ਇਸ ਵੇਲੇ ਲਗਭਗ ਸਾਰਾ ਵਿਸ਼ਵ ਹੀ ਸਿਆਸੀ ਅਸਥਿਰਤਾ ਦਾ ਸ਼ਿਕਾਰ ਹੈ। ਜਿੱਥੇ ਪੱਛਮ ’ਚ ਇੰਗਲੈਂਡ ’ਚ ਉਪ-ਪ੍ਰਧਾਨ ਮੰਤਰੀ ‘ਏਂਜਲਾ ਰੇਨਰ’ ਨੂੰ ਟੈਕਸ ਚੋਰੀ ਦੇ ਦੋਸ਼ਾਂ ’ਚ ਅਸਤੀਫਾ ਦੇਣਾ ਪਿਆ, ਉੱਥੇ ਹੀ ਫਰਾਂਸ ਦੇ ਪ੍ਰਧਾਨ ਮੰਤਰੀ ‘ਫਰਾਂਸਵ ਬਾਯਰੂ’ ਦੇ ਸੰਸਦ ’ਚ ਭਰੋਸੇ ਦੀ ਵੋਟ ਹਾਸਲ ਕਰਨ ’ਚ ਅਸਫਲ ਰਹਿਣ ਦੇ ਕਾਰਨ ਉਨ੍ਹਾਂ ਦੀ ਸਰਕਾਰ ਡਿੱਗ ਗਈ। ਹੁਣ ਉੱਥੇ 12 ਮਹੀਨਿਆਂ ’ਚ ਚੌਥੀ ਵਾਰ ਨਵਾਂ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ।
ਜਿੱਥੇ ਏਸ਼ੀਆ ’ਚ ਜਾਪਾਨ ਦੇ ਪ੍ਰਧਾਨ ਮੰਤਰੀ ‘ਸ਼ਿੰਗੇਰੂ ਇਸ਼ਿਬਾ’ ਨੇ ਆਪਣੀ ਹੀ ‘ਲਿਬਰਲ ਡੈਮੋਕ੍ਰੇਟ ਪਾਰਟੀ’ ਦੇ ਨਿਸ਼ਾਨੇ ’ਤੇ ਆ ਜਾਣ ਨਾਲ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਹੈ ਉੱਥੇ ਹੀ ਭਾਰਤ ਦੇ ਗੁਆਂਢੀ ਦੇਸ਼ਾਂ ਮਿਆਂਮਾਰ, ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਮਾਲਦੀਵ ਅਤੇ ਨੇਪਾਲ ਸਿਆਸੀ ਅਸਥਿਰਤਾ ਦੇ ਸ਼ਿਕਾਰ ਹੋ ਗਏ ਹਨ।
ਨੇਪਾਲ ਹਾਲ ਹੀ ਦੇ ਸਾਲਾਂ ਦੇ ਦੌਰਾਨ ਇਕ ਵੱਡੇ ਲੋਕ ਅੰਦੋਲਨ ਦੀ ਲਪੇਟ ’ਚ ਹੈ ਜੋ ਇਸੇ 3 ਸਤੰਬਰ ਤੋਂ ਨੇਪਾਲ ਦੇ ਚੀਨ ਪ੍ਰਸਤ ਪ੍ਰਧਾਨ ਮੰਤਰੀ ‘ਕੇ. ਪੀ. ਸ਼ਰਮਾ ਓਲੀ’ ਦੀ ਸਰਕਾਰ ਵਲੋਂ ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ, ਵ੍ਹਟਸਐਪ ਅਤੇ ਐਕਸ ਆਦਿ 26 ਸੋਸ਼ਲ ਮੀਡੀਆ ਸਾਈਟਸ ’ਤੇ ਪਾਬੰਦੀ ਲਾਉਣ ਦੇ ਫੈਸਲੇ ਅਤੇ ਦੇਸ਼ ’ਚ ਪੈਦਾ ਭ੍ਰਿਸ਼ਟਾਚਾਰ ਅਤੇ ਪਰਿਵਾਰ ਪੋਸ਼ਣ ਦੇ ਵਿਰੁੱਧ ਸ਼ੁਰੂ ਹੋਇਆ ਹੈ।
ਇਨ੍ਹਾਂ ਵਿਖਾਵਿਆਂ ਦੀ ਅਗਵਾਈ ‘ਜੈਨ ਜ਼ੀ’ ਭਾਵ 18 ਤੋਂ 30 ਸਾਲ ਉਮਰ ਵਰਗ ਦੇ ਨੌਜਵਾਨ ਕਰ ਰਹੇ ਹਨ (1997 ਤੋਂ 2012 ਦੇ ਦਰਮਿਆਨ ਜਨਮੇ ਲੋਕਾਂ ਨੂੰ ‘ਜੈਨ ਜ਼ੀ’ ਕਿਹਾ ਜਾਂਦਾ ਹੈ)। ਉਨ੍ਹਾਂ ਦਾ ਨਾਅਰਾ ਹੈ ‘ਕੁਰੱਪਸ਼ਨ ਬੈਨ ਕਰੋ, ਕੁਨੈਕਸ਼ਨ ਨਹੀਂ।’
‘ਜੈਨ ਜ਼ੀ’ ਦੇ ਬੈਨਰ ਹੇਠ ਵਿਖਾਵਾਕਾਰੀ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਕਈ ਹਿੱਸਿਆਂ ’ਚ ‘ਕੇ. ਪੀ. ਚੋਰ ਦੇਸ਼ ਛੱਡੋ’ ਅਤੇ ‘ਭ੍ਰਿਸ਼ਟ ਨੇਤਾਵਾਂ ਦੇ ਵਿਰੁੱਧ ਕਾਰਵਾਈ ਕਰੋ’, ‘ਭੂਚਾਲ ਦੀ ਲੋੜ ਨਹੀਂ ਹੈ, ਨੇਪਾਲ ਰੋਜ਼ ਭ੍ਰਿਸ਼ਟਾਚਾਰ ਨਾਲ ਹਿੱਲਦਾ ਹੈ’ ਵਰਗੇ ਨਾਅਰੇ ਲਗਾ ਰਹੇ ਹਨ।
ਅੰਦੋਲਨਕਾਰੀਆਂ ਨੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ‘ਕੇ. ਪੀ. ਸ਼ਰਮਾ ਓਲੀ’ ਸਮੇਤ ਕਈ ਮੰਤਰੀਆਂ ਦੀਆਂ ਰਿਹਾਇਸ਼ਾਂ ਸਾੜ ਦਿੱਤੀਆਂ ਗਈਆਂ ਹਨ। ਇਸ ਦਰਮਿਆਨ ਕੈਬਨਿਟ ਦੀ 8 ਸਤੰਬਰ ਰਾਤ ਨੂੰ ਹੋਈ ਐਮਰਜੈਂਸੀ ਬੈਠਕ ’ਚ ਉਕਤ ਪਾਬੰਦੀ ਹਟਾ ਦੇਣ ਦੇ ਬਾਵਜੂਦ ਨੌਜਵਾਨਾਂ ਨੇ ਭ੍ਰਿਸ਼ਟਾਚਾਰ ਵਿਰੁੱਧ ਅਤੇ 20 ਵਿਅਕਤੀਆਂ ਦੀ ਮੌਤ ਦੀ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਆਪਣਾ ਵਿਖਾਵਾ ਜਾਰੀ ਰੱਖਿਆ ਹੋਇਆ ਹੈ।
9 ਸਤੰਬਰ ਨੂੰ ਸਵੇਰ ਤੋਂ ਹੀ ਤੇਜ਼ੀ ਨਾਲ ਬਦਲਦੇ ਹਾਲਾਤ ਦੇ ਦਰਮਿਆਨ ਦੁਪਹਿਰ ਨੂੰ ਚੌਕਸੀ ਵਜੋਂ ਰਾਜਧਾਨੀ ਕਾਠਮੰਡੂ ਅਤੇ ਨੇੜੇ-ਤੇੜੇ ਦੇ ਇਲਾਕਿਆਂ ’ਚ ਕਰਫਿਊ ਵੀ ਲਗਾਇਆ ਗਿਆ ਪਰ ਸਥਿਤੀ ਕਾਬੂ ’ਚ ਨਹੀਂ ਆਈ।
ਨੌਜਵਾਨਾਂ ਨੇ ਨੇਪਾਲ ਦੇ ਵਿੱਤ ਮੰਤਰੀ ਨੂੰ ਸੜਕ ’ਤੇ ਦੌੜਾ-ਦੌੜਾ ਕੇ ਕੁੱਟਣ ਦੇ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਓਬਾ ਅਤੇ ਵਿਦੇਸ਼ ਮੰਤਰੀ ਆਰਜੂ ਰਾਣਾ ਦਿਓਬਾ ’ਤੇ ਹਮਲਾ ਕਰ ਦਿੱਤਾ ਅਤੇ ਉਸਦੀ ਕੁੱਟਮਾਰ ਕਰ ਦਿੱਤੀ। ਵਿਖਾਵਾਕਾਰੀਆਂ ਨੇ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਝਾਲਾਨਾਥ ਦੇ ਘਰ ਨੂੰ ਵੀ ਅੱਗ ਲਾ ਦਿੱਤੀ ਅਤੇ ਉਨ੍ਹਾਂ ਦੀ ਪਤਨੀ ‘ਰਾਜ ਲਕਸ਼ਮੀ’ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਸ ਨਾਲ ਉਸ ਦੀ ਮੌਤ ਹੋ ਗਈ।
ਨੌਜਵਾਨਾਂ ਦਾ ਇਹ ਅੰਦੋਲਨ ਹੁਣ ਤਖਤਾਪਲਟ ਦਾ ਰੂਪ ਧਾਰਨ ਕਰ ਚੁੱਕਾ ਹੈ ਅਤੇ ਦੇਸ਼ ਦੀ ਫੌਜ ਦੇ ਹੁਕਮ ’ਤੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਅਤੇ ਰਾਸ਼ਟਰਪਤੀ ਤੇ ਲਗਭਗ ਅੱਧੀ ਦਰਜਨ ਮੰਤਰੀਆਂ ਦੇ ਅਸਤੀਫੇ ਦੇ ਬਾਅਦ ਕਾਠਮੰਡੂ ’ਤੇ ਕਿਰਿਆਤਮਕ ਤੌਰ ’ਤੇ ਆਮ ਲੋਕਾਂ ਦਾ ਕਬਜ਼ਾ ਹੋ ਗਿਆ ਹੈ। ਸੰਸਦ, ਪੀ. ਐੱਮ. ਨਿਵਾਸ ਅਤੇ ਰਾਸ਼ਟਰਪਤੀ ਭਵਨ ਫੂਕ ਦਿੱਤੇ ਗਏ ਹਨ ਅਤੇ ਸੁਰੱਖਿਆ ਬਲਾਂ ਦੇ ਹਥਿਆਰ ਲੁੱਟ ਲਏ।
ਫੌਜ ਅਤੇ ਅੰਦੋਲਨਕਾਰੀਆਂ ਨੇ ਕਾਠਮੰਡੂ ਦੇ ਮੇਅਰ ‘ਬਾਲੇਨ ਸ਼ਾਹ’ ਨੂੰ ਅੰਤਰਿਮ ਸਰਕਾਰ ’ਚ ਪ੍ਰਧਾਨ ਮੰਤਰੀ ਬਣਾਉਣ ਦੀ ਮੰਗ ਕਰਨ ਦੇ ਨਾਲ-ਨਾਲ ਦੇਸ਼ ’ਚ ਫਿਰ ਤੋਂ ਸੰਸਦ ਭੰਗ ਕਰ ਕੇ ਚੋਣਾਂ ਕਰਵਾਉਣ ਦੀ ਮੰਗ ਵੀ ਕੀਤੀ ਹੈ।
‘ਬਾਲੇਨ ਸ਼ਾਹ’ ਜਿਨ੍ਹਾਂ ਨੂੰ ‘ਬਾਲੇਂਦਰ ਸ਼ਾਹ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ, ਨੂੰ ਇਸ ‘ਜੈਨ ਜ਼ੈੱਡ’ ਅੰਦੋਲਨ ਦਾ ਚਿਹਰਾ ਮੰਨਿਆ ਜਾ ਰਿਹਾ ਹੈ। ਵਿਸ਼ਵ ਪ੍ਰਸਿੱਧ ‘ਟਾਈਮ ਪੱਤ੍ਰਿਕਾ’ ਨੇ 2023 ’ਚ ਉਨ੍ਹਾਂ ਨੂੰ ਸਭ ਤੋਂ ਪ੍ਰਭਾਵਸ਼ਾਲੀ 100 ਵਿਅਕਤੀਆਂ ’ਚ ਸ਼ਾਮਲ ਕੀਤਾ ਸੀ।
ਸੁਰੱਖਿਆ ਦੇ ਖਤਰੇ ਨੂੰ ਦੇਖਦੇ ਹੋਏ ਕਾਠਮੰਡੂ ਦੇ ਤ੍ਰਿਭੂਵਨ ਕੌਮਾਂਤਰੀ ਹਵਾਈ ਅੱਡੇ ’ਤੇ ਉਡਾਣ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਦਰਮਿਆਨ ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ਅਤੇ ਕੁਝ ਹੋਰ ਮੰਤਰੀ ਅਸਤੀਫਾ ਦੇ ਕੇ ਹੈਲੀਕਾਪਟਰ ਰਾਹੀਂ ਭੱਜਦੇ ਦਿਖਾਈ ਦਿੱਤੇ ਹਨ।
ਓਲੀ ਦਾ ਪ੍ਰਾਈਵੇਟ ਜਹਾਜ਼ ਵੀ ਤਿਆਰ ਹੈ ਅਤੇ ਚਰਚਾ ਹੈ ਕਿ ਉਹ ਦੁਬਈ ਭੱਜ ਸਕਦੇ ਹਨ। ਬੰਗਲਾਦੇਸ਼ ਦੇ ਬਾਅਦ ਭਾਰਤ ਦੇ ਗੁਆਂਢ ’ਚ ਨੇਪਾਲ ’ਚ ਇਸ ਤਰ੍ਹਾਂ ਦੀ ਖਾਨਾਜੰਗੀ ਦੀ ਹਾਲਤ ਕਿਸੇ ਵੀ ਤਰ੍ਹਾਂ ਭਾਰਤ ਲਈ ਚੰਗੀ ਨਹੀਂ ਹੈ। ਵਿਦੇਸ਼ ਮੰਤਰਾਲਾ ਨੂੰ ਇਸ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਨੇਪਾਲ ’ਚ ਸ਼ਾਂਤੀ ਬਹਾਲੀ ਦੇ ਯਤਨ ਹੋਣੇ ਚਾਹੀਦੇ ਹਨ। ਕਿਉਂਕਿ ਸ਼ਾਂਤ ਗੁਆਂਢੀ ਹੀ ਭਾਰਤ ਦੇ ਹਿੱਤ ’ਚ ਹੈ।
–ਵਿਜੇ ਕੁਮਾਰ
ਭਾਰਤ ਰਾਸ਼ਟਰ ਸਮਿਤੀ ਦਾ ਭਵਿੱਖ ਕੀ ਹੈ
NEXT STORY