ਉੱਤਰਾਖੰਡ ਲੋਕ ਨਿਰਮਾਣ ਵਿਭਾਗ ਵੱਲੋਂ ਬੀਤੇ ਸਾਲ ਕੀਤੇ ਗਏ ਵਿਭਾਗੀ ਆਡਿਟ ’ਚ ਦੱਸਿਆ ਗਿਆ ਸੀ ਕਿ ਸੂਬੇ ’ਚ ਅਸੁਰੱਖਿਅਤ ਪਾਏ ਜਾਣ ਵਾਲੇ 36 ਪੁਲਾਂ ’ਤੇ ਅਜੇ ਵੀ ਆਵਾਜਾਈ ਜਾਰੀ ਹੈ। ਇਹੀ ਸਥਿਤੀ ਹੋਰਨਾਂ ਸੂਬਿਆਂ ’ਚ ਵੀ ਹੈ ਅਤੇ ਦੇਸ਼ ’ਚ ਸੁਰੱਖਿਆ ਆਡਿਟ ’ਚ ਕਈ ਪੁਲਾਂ ਦੇ ਸਫਰ ਲਈ ਅਸੁਰੱਖਿਅਤ ਪਾਏ ਜਾਣ ਦੇ ਬਾਵਜੂਦ ਉਨ੍ਹਾਂ ’ਤੇ ਆਵਾਜਾਈ ਜਾਰੀ ਰਹਿਣ ਕਾਰਨ ਦੁਰਘਟਨਾਵਾਂ ’ਚ ਲੋਕ ਮਰ ਰਹੇ ਹਨ।
ਅਜਿਹੀ ਹੀ ਇਕ ਦੁਰਘਟਨਾ ’ਚ ਪਿਛਲੇ ਸਾਲ 30 ਅਕਤੂਬਰ ਨੂੰ ਗੁਜਰਾਤ ਦੇ ਮੋਰਬੀ ’ਚ 142 ਸਾਲ ਪੁਰਾਣਾ ਜਰਜਰ ਕੇਬਲ ਪੁਲ (ਝੂਲਾ ਪੁਲ) ਟੁੱਟਣ ਨਾਲ ਘੱਟੋ-ਘੱਟ 134 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜੋ 21 ਸਾਲਾਂ ’ਚ 15ਵੀਂ ਵੱਡੀ ਪੁਲ ਦੁਰਘਟਨਾ ਸੀ।
ਇਸ ਦੁਰਘਟਨਾ ਨੇ ਦੇਸ਼ ਦੇ ਜਰਜਰ ਪੁਲਾਂ ਵੱਲ ਸਰਕਾਰ ਦਾ ਧਿਆਨ ਦੁਆਇਆ ਹੈ ਪਰ ਜਰਜਰ ਪੁਲਾਂ ਨੂੰ ਸੁਧਾਰ ਕੇ ਹਾਦਸੇ ਰੋਕਣ ਦੀ ਦਿਸ਼ਾ ’ਚ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
ਇਸੇ ਕੜੀ ’ਚ ਹੁਣ 24 ਸਤੰਬਰ ਨੂੰ ਗੁਜਰਾਤ ਦੇ ਸੁਰਿੰਦਰਨਗਰ ਜ਼ਿਲੇ ’ਚ ‘ਵਸਤਾਦੀ’ ਪਿੰਡ ਦੇ ਨੇੜੇ ਵੱਡਾ ਹਾਦਸਾ ਹੋ ਗਿਆ। ਰਾਸ਼ਟਰੀ ਰਾਜਮਾਰਗ ਨੂੰ ਚੂੜਾ ਨਾਲ ਜੋੜਣ ਵਾਲਾ ਪੁਲ ਢਹਿ ਜਾਣ ਕਾਰਨ ਇਕ ਟਰੱਕ ਸਮੇਤ ਕਈ ਮੋਟਰ ਗੱਡੀਆਂ ਨਦੀ ’ਚ ਜਾ ਡਿੱਗੀਆਂ ਅਤੇ 10 ਵਿਅਕਤੀ ਵੀ ਪਾਣੀ ’ਚ ਡੁੱਬ ਗਏ।
ਹਾਲਾਂਕਿ ਇਸ ਘਟਨਾ ’ਚ ਵਧੇਰੇ ਲੋਕਾਂ ਨੂੰ ਬਚਾ ਲਿਆ ਗਿਆ ਪਰ ਇਸ ਦੁਰਘਟਨਾ ਨੇ ਇਕ ਵਾਰ ਮੁੜ ਦੇਸ਼ ਦੇ ਮਾੜੇ ਪੁਲਾਂ ਵੱਲ ਸਰਕਾਰ ਦਾ ਧਿਆਨ ਦੁਆਇਆ ਹੈ ਕਿ ਜੇ ਜਰਜਰ ਪੁਲਾਂ ਦੀ ਤੁਰੰਤ ਸਾਰ ਨਾ ਲਈ ਗਈ ਤਾਂ ਭਵਿੱਖ ’ਚ ਕੋਈ ਵੱਡੀ ਦੁਰਘਟਨਾ ਵੀ ਹੋ ਸਕਦੀ ਹੈ।
ਵਰਣਨਯੋਗ ਹੈ ਕਿ ਕੁਝ ਸਮਾਂ ਪਹਿਲਾਂ ਤੱਕ ਸਾਡੇ ਲੋਕ ਪ੍ਰਤੀਨਿਧੀ ਰੇਲ ਅਤੇ ਸੜਕ ਮਾਰਗਾਂ ਰਾਹੀਂ ਵੀ ਸਫਰ ਕਰਦੇ ਹੁੰਦੇ ਸਨ, ਜਿਸ ਨਾਲ ਉਨ੍ਹਾਂ ਨੂੰ ਰੇਲ ਅਤੇ ਸੜਕ ਆਵਾਜਾਈ ਦੀਆਂ ਕਮੀਆਂ ਦਾ ਪਤਾ ਲੱਗਦਾ ਰਹਿੰਦਾ ਸੀ ਪਰ ਅੱਜਕਲ ਉਨ੍ਹਾਂ ਕੋਲ ਰੇਲਾਂ ਅਤੇ ਬੱਸਾਂ ਰਾਹੀਂ ਯਾਤਰਾ ਕਰਨ ਦਾ ਸਮਾਂ ਨਾ ਹੋਣ ਕਾਰਨ ਇਨ੍ਹਾਂ ਦੀ ਅਸਲ ਹਾਲਤ ਦਾ ਪਤਾ ਹੀ ਨਹੀਂ ਲੱਗਦਾ।
-ਵਿਜੇ ਕੁਮਾਰ
ਮਿਆਂਮਾਰ ਦੀ ਸਰਹੱਦ ’ਤੇ ‘ਤਾਰ ਵਾੜ’ ਲਾਉਣ ਨਾਲ ਹੋ ਸਕਦਾ ਹੈ ‘ਮਣੀਪੁਰ ਹਿੰਸਾ ਦਾ ਹੱਲ’
NEXT STORY