕਦਾ?
–ਵਿਜੇ ਕੁਮਾਰ
ਰਿਜ਼ਰਵ ਬੈਂਕ ਅਤੇ ਸਰਕਾਰ ਵਿਚਾਲੇ ਵਿਵਾਦ
NEXT STORY