ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 4 ਦਿਨ ਦੇ ਜਾਪਾਨ ਅਤੇ ਚੀਨ ਦੌਰੇ ਦੇ ਦੌਰਾਨ ਉੱਤਰ ਭਾਰਤ ’ਚ ਭਾਰੀ ਮੀਂਹ ਅਤੇ ਹੜ੍ਹ ਦੇ ਕਾਰਨ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ’ਚ ਵੱਡੇ ਪੱਧਰ ’ਤੇ ਤਬਾਹੀ ਹੋਈ ਹੈ।
ਪੰਜਾਬ ਦੇ 23 ਜ਼ਿਲਿਆਂ ਦੇ 1400 ਪਿੰਡਾਂ ਦੇ 3 ਲੱਖ 54 ਹਜ਼ਾਰ ਵਿਅਕਤੀਆਂ ਨੂੰ ਹੜ੍ਹ ਨਾਲ ਨੁਕਸਾਨ ਪਹੁੰਚਿਆ ਹੈ ਅਤੇ ਹੁਣ ਤੱਕ 36 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹਿਮਾਚਲ ਪ੍ਰਦੇਸ਼ ’ਚ ਹੜ੍ਹ ਨੇ 76 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਸੂਬੇ ’ਚ ਹੁਣ ਤੱਕ 326 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦ ਕਿ ਜੰਮੂ-ਕਸ਼ਮੀਰ ’ਚ ਵੀ ਭਾਰੀ ਮੀਂਹ ਅਤੇ ਹੜ੍ਹ ਦੇ ਕਾਰਨ 122 ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ, ਅਜਿਹੇ ’ਚ ਇਨ੍ਹਾਂ ਸੂਬਿਆਂ ਨੂੰ ਤੁਰੰਤ ਕੇਂਦਰੀ ਮਦਦ ਦੀ ਲੋੜ ਹੈ।
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੇ ਪ੍ਰਧਾਨ ਮੰਤਰੀ ਦੇ ਨਾਂ ਲਿਖੇ ਪੱਤਰ ’ਚ ਸੁਝਾਅ ਦਿੱਤਾ ਹੈ ਕਿ ਕੇਂਦਰ ਸਰਕਾਰ ਦੇ ਕੋਲ 2 ਲੱਖ ਕਰੋੜ ਰੁਪਏ ਦੀ ਅਜਿਹੀ ਜਾਇਦਾਦ ਹੈ ਜਿਸ ’ਤੇ ਸਾਲਾਂ ਤੋਂ ਿਕਸੇ ਨੇ ਦਾਅਵਾ ਨਹੀਂ ਕੀਤਾ। ਇਸ ’ਚ ਬੈਂਕਾਂ ’ਚ 42,270 ਕਰੋੜ ਰੁਪਏ, ਡਾਕ ਘਰ ’ਚ 32,273 ਕਰੋੜ ਰੁਪਏ, ਈ. ਪੀ. ਐੱਫ.ਖਾਤਿਆਂ ’ਚ 8500 ਕਰੋੜ ਰੁਪਏ ਅਤੇ ਭਾਰਤੀ ਜੀਵਨ ਬੀਮਾ ਨਿਗਮ ਕੰਪਨੀਆਂ ’ਚ ਪਏ 20,062 ਕਰੋੜ ਰੁਪਏ ਸ਼ਾਮਲ ਹਨ। ਭਾਰਤ ਸਰਕਾਰ ਨੂੰ ਇਸ ਪੈਸੇ ਦੀ ਸਹੀ ਵਰਤੋਂ ਕਰਨ ਲਈ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਕਿ ਇਸ ਪੈਸੇ ਦੀ ਵਰਤੋਂ ਰਾਸ਼ਟਰੀ ਆਫਤ ’ਚ ਕੀਤੀ ਜਾ ਸਕੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਵਿਸ਼ੇਸ਼ ਰਾਹਤ ਪੈਕੇਜ ਜਾਰੀ ਕਰਨ ਦੀ ਮੰਗ ਕੀਤੀ ਹੈ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਹੈ ਕਿ ਪੰਜਾਬ ’ਚ ਲਗਭਗ 3 ਲੱਖ ਹੈਕਟੇਅਰ ਜ਼ਮੀਨ ’ਤੇ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਨੁਕਸਾਨ ਦੇ ਲਈ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦੀ ਵਿਵਸਥਾ ਕਰਨ ਦੀ ਮਨਜ਼ੂਰੀ ਦੇਵੇ।
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਦੇ ਲਈ ਇਕ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰਨ ਦੀ ਬੇਨਤੀ ਕੀਤੀ ਹੈ। ਪੱਤਰ ’ਚ ਜਾਖੜ ਨੇ ਲਿਖਿਆ ਹੈ ਕਿ ਹੜ੍ਹ ਦੇ ਕਾਰਨ ਹਜ਼ਾਰਾਂ ਏਕੜ ਫਸਲਾਂ ਨਸ਼ਟ ਹੋ ਗਈਆਂ ਹਨ, ਇਸ ਲਈ ਕੇਂਦਰ ਸਰਕਾਰ ਨੂੰ ਤੁਰੰਤ ਮੁਲਾਂਕਣ ਟੀਮਾਂ ਪੰਜਾਬ ਭੇਜਣੀਆਂ ਚਾਹੀਦੀਆਂ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਿਸੰਘ (ਭਾਜਪਾ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ’ਚ ਹੜ੍ਹ ਦੇ ਕਾਰਨ ਜ਼ਿੰਦਗੀ, ਖੇਤੀਬਾੜੀ ਅਤੇ ਮੁੱਢਲੇ ਢਾਂਚੇ ਨੂੰ ਹੋਏ ਵੱਡੇ ਪੱਧਰ ਦੇ ਨੁਕਸਾਨ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਲਈ ਇਕ ਵਿਸ਼ੇਸ਼ ਰਾਹਤ ਪੈਕੇਜ ਦਾ ਤੁਰੰਤ ਐਲਾਨ ਕਰਨ ਦੀ ਅਪੀਲ ਕੀਤੀ ਹੈ।
ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਿਸੰਘ ਮੀਤ ਹੇਅਰ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਨੂੰ ਤੱਤਕਾਲ 20,000 ਕਰੋੜ ਰੁਪਏ ਦੀ ਅੰਤਰਿਮ ਰਾਹਤ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਰਕਮ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮਦਦ ਮਿਲ ਸਕੇਗੀ।
ਪੰਜਾਬ ਦੇ ਮੁੱਖ ਮੰਤਰੀ ਨੇ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਮੁੱਖ ਮੰਤਰੀ ਰਾਹਤ ਫੰਡ ’ਚ ਇਕ ਮਹੀਨੇ ਦੀ ਤਨਖਾਹ ਦਾਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੇ ਨਾਲ-ਨਾਲ ਕੈਬਨਿਟ ਮੰਤਰੀਆਂ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਵੀ ਆਪਣੀ ਇਕ ਮਹੀਨੇ ਦੀ ਤਨਖਾਹ ਦਾਨ ’ਚ ਦਿੱਤੀ ਹੈ।
ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ’ਚ ਵੀ ਪੰਜਾਬ ਦੀ ਤਰ੍ਹਾਂ ਇਹ ਪਹਿਲ ਹੋਣੀ ਚਾਹੀਦੀ ਹੈ ਅਤੇ ਪੰਜਾਬ ਕੇਸਰੀ ਪੱਤਰ ਸਮੂਹ ਦੇ ਪਾਠਕਾਂ ਨੂੰ ਦਾਨੀ ਸੱਜਣਾਂ ਨੂੰ ਹੜ੍ਹ ਪ੍ਰਭਾਵਿਤ ਸੂਬਿਆਂ ਦੇ ਲਈ ਆਪਣੇ-ਆਪਣੇ ਸੂਬਿਆਂ ਦੇ ਮੁੱਖ ਮੰਤਰੀ ਰਾਹਤ ਫੰਡ ’ਚ ਮਦਦ ਭੇਜਣੀ ਚਾਹੀਦੀ ਹੈ।
ਪੰਜਾਬ ਨੇ ਹਮੇਸ਼ਾ ਦੇਸ਼ ’ਤੇ ਆਈ ਕਿਸੇ ਕੁਦਰਤੀ ਜਾਂ ਬਾਹਰੀ ਆਫਤ ਦੀ ਸਥਿਤੀ ’ਚ ਵਧ-ਚੜ੍ਹ ਕੇ ਦੇਸ਼ ਦੀ ਮਦਦ ਕੀਤੀ ਹੈ ਪਰ ਹੁਣ ਸੰਕਟ ਦੀ ਇਸ ਘੜੀ ’ਚ ਪੰਜਾਬ ਕੇਂਦਰ ਦੇ ਵੱਲ ਮਦਦ ਦੇ ਲਈ ਦੇਖ ਰਿਹਾ ਹੈ।
ਹਾਲਾਂਕਿ ਪ੍ਰਧਾਨ ਮੰਤਰੀ ਨੇ ਆਪਣੇ ਚੀਨ ਅਤੇ ਜਾਪਾਨ ਦੇ ਦੌਰੇ ਤੋਂ ਵਾਪਸ ਆਉਂਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਟੈਲੀਫੋਨ ’ਤੇ ਗੱਲ ਕਰ ਕੇ ਪੰਜਾਬ ਦੀ ਸਥਿਤੀ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਪਰ ਜੇਕਰ ਕੇਂਦਰ ਸਰਕਾਰ ਸਥਿਤੀ ਦਾ ਜਾਇਜ਼ਾ ਲੈ ਕੇ ਹੜ੍ਹ ਪ੍ਰਭਾਵਿਤ ਸੂਬਿਆਂ ਲਈ ਤੁਰੰਤ ਕੇਂਦਰੀ ਮਦਦ ਭੇਜੇ ਤਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੁਝ ਰਾਹਤ ਿਮਲ ਸਕੇਗੀ, ਜਿਸ ਦੀ ਇਸ ਸਮੇਂ ਪੀੜਤਾਂ ਨੂੰ ਬੜੀ ਜ਼ਿਆਦਾ ਲੋੜ ਹੈ।
–ਵਿਜੇ ਚੋਪੜਾ
ਚੋਣ ਪ੍ਰਣਾਲੀ ਨੂੰ ਸਿਆਸੀ ਪਾਰਟੀਆਂ ਦੀ ਉਦਾਸੀਨਤਾ ਕਮਜ਼ੋਰ ਕਰ ਰਹੀ
NEXT STORY