ਆਜ਼ਾਦੀ ਘੁਲਾਟੀਏ ਅਤੇ ਸਮਾਜ ਸੁਧਾਰਕ ਪੂਜਨੀਕ ਪਿਤਾ ‘ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ’ ਨੂੰ ਸਾਡੇ ਤੋਂ ਵਿਛੜਿਆਂ ਅੱਜ 44 ਸਾਲ ਹੋ ਗਏ ਹਨ।
ਉਨ੍ਹਾਂ ਦਾ ਜਨਮ 31 ਮਈ, 1899 ਨੂੰ ‘ਵਜੀਰਾਬਾਦ’ (ਪਾਕਿਸਤਾਨ) ’ਚ ਪਿਤਾ ‘ਸ਼੍ਰੀ ਲਖਮੀ ਦਾਸ ਜੀ ਚੋਪੜਾ’ ਅਤੇ ਮਾਤਾ ‘ਸ਼੍ਰੀਮਤੀ ਲਾਲ ਦੇਵੀ ਜੀ’ ਦੇ ਘਰ ਹੋਇਆ। ਉਹ ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਸਨ।
ਉਨ੍ਹਾਂ ਦੇ ਪਿਤਾ ‘ਸਵ. ਲਖਮੀ ਦਾਸ ਜੀ ਚੋਪੜਾ’ ਨੇ ਵਿਦੇਸ਼ੀ ਹਕੂਮਤ ਦੇ ਅਧੀਨ ਕੰਮ ਕਰਨ ਦੀ ਬਜਾਏ ਕਿਸੇ ਭਾਰਤੀ ਦੇ ਅਧੀਨ ਕੰਮ ਕਰਨਾ ਸ੍ਰੇਸ਼ਠ ਸਮਝ ਕੇ ਸੰਨ 1900 ’ਚ ਪਰਿਵਾਰ ਦੇ ਨਾਲ ‘ਲਾਇਲਪੁਰ’ ਆ ਕੇ ਉੱਥੋਂ ਦੇ ਇਕ ਵੱਕਾਰੀ ਵਕੀਲ ‘ਸ਼੍ਰੀ ਬੋਧ ਰਾਜ ਵੋਹਰਾ’ ਦੀ ਨੌਕਰੀ ਕਰ ਲਈ।
ਇਸ ਲੇਖ ’ਚ ਮੈਂ ਆਪਣੇ ਪੂਜਨੀਕ ਪਿਤਾ ‘ਲਾਲਾ ਜਗਤ ਨਾਰਾਇਣ ਜੀ’ ਦੇ ਬਚਪਨ ਦੀ ਇਕ ਮਹੱਤਵਪੂਰਨ ਘਟਨਾ ਦਾ ਵਰਨਣ ਕਰ ਰਿਹਾ ਹਾਂ। ਉਸ ਸਮੇਂ ਪਿਤਾ ਜੀ ਦੀ ਉਮਰ 6 ਸਾਲ ਹੋਵੇਗੀ, ਜਦੋਂ ਉਨ੍ਹਾਂ ਨੂੰ ਪਰਿਵਾਰ ਦੇ ਨਾਲ ਹਰਿਦੁਆਰ ਜਾਣ ਦਾ ਮੌਕਾ ਮਿਲਿਆ।
ਉੱਥੇ ਸਭ ਲੋਕ ਕੁਝ ਦਿਨਾਂ ਤੱਕ ਦੇਸ਼ ਭਗਤ ‘ਪਾਂਡੇ’ (ਪੁਜਾਰੀ) ਦੇ ਘਰ ਠਹਿਰੇ। ਜਦੋਂ ਪਿਤਾ ਜੀ ਹਰਿਦੁਆਰ ਤੋਂ ਵਾਪਸ ਜਾਣ ਲੱਗੇ ਤਾਂ ‘ਪਾਂਡੇ’ ਨੇ ਮੇਰੇ ਪਿਤਾ ਜੀ ਨੂੰ ਸਨੇਹ ਨਾਲ ਉਸ ਸਮੇਂ ਦੇ ਪ੍ਰਸਿੱਧ ਮਹਾਪੁਰਸ਼ਾਂ ਦੇ ਕੁਝ ਚਿੱਤਰ ਦਿੱਤੇ। ਘਰ ਆ ਕੇ ‘ਲਖਮੀ ਦਾਸ ਜੀ ਚੋਪੜਾ’ ਨੇ ਇਕ-ਇਕ ਚਿੱਤਰ ਦਿਖਾ ਕੇ ਪਿਤਾ ਜੀ ਨੂੰ ਉਨ੍ਹਾਂ ਸਾਰਿਆਂ ਦੇ ਵਿਸ਼ੇ ’ਚ ਦੱਸਿਆ। ਇਕ ਚਿੱਤਰ ਦਿਖਾ ਕੇ ਉਨ੍ਹਾਂ ਨੇ ਪਿਤਾ ਜੀ ਨੂੰ ਸਮਝਾਇਆ ਕਿ ਫਲਾਨਾ ਚਿੱਤਰ ਨੌਜਵਾਨ ਕ੍ਰਾਂਤੀਕਾਰੀ ‘ਖੁਦੀ ਰਾਮ ਬੌਸ’ ਦਾ ਹੈ। ਜਿਨ੍ਹਾਂ ਨੇ 16 ਸਾਲ ਦੀ ਉਮਰ ’ਚ ਹੀ ਦੇਸ਼ ਲਈ ਆਪਣਾ ਜੀਵਨ ਬਲੀਦਾਨ ਕਰ ਦਿੱਤਾ ਸੀ।
ਇਕ ਹੋਰ ਚਿੱਤਰ ਪ੍ਰਸਿੱਧ ਆਜ਼ਾਦੀ ਘੁਲਾਟੀਆਂ ਦੀ ‘ਤ੍ਰਿਮੂਰਤੀ’ ‘ਲਾਲਾ ਲਾਜਪਤ ਰਾਏ’, ‘ਬਾਲ ਗੰਗਾਧਰ ਤਿਲਕ’ ਅਤੇ ‘ਵਿਪਿਨ ਚੰਦਰ ਪਾਲ’ ਦਾ ਸੀ। ਇਸੇ ਤਰ੍ਹਾਂ ਦਾਦਾ ‘ਲਖਮੀ ਦਾਸ ਜੀ ਚੋਪੜਾ’ ਨੇ ਮੇਰੇ ਪਿਤਾ ਜਗਤ ਨਾਰਾਇਣ ਜੀ ਨੂੰ ਹੋਰਨਾਂ ਰਾਸ਼ਟਰ ਭਗਤਾਂ ਦੇ ਚਿੱਤਰ ਦਿਖਾ ਕੇ ਸਮਝਾਇਆ ਸੀ ਕਿ ਅੰਗਰੇਜ਼ ਸਰਕਾਰ ਕਿਸ ਤਰ੍ਹਾਂ ਭਾਰਤੀਅਾਂ ’ਤੇ ਅੱਤਿਆਚਾਰ ਕਰ ਰਹੀ ਹੈ। ਇਸ ਲਈ ਦੇਸ਼ ਨੂੰ ਉਨ੍ਹਾਂ ਤੋਂ ਆਜ਼ਾਦੀ ਚਾਹੀਦੀ ਹੈ।
ਇਨ੍ਹਾਂ ਸਾਰੀਆਂ ਗੱਲਾਂ ਦਾ ਪਿਤਾ ਜੀ ਦੇ ‘ਬਾਲ-ਮਨ’ ’ਤੇ ਅਜਿਹਾ ਪ੍ਰਭਾਵ ਪਿਆ ਕਿ ਉਨ੍ਹਾਂ ’ਚ ਦੇਸ਼ ਪ੍ਰੇਮ ਦੀ ਲੋ ਜਾਗ ਉਠੀ ਜੋ ਸਮੇਂ ਦੇ ਨਾਲ-ਨਾਲ ਵਧਦੀ ਗਈ।
ਪਿਤਾ ਜੀ ਦੇ ਮਨ ’ਚ ਬਚਪਨ ’ਚ ਬੀਜ ਦੇ ਰੂਪ ’ਚ ਬੀਜੇ ਗਏ ਇਹੀ ਉਹ ਸੰਸਕਾਰ ਸਨ, ਜੋ ਯੁਵਾ ਅਵਸਥਾ ’ਚ ਫੁੱਟੇ ਅਤੇ ਬਲੀਦਾਨ ਦੇ ਇਸੇ ਪਾਠ ਨੇ ਅਖੀਰ ਉਨ੍ਹਾਂ ਨੂੰ ਅਮਰ ਸ਼ਹੀਦਾਂ ਦੀ ਕਤਾਰ ’ਚ ਲਿਆ ਖੜ੍ਹਾ ਕੀਤਾ।
ਲਾਇਲਪੁਰ ਆ ਕੇ ਪਿਤਾ ਜੀ ਨੇ ਮੈਟ੍ਰਿਕ ਪਾਸ ਕਰ ਕੇ 1919 ’ਚ ਡੀ. ਏ. ਵੀ. ਕਾਲਜ, ਲਾਹੌਰ ਤੋਂ ਬੀ. ਏ. ਕਰ ਕੇ ਉੱਥੇ ਹੀ 2020 ’ਚ ‘ਲਾਅ ਕਾਲਜ’ ’ਚ ਪੜ੍ਹਾਈ ਸ਼ੁਰੂ ਕੀਤੀ ਪਰ ਗਾਂਧੀ ਜੀ ਦੇ ਸੱਦੇ ’ਤੇ ਪੜ੍ਹਾਈ ਛੱਡ ਕੇ ਆਜ਼ਾਦੀ ਸੰਗਰਾਮ ’ਚ ਕੁਦ ਪਏ।
ਇਸ ਸਿਲਸਿਲੇ ’ਚ 1921 ’ਚ ਅਹਿੰਸਆਤਮਕ ‘ਨਾ ਮਿਲਵਰਤਣ ਅੰਦੋਲਨ’ ’ਚ ਹਿੱਸਾ ਲੈਣ ਦੇ ਕਾਰਨ ਹੋਰਨਾਂ ਨੇਤਾਵਾਂ ਦੇ ਨਾਲ ਹੀ ਪਿਤਾ ਜੀ ਨੂੰ ਵੀ ਫੜ ਕੇ ਜੇਲ ਭੇਜ ਦਿੱਤਾ ਿਗਆ ਅਤੇ ਉਹ ਢਾਈ ਸਾਲ ਬਾਅਦ 1924 ’ਚ ਰਿਹਾਅ ਹੋਏ। ਇਸ ਤੋਂ ਬਾਅਦ ਵੀ ਉਹ ਆਜ਼ਾਦੀ ਸੰਗਰਾਮ ਦੇ ਅੰਦੋਲਨਾਂ ’ਚ ਹਿੱਸਾ ਲੈ ਕੇ ਕਈ ਸਾਲ ਜੇਲ ’ਚ ਰਹੇ।
ਜੇਲ ’ਚ ਉਨ੍ਹਾਂ ਨੂੰ ‘ਪੰਜਾਬ ਕੇਸਰੀ’ ਲਾਲਾ ਲਾਜਪਤਰਾਏ ਤੋਂ ਇਲਾਵਾ ਹੋਰ ਅਨੇਕ ਪ੍ਰਸਿੱਧ ਹਸਤੀਆਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਅਤੇ ਦੇਸ਼ ਦੀ ਵੰਡ ਤੋਂ ਬਾਅਦ 1947 ’ਚ ‘ਲਾਹੌਰ’ (ਜੋ ਹੁਣ ਪਾਕਿਸਤਾਨ ’ਚ ਹੈ) ਤੋਂ ‘ਜਲੰਧਰ’ (ਭਾਰਤ) ਆ ਕੇ ਪਿਤਾ ਜੀ ਨੇ 4 ਮਈ 1948 ਨੂੰ ‘ਹਿੰਦ ਸਮਾਚਾਰ’ (ਉਰਦੂ) ਸ਼ੁਰੂ ਕੀਤਾ।
ਪੂਜਨੀਕ ਪਿਤਾ ਜੀ 1952 ’ਚ ਪੰਜਾਬ ’ਚ ਚੋਣਾਂ ਤੋਂ ਬਾਅਦ ਤਤਕਾਲੀ ਪੰਜਾਬ ਸਰਕਾਰ ’ਚ ਸਿੱਖਿਆ, ਸਿਹਤ ਅਤੇ ਟਰਾਂਸਪੋਰਟ ਮੰਤਰੀ ਬਣਾਏ ਗਏ ਅਤੇ ਇਸ ਦੌਰਾਨ ਉਨ੍ਹਾਂ ਨੇ ਅਨੇਕ ਇਤਿਹਾਸਕ ਫੈਸਲੇ ਕੀਤੇ ਪਰ ਟਰਾਂਸਪੋਰਟ ਦੇ ਰਾਸ਼ਟਰੀਕਰਨ ਦੇ ਮੁੱਦੇ ’ਤੇ ਮਤਭੇਦਾਂ ਦੇ ਕਾਰਨ ਉਨ੍ਹਾਂ ਨੇ ਮੰਤਰੀ ਦੇ ਅਹੁਦੇ ਅਤੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਅਤੇ ਅਖਬਾਰ ਦੇ ਕੰਮ ’ਤੇ ਪੂਰਾ ਧਿਆਨ ਦੇਣਾ ਸ਼ੁਰੂ ਕਰ ਕੀਤਾ।
ਇਸ ਦੇ ਨਤੀਜੇ ’ਚ 13 ਜੂਨ, 1965 ਨੂੰ ‘ਪੰਜਾਬ ਕੇਸਰੀ’ (ਹਿੰਦੀ) ਅਤੇ 21 ਜੁਲਾਈ, 1978 ਨੂੰ ‘ਜਗ ਬਾਣੀ’ (ਪੰਜਾਬੀ) ਸ਼ੁਰੂ ਕਰ ਕੇ ਆਪਣੇ ਹੀ ਦੇਸ਼ ਦੇ ਕੁਝ ਸ਼ਾਸਕਾਂ ਦੇ ਕੁਸ਼ਾਸਨ ਵਿਰੁੱਧ ਆਵਾਜ਼ ਉਠਾਉਣ ਦੇ ਕਾਰਨ ਸਮੇਂ ਦੇ ਸੱਤਾਧਾਰੀਆਂ ਦੀ ਕਰੋਪੀ ਦਾ ਸਾਹਮਣਾ ਕੀਤਾ ਅਤੇ ਜੇਲ ਯਾਤਰਾ ਕੀਤੀ, ਜਿਸ ’ਚ ਐਮਰਜੈਂਸੀ ਦੌਰਾਨ ਉਨ੍ਹਾਂ ਦੀ ਜੇਲ ਯਾਤਰਾ ਪ੍ਰਮੁੱਖ ਹੈ।
ਅੱਤਵਾਦੀਆਂ ਵਿਰੁੱਧ ਡਟ ਕੇ ਆਵਾਜ਼ ਉਠਾਉਣ ਅਤੇ ਨਿਡਰਤਾ ਨਾਲ ਉਨ੍ਹਾਂ ਵਿਰੁੱਧ ਆਪਣੀਆਂ ਅਖਬਾਰਾਂ ’ਚ ਲਿਖਣ ਦੇ ਕਾਰਨ ਉਹ ਉਨ੍ਹਾਂ ਦੇ ਨਿਸ਼ਾਨੇ ’ਤੇ ਆ ਗਏ। ਜਿਨ੍ਹਾਂ ਨੇ ਅਖੀਰ 9 ਸਤੰਬਰ, 1981 ਨੂੰ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ।
ਬੇਸ਼ੱਕ ਪੂਜਨੀਕ ਪਿਤਾ ਜੀ ਅੱਜ ਸਾਡੇ ’ਚ ਨਹੀਂ ਹਨ ਪਰ ਸੂਖਮ ਰੂਪ ਨਾਲ ਅੱਜ ਵੀ ‘ਹਿੰਦ ਸਮਾਚਾਰ’ ਪਰਿਵਾਰ ਨੂੰ ਆਪਣਾ ਆਸ਼ੀਰਵਾਦ ਦੇ ਰਹੇ ਹਨ। ਉਨ੍ਹਾਂ ਦੇ ਹੀ ਪੁੰਨ-ਪ੍ਰਤਾਪ ਦਾ ਫਲ ਹੈ ਕਿ ਉਨ੍ਹਾਂ ਦਾ ਲਗਾਇਆ ਹੋਇਆ ‘ਹਿੰਦ ਸਮਾਚਾਰ ਪੱਤਰ ਸਮੂਹ’ ਰੂਪੀ ਪੌਦਾ ਅੱਜ ਬੋਹੜ ਦਾ ਦਰੱਖਤ ਬਣ ਕੇ ਦੇਸ਼ ਦੀ ਸੇਵਾ ਕਰ ਰਿਹਾ ਹੈ ਅਤੇ ਜਿਸ ਦੇ ਪਰਛਾਵੇਂ ਹੇਠ ‘ਹਿੰਦ ਸਮਾਚਾਰ’ (ਉਰਦੂ) ‘ਪੰਜਾਬ ਕੇਸਰੀ’ (ਹਿੰਦੀ) ‘ਜਗ ਬਾਣੀ’ (ਪੰਜਾਬੀ) ਅਤੇ ਨਵੋਦਿਆ ਟਾਈਮਜ਼ (ਹਿੰਦੀ, ਦਿੱਲੀ) ਫਲ-ਫੁੱਲ ਰਹੇ ਹਨ।
ਅੱਜ ਪੂਜਨੀਕ ਪਿਤਾ ਜੀ ਦੇ ਬਲੀਦਾਨ ਦਿਵਸ ’ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ‘ਪੰਜਾਬ ਕੇਸਰੀ ਪਰਿਵਾਰ’ ਖੁਦ ਨੂੰ ਉਨ੍ਹਾਂ ਦੇ ਉੱਚ ਆਦਰਸ਼ਾਂ ਅਤੇ ਸਿਧਾਂਤਾਂ ਦੇ ਪ੍ਰਤੀ ਸਮਰਪਿਤ ਰਹਿਣ ਦਾ ਸੰਕਲਪ ਦੁਹਰਾਉਂਦਾ ਹੈ।
–ਵਿਜੇ ਕੁਮਾਰ
ਜਦੋਂ ‘ਗਾਲ੍ਹ’ ਬਣ ਜਾਂਦੀ ਹੈ ‘ਪ੍ਰਣਾਲੀ’
NEXT STORY