ਇਸ ਸਮੇਂ ਦੇਸ਼ ’ਚ ਰਬੀ (ਸਰਦੀਆਂ) ਦੀ ਫਸਲ ਦੀ ਬੀਜਾਈ ਸ਼ੁਰੂ ਹੈ ਪਰ ਫਸਲ ਦੇ ਵਧੀਆ ਝਾੜ ਲਈ ਜ਼ਰੂਰੀ ਯੂਰੀਆ ਅਤੇ ‘ਡਾਈ ਅਮੋਨੀਆ ਫਾਸਫੇਟ’ (ਡੀ.ਏ.ਪੀ.) ਖਾਦਾਂ ਦੀ ਪੂਰੇ ਦੇਸ਼ ’ਚ ਕਮੀ ਹੋਣ ਕਾਰਨ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾਂਦਾ ਹੈ।
ਕਿਸਾਨਾਂ ਵਲੋਂ ਕਈ ਥਾਵਾਂ ’ਤੇ ਸਵੇਰੇ 5 ਵਜੇ ਹੀ ਆ ਕੇ ਸਹਿਕਾਰੀ ਸਮਿਤੀਆਂ ਅੱਗੇ ਕਤਾਰਾਂ ’ਚ ਲੱਗਣ ਦੇ ਬਾਵਜੂਦ ਨਿਰਾਸ਼ ਪਰਤਣ ਨੂੰ ਮਜਬੂਰ ਹੋਣ ਕਾਰਨ ਕਈ ਥਾਵਾਂ ’ਤੇ ਇਸ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਕਈ ਥਾਈਂ ਸਹਿਕਾਰੀ ਸਮਿਤੀਆਂ ’ਚ ਸਥਿਤੀ ’ਤੇ ਕਾਬੂ ਪਾਉਣ ਲਈ ਪੁਲਸ ਤਾਇਨਾਤ ਕਰਨੀ ਪੈ ਰਹੀ ਹੈ।
* 6 ਨਵੰਬਰ ਨੂੰ ਆਗਰਾ ’ਚ ਮੱਲ੍ਹਪੁਰਾ ਸਹਿਕਾਰੀ ਸਮਿਤੀ ਦੇ ਕੇਂਦਰ ’ਤੇ 3 ਤੋਂ 5 ਘੰਟੇ ਕਤਾਰ ’ਚ ਖੜ੍ਹੇ ਰਹਿਣ ਦੇ ਬਾਵਜੂਦ ਕਿਸਾਨਾਂ ਨੂੰ ਖਾਦ ਨਹੀਂ ਮਿਲੀ ਅਤੇ ਕਈ ਕਿਸਾਨ ਬੇਹੋਸ਼ ਹੋ ਕੇ ਡਿੱਗ ਪਏ।
* 6 ਨਵੰਬਰ ਨੂੰ ਹੀ ਹਰਿਆਣਾ ਦੇ ਰਤੀਆ ਵਿਖੇ ਕਿਸਾਨਾਂ ਨੇ ਖਾਦ ਨਾ ਮਿਲਣ ਵਿਰੁੱਧ ਸੜਕ ਜਾਮ ਕਰ ਕੇ ਪ੍ਰਦਰਸ਼ਨ ਕੀਤਾ।
* ਇਸੇ ਦਿਨ ਭਾਰਤੀ ਕਿਸਾਨ ਯੂਨੀਅਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਚਿੱਠੀ ਲਿੱਖ ਕੇ ਕਈ ਥਾਵਾਂ ’ਤੇ ਯੂਰੀਆ ਖਾਦ ਦੇ ਨਾਲ ਸਲਫਰ ਖਾਦ ਦੀ ਬੋਰੀ ਦੇਣ ਵਿਰੁੱਧ ਰੋਸ ਪ੍ਰਗਟ ਕੀਤਾ, ਜਿਸ ਦੀ ਕਿਸਾਨਾਂ ਨੂੰ ਬਹੁਤ ਵਧੇਰੇ ਲੋੜ ਨਹੀਂ ਹੁੰਦੀ।
* 7 ਨਵੰਬਰ ਨੂੰ ਚਿੱਤਰਕੂਟ ਅਤੇ ਆਸ-ਪਾਸ ਦੇ ਖੇਤਰਾਂ ’ਚ ਸਥਿਤ ਸਹਿਕਾਰੀ ਸਮਿਤੀਆਂ ’ਤੇ ਇਕੱਠੀ ਹੋਈ ਕਿਸਾਨਾਂ ਦੀ ਭੀੜ ਨੂੰ ਕੰਟਰੋਲ ਕਰਨ ਲਈ ਇਨ੍ਹਾਂ ਦੇ ਪ੍ਰਬੰਧਕਾਂ ਨੂੰ ਪੁਲਸ ਦੀ ਮਦਦ ਲੈਣੀ ਪਈ।
* 8 ਨਵੰਬਰ ਨੂੰ ਡੀ.ਏ.ਪੀ. ਖਾਦ ਦੀ ਕਿੱਲਤ ਵਿਰੁੱਧ ਹਾਂਸੀ, ਨਰਵਾਣਾ ਅਤੇ ਫਤਿਆਬਾਦ ’ਚ ਕਿਸਾਨਾਂ ਨੇ ਜਾਮ ਲਾਇਆ। ਹੁਣ ਸੂਬੇ ’ਚ ਕੁਝ ਥਾਵਾਂ ’ਤੇ ਖਾਦ ਪੁਲਸ ਥਾਣਿਆਂ ’ਚ ਵੰਡੀ ਜਾ ਰਹੀ ਹੈ।
ਸਹਿਕਾਰੀ ਸਮਿਤੀਆਂ ਤੋਂ ਡੀ.ਏ.ਪੀ. ਖਾਦ ਨਾ ਮਿਲਣ ਕਾਰਨ ਜਿਥੇ ਕਣਕ, ਆਲੂ, ਸਰ੍ਹੋਂ ਅਤੇ ਛੋਲਿਆਂ ਦੀਆਂ ਫਸਲਾਂ ਦੀ ਬੀਜਾਈ ਪ੍ਰਭਾਵਿਤ ਹੋ ਰਹੀ ਹੈ, ਉਥੇ ਕਿਸਾਨ ਪ੍ਰਾਈਵੇਟ ਦੁਕਾਨਾਂ ਤੋਂ ਮਹਿੰਗੇ ਭਾਅ ’ਤੇ ਖਾਦ ਖਰੀਦਣ ਲਈ ਮਜਬੂਰ ਹੋ ਰਹੇ ਹਨ।
ਇਕੱਲੇ ਪੰਜਾਬ ’ਚ ਲਗਭਗ 35 ਲੱਖ ਹੈਕਟੇਅਰ ਅਤੇ ਹਰਿਆਣਾ ’ਚ 25 ਲੱਖ ਹੈਕਟੇਅਰ ਖੇਤਰ ’ਚ ਕਣਕ ਦੀ ਖੇਤੀਬਾੜੀ ਹੁੰਦੀ ਹੈ, ਜਿਸ ਦਾ ਵਧੀਆ ਝਾੜ ਲੈਣ ਲਈ ਡੀ.ਏ.ਪੀ. ਖਾਦ ਅਤਿਅੰਤ ਜ਼ਰੂਰੀ ਹੈ।
ਝੋਖੀ ਮਾਤਰਾ ’ਚ ਖਾਦ ਨਾ ਮਿਲਣ ਕਾਰਨ ਇਸ ਦੀ ਬੀਜਾਈ ਦੇ ਰਕਬੇ ’ਚ ਕਮੀ ਆਏਗੀ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ’ਤੇ ਉਲਟ ਅਸਰ ਪਏਗਾ। ਇਸ ਲਈ ਸਰਕਾਰਾਂ ਤੁਰੰਤ ਧਿਆਨ ਦੇ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਤਾਂ ਜੋ ਦੇਸ਼ ’ਚ ਅਨਾਜ ਸੰਕਟ ਪੈਦਾ ਹੋਣ ਤੋਂ ਬਚਿਆ ਜਾ ਸਕੇ।
–ਵਿਜੇ ਕੁਮਾਰ
ਪੱਛਮ ਦੇ ਦੇਸ਼ ਮੋੜਨਗੇ ਲੁੱਟੀਆਂ ਇਤਿਹਾਸਕ ਵਿਰਾਸਤਾਂ
NEXT STORY