ਸ਼ਹਿਰੀ ਇਲਾਕਿਆਂ ਦੇ ਨਾਲ-ਨਾਲ ਹੁਣ ਪਿੰਡਾਂ ’ਚ ਵੀ ਕੋਰੋਨਾ ਮਹਾਮਾਰੀ ਦੀ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਹੀ ਹੈ। ਇਨਫੈਕਸ਼ਨ ਦੀ ਦਰ ’ਚ ਕੁਝ ਕਮੀ ਦਿਖਾਈ ਦੇਣ ਦੇ ਬਾਵਜੂਦ ਸਥਿਤੀ ਗੰਭੀਰ ਬਣੀ ਹੋਈ ਹੈ।
ਪਿੰਡਾਂ ’ਚ ਜਾਂਚ ਕਰਨ ਦੇ ਲਈ ਪਹੁੰਚਣ ਵਾਲੀਆਂ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਸਹਿਯੋਗ ਕਰਨ ਦੀ ਬਜਾਏ ਪਿੰਡ ਵਾਸੀ ਉਨ੍ਹਾਂ ਦਾ ਵਿਰੋਧ ਹੀ ਨਹੀਂ ਉਨ੍ਹਾਂ ’ਤੇ ਹਮਲੇ ਤੱਕ ਕਰ ਰਹੇ ਹਨ। ਪਿੰਡਾਂ ਵਾਲਿਆਂ ਵੱਲੋਂ ਸਹਿਯੋਗ ਨਾ ਕਰਨ ਦੇ ਕਾਰਨ ਡਾਕਟਰ ਉੱਥੇ ਘੱਟ ਸੈਂਪਲ ਲੈ ਸਕੇ ਹਨ।
ਭਾਦਸੋਂ (ਪੰਜਾਬ) ਦੀ ਸੀਨੀਅਰ ਮੈਡੀਕਲ ਅਫਸਰ ਡਾ. ਦਵਿੰਦਰਜੀਤ ਕੌਰ ਦਾ ਕਹਿਣਾ ਹੈ, ‘‘ਪਿੰਡ, ਖਾਸ ਤੌਰ ’ਤੇ ਨੌਜਵਾਨ, ਟੈਸਟਿੰਗ ਦਾ ਇਹ ਕਹਿੰਦੇ ਹੋਏ ਵਿਰੋਧ ਕਰਦੇ ਹਨ ਕਿ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ। ਇੱਥੋਂ ਤੱਕ ਕਿ ਜਾਂਚ ’ਚ ਪਾਜ਼ੇਟਿਵ ਆ ਜਾਣ ’ਤੇ ਵੀ ਉਹ ਇਹ ਗੱਲ ਮੰਨਣ ਲਈ ਤਿਆਰ ਨਹੀਂ ਹੁੰਦੇ।’’
ਅਨੇਕ ਥਾਵਾਂ ’ਤੇ ਤਾਂ ਸਿਹਤ ਕਰਮਚਾਰੀਆਂ ਨੂੰ ਸੁਰੱਖਿਆ ਦੇ ਲਈ ਆਪਣੇ ਨਾਲ ਪੁਲਸ ਲਿਜਾਣੀ ਪੈ ਰਹੀ ਹੈ। ਲੋਕਾਂ ਦੇ ਵਿਰੋਧ ਦੇ ਕਾਰਨ ਕਈ ਥਾਵਾਂ ’ਤੇ ‘ਆਸ਼ਾ ਵਰਕਰਾਂ’ ਨੇ ਪਿੰਡਾਂ ’ਚ ਜਾਣਾ ਹੀ ਛੱਡ ਦਿੱਤਾ ਹੈ।
* 6 ਅਪ੍ਰੈਲ ਨੂੰ ਪਟਿਆਲਾ ਦੇ ‘ਦੁਧਨਸਾਧਾਂ’ ਬਲਾਕ ਦੇ ਪਿੰਡ ‘ਚਾਬੂਤ’ ’ਚ ਇਕ ਕੋਰੋਨਾ ਇਨਫੈਕਟਿਡ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਅੰਤਿਮ ਸੰਸਕਾਰ ਕਰਨ ’ਤੇ ਡਾਕਟਰ ਨੂੰ ਹੀ ਕੁੱਟ ਦਿੱਤਾ, ਜਿਸ ਨਾਲ ਉਹ ਸਦਮੇ ’ਚ ਚਲਾ ਗਿਆ।
* 24 ਅਪ੍ਰੈਲ ਨੂੰ ਸਹਾਰਨਪੁਰ ਦੇ ‘ਕੋਟਾ’ ਪਿੰਡ ’ਚ ਕੈਂਪ ਲਗਾ ਕੇ ਕੋਰੋਨਾ ਟੈਸਟ ਕਰ ਰਹੀ ਸਿਹਤ ਵਿਭਾਗ ਦੀ ਟੀਮ ’ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਜਿਸ ਨਾਲ ਇਕ ਕਰਮਚਾਰੀ ਜ਼ਖਮੀ ਹੋ ਗਿਆ।
* 12 ਮਈ ਨੂੰ ਕਾਨਪੁਰ ਦੇ ਨੇੜੇ ‘ਸਿੰਡੋਸ’ ਪਿੰਡ ’ਚ ਕੋਰੋਨਾ ਦੀ ਜਾਂਚ ਕਰਨ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੂੰ ਪਿੰਡ ਵਾਲਿਆਂ ਨੇ ਭਜਾ-ਭਜਾ ਕੇ ਕੁੱਟਿਆ।
* 16 ਮਈ ਨੂੰ ਮੱਧ ਪ੍ਰਦੇਸ਼ ’ਚ ‘ਮੁਰੈਨਾ’ ਦੇ ਬਲਾਲਪੁਰ ’ਚ ਬੁਖਾਰ ਦੀ ਦਵਾਈ ਦੇਣ ਗਈਅਾਂ ‘ਆਸ਼ਾ ਵਰਕਰਾਂ’ ’ਤੇ ਪਿੰਡ ਦੀਆਂ ਔਰਤਾਂ ਨੇ ਹਮਲਾ ਕਰ ਦਿੱਤਾ ਅਤੇ ਕਿਸੇ ਨੇ ਵੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।
* 16 ਮਈ ਨੂੰ ਉੱਤਰ ਪ੍ਰਦੇਸ਼ ’ਚ ‘ਔਰੈਆ’ ਦੇ ਇਕ ਪਿੰਡ ’ਚ ਕੋਵਿਡ ਵੈਕਸੀਨ ਲਗਾਉਣ ਪਹੁੰਚੇ ਡਾਕਟਰਾਂ ਨਾਲ ਪਿੰਡ ਵਾਸੀਆਂ ਨੇ ਨਾ ਸਿਰਫ ਗਾਲੀ-ਗਲੋਚ ਕੀਤਾ ਸਗੋਂ ਉਨ੍ਹਾਂ ’ਤੇ ਡਾਂਗਾਂ-ਡੰਡਿਆਂ ਨਾਲ ਹਮਲਾ ਕਰ ਕੇ ਪਿੰਡ ’ਚੋਂ ਭਜਾ ਦਿੱਤਾ।
* 16 ਮਈ ਨੂੰ ਅਲੀਗੜ੍ਹ ਦੇ ਥਾਣਾ ਟੱਪਲ ਇਲਾਕੇ ਦੇ ਪਿੰਡ ‘ਸ਼ਾਹ ਨਗਰ ਸੋਰੌਲਾ’ ’ਚ ਗਈ ਸਿਹਤ ਵਿਭਾਗ ਦੀ ਟੀਮ ’ਤੇ ਪਿੰਡ ਵਾਲਿਆਂ ਨੇ ਹਮਲਾ ਕਰ ਕੇ ਟੀਮ ਦੇ ਮੈਂਬਰਾਂ ਨੂੰ ਭਜਾ-ਭਜਾ ਕੇ ਕੁੱਟਿਆ, ਜਿਸ ਨਾਲ ਟੀਮ ਦੇ 2 ਮੈਂਬਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਪਿੰਡ ਵਾਲਿਆਂ ਨੇ ਸੈਂਪਲਿੰਗ ਦਾ ਰਿਕਾਰਡ ਰੱਖਣ ਵਾਲਾ ਰਜਿਸਟਰ ਵੀ ਪਾੜ ਦਿੱਤਾ ਅਤੇ ਜਾਂਚ ਦੇ ਸੈਂਪਲ ਵੀ ਨਸ਼ਟ ਕਰ ਦਿੱਤੇ।
* 16 ਮਈ ਨੂੰ ਉੱਤਰਾਖੰਡ ਦੇ ਊਧਮ ਸਿੰਘ ਨਗਰ ਦੇ ਸਿਤਾਰਗੰਜ ’ਚ ‘ਖੁਨਸਰਾ’ ਪਿੰਡ ਦੇ ਮਾਈਕ੍ਰੋ ਕੰਟੇਨਮੈਂਟ ਜ਼ੋਨ ’ਚ ਜਾਂਚ ਕਰਨ ਦੇ ਲਈ ਗਈ ਸਿਹਤ ਵਿਭਾਗ ਦੀ ਟੀਮ ’ਤੇ ਪਿੰਡ ਵਾਲਿਆਂ ਨੇ ਦਾਤੀ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਜਿਸ ਦੇ ਕਾਰਨ ਟੀਮ ਦੇ ਮੈਂਬਰਾਂ ਨੂੰ ਜਾਂਚ ਕੀਤੇ ਬਗੈਰ ਮੁੜਨਾ ਪਿਆ।
* 17 ਮਈ ਨੂੰ ਪਟਿਆਲਾ ਦੇ ਨੇੜੇ ‘ਪਸਿਆਣਾ’ ਪਿੰਡ ’ਚ ਜਦੋਂ ਸਿਹਤ ਅਧਿਕਾਰੀਆਂ ਦੀ ਟੀਮ, ਜਿਸ ’ਚ ਮੈਡੀਕਲ ਅਫਸਰ ਡਾ. ਅਸਲਮ ਪ੍ਰਵੇਜ਼ ਸ਼ਾਮਲ ਸਨ, ਜਾਂਚ ਕਰਨ ਦੇ ਲਈ ਗਈ ਤਾਂ ਕਈ ਲੋਕ ਇਸ ਤੋਂ ਬਚਣ ਦੇ ਲਈ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਚਲੇ ਗਏ।
* 21 ਮਈ ਨੂੰ ਹਰਿਆਣਾ ’ਚ ਹਿਸਾਰ ਦੇ ‘ਸਿਘਵਾ ਰਾਘੋ’ ਪਿੰਡ ’ਚ ਬਣੇ ਕੋਵਿਡ ਸੈਂਟਰ ’ਚ ਟੀਕੇ ਲਗਾਏ ਜਾਣੇ ਸਨ ਪਰ ਪਿੰਡ ਵਾਲਿਆਂ ਨੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਵਾਪਸ ਭੇਜ ਦਿੱਤਾ ਅਤੇ ਕੋਵਿਡ ਸੈਂਟਰ ’ਤੇ ਤਾਲਾ ਲਗਾ ਦਿੱਤਾ। ਪਿੰਡ ਵਾਸੀਆਂ ਨੇ ਲਾਕਡਾਊਨ ਦੀ ਪਾਲਣਾ ਨਾ ਕਰਨ ਦਾ ਵੀ ਫੈਸਲਾ ਕੀਤਾ। ਉਕਤ ਪਿੰਡ ਦੇ ਇਲਾਵਾ ਵੀ ਸੂਬੇ ’ਚ ਖਾਨਪੁਰ ਸਿੰਘੜ, ਉਮਰਾ, ਮਹਜਦ, ਮਾਝਰਾ, ਛਾਨ, ਲਿਤਾਨੀ, ਮਸੂਦਪੁਰ, ਡਾਟਾ, ਕਰਸਿੰਧੂ ਆਦਿ ਪਿੰਡਾਂ ’ਚ ਵੀ ਲਾਕਡਾਊਨ ਦਾ ਬਾਈਕਾਟ ਕੀਤਾ ਗਿਆ।
ਪਿੰਡਾਂ ’ਚ ਹੈਲਥ ਕਰਮਚਾਰੀਆਂ ਦਾ ਆਉਣਾ-ਜਾਣਾ ਬੰਦ ਹੋ ਜਾਣ ਨਾਲ ਜਿੱਥੇ ਡੋਰ-ਟੂ-ਡੋਰ ਸਰਵੇ, ਵੈਕਸੀਨੇਸ਼ਨ ਅਤੇ ਸੈਂਪਲਿੰਗ ਦਾ ਕੰਮ ਰੁਕ ਗਿਆ ਹੈ, ਉੱਥੇ ਕੁਝ ਪਿੰਡਾਂ ’ਚ ਲੋਕਾਂ ਨੇ ਹਰਿਆਣਾ ਦੀ ਸੱਤਾਧਾਰੀ ਪਾਰਟੀ ਦੇ ਕਿਸੇ ਮੈਂਬਰ ਨੂੰ ਪਿੰਡ ’ਚ ਨਾ ਵੜਨ ਦੇਣ ਦਾ ਵੀ ਫੈਸਲਾ ਕੀਤਾ ਹੈ।
ਇਸ ਸਮੇਂ ਜਦਕਿ ਕੋਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਪਿੰਡਾਂ ’ਚ ਘਰ-ਘਰ ਟੈਸਟਿੰਗ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਸਿਹਤ ਕਰਮਚਾਰੀ ਆਪਣੀ ਜਾਨ ਤਲੀ ’ਤੇ ਰੱਖ ਕੇ ਸੇਵਾ ਕਰ ਰਹੇ ਹਨ, ਉਨ੍ਹਾਂ ਨੂੰ ਰੋਕਣਾ ਸਰਾਸਰ ਅਣਉਚਿਤ ਹੈ।
ਇਸ ਨਾਲ ਜਿੱਥੇ ਸਿਹਤ ਕਰਮਚਾਰੀ ਨਿਰਉਤਸ਼ਾਹਿਤ ਹੋਣਗੇ, ਉੱਥੇ ਮਹਾਮਾਰੀ ਦੇ ਖਤਰੇ ’ਚ ਹੋਰ ਵਾਧਾ ਹੋਵੇਗਾ, ਜਿਸ ਦੇ ਨਤੀਜੇ ਵਜੋਂ ਪਹਿਲਾਂ ਹੀ ਵੱਡੀ ਗਿਣਤੀ ’ਚ ਪਰਿਵਾਰਾਂ ਦੇ ਪਰਿਵਾਰ ਉਜੜਦੇ ਜਾ ਰਹੇ ਹਨ।
ਇਸ ਲਈ ਇਸ ਮਾਮਲੇ ’ਚ ਪੰਚਾਇਤਾਂ ਦੇ ਮੁਖੀਆਂ ਨੂੰ ਪਿੰਡ ਵਾਲਿਆਂ ਨੂੰ ਅਜਿਹੇ ਨਾਂਹਪੱਖੀ ਕਦਮ ਚੁੱਕਣ ਤੋਂ ਸਖਤੀ ਨਾਲ ਰੋਕਣਾ ਚਾਹੀਦਾ ਹੈ ਤਾਂ ਕਿ ਪਿੰਡ ਾਂ ਵਾਲੇ ਇਸ ਮਹਾਮਾਰੀ ਤੋਂ ਬਚ ਸਕਣ।
-ਵਿਜੇ ਕੁਮਾਰ
ਪੰਜਾਬ ਕਾਂਗਰਸ ਅਤੇ ਸਰਕਾਰ ’ਚ ਘਮਾਸਾਨ ‘ਇਹ ਕੀ ਕਰ ਰਹੇ ਹੋ, ਇਹ ਕੀ ਹੋ ਰਿਹਾ ਹੈ’
NEXT STORY