ਵਰਤਮਾਨ ਯੁੱਗ ’ਚ ਪਰਿਵਾਰਾਂ ’ਚ ਛੋਟੀਆਂ-ਛੋਟੀਆਂ ਗੱਲਾਂ ਅਤੇ ਆਪਣੀ ਗੱਲ ਮੰਨਵਾਉਣ ਦੀ ਜ਼ਿੱਦ ਨੂੰ ਲੈ ਕੇ ਘਰ ਕਲੇਸ਼ ਆਮ ਹੋ ਗਿਆ ਹੈ। ਇਸ ਦੇ ਨਤੀਜੇ ਵਜੋਂ ਸਮਾਜ ’ਚ ਲਗਾਤਾਰ ਦੁਖਦਾਈ ਘਟਨਾਵਾਂ ਹੋਣ ਨਾਲ ਪਰਿਵਾਰ ਉੱਜੜ ਰਹੇ ਹਨ। ਇਹ ਸਮੱਸਿਆ ਕਿੰਨਾ ਭਿਆਨਕ ਰੂਪ ਧਾਰਨ ਕਰ ਗਈ ਹੈ ਇਹ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 1 ਮਈ ਨੂੰ ਉੱਤਰ ਪ੍ਰਦੇਸ਼ ਦੇ ਬਹਿਰਾਈਚ ਦੇ ‘ਬੰਜਾਰਿਆ’ ਪਿੰਡ ’ਚ ਘਰੇਲੂ ਕਲੇਸ਼ ਤੋਂ ਤੰਗ ਇਕ ਔਰਤ ਨੇ ਆਪਣੀਆਂ ਦੋ ਧੀਆਂ ਦੇ ਨਾਲ ਖੂਹ ’ਚ ਛਾਲ ਮਾਰ ਕੇ ਜਾਨ ਦੇ ਦਿੱਤੀ।
* 4 ਮਈ ਨੂੰ ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲੇ ਦੇ ‘ਮੂਰਤੀਆ’ ਪਿੰਡ ’ਚ ਪਰਿਵਾਰਕ ਕਲੇਸ਼ ਤੋਂ ਦੁਖੀ ਇਕ ਗਰਭਵਤੀ ਔਰਤ ਨੇ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ।
* 8 ਮਈ ਨੂੰ ਉੱਤਰ ਪ੍ਰਦੇਸ਼ ’ਚ ਸੀਤਾਪੁਰ ਦੇ ‘ਤੰਬੋਰ’ ਕਸਬੇ ’ਚ ਸਵੇਰੇ-ਸਵੇਰੇ ਹੋਏ ਪਰਿਵਾਰਕ ਝਗੜੇ ਦੇ ਕਾਰਨ ਇਕ ਬਜ਼ੁਰਗ ਨੇ ਅੰਬ ਦੇ ਰੁੱਖ ਨਾਲ ਫਾਹਾ ਲੈ ਲਿਆ।
* 8-9 ਮਈ ਦੀ ਰਾਤ ਨੂੰ ਪ੍ਰੇਮ ਵਿਆਹ ਕਰਵਾਉਣ ’ਤੇ ਅੜੀ ਮਾਨਸਾ ਦੇ ਨੇੜਲੇ ਪਿੰਡ ‘ਧੀਂਗੜ’ ਦੀ ਮੁਟਿਆਰ ਨੂੰ ਉਸ ਦੇ ਪਿਤਾ ਨੇ ਰੋਟੀ ’ਚ ਕੋਈ ਜ਼ਹਿਰੀਲੀ ਚੀਜ਼ ਮਿਲਾ ਕੇ ਖੁਆ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ।
* 9 ਮਈ ਨੂੰ ਸਹੁਰਿਆਂ ਤੋਂ ਦੁਖੀ ਹੋ ਕੇ ਗਿੱਦੜਬਾਹਾ ਦੇ ਪਿੰਡ ‘ਮਦੀਰ’ ਦੇ ਇਕ ਨੌਜਵਾਨ ਨੇ ਫਾਹਾ ਲਗਾ ਲਿਆ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਉਸ ਦਾ ਪੁੱਤਰ ਸਹੁਰਿਆਂ ਤੋਂ ਆਪਣੀ ਪਤਨੀ ਨੂੰ ਲੈਣ ਪਿੰਡ ‘ਬਾਰੂ’ ਗਿਆ ਸੀ ਪਰ ਇਸ ਦੀ ਸੱਸ ਅਤੇ ਸਾਲੇ ਨੇ ਬੇਇੱਜ਼ਤੀ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਉਹ ਨਵਾਂ ਮਕਾਨ ਤਿਆਰ ਨਹੀਂ ਕਰੇਗਾ ਉਹ ਆਪਣੀ ਧੀ ਨੂੰ ਨਹੀਂ ਭੇਜਣਗੇ। ਸਹੁਰਿਆਂ ਦੀਆਂ ਇਨ੍ਹਾਂ ਗੱਲਾਂ ਤੋਂ ਦੁਖੀ ਹੋ ਕੇ ਨੌਜਵਾਨ ਨੇ ਫਾਹਾ ਲਗਾ ਕੇ ਜਾਨ ਦੇ ਦਿੱਤੀ।
* 11 ਮਈ ਨੂੰ ਭਿੱਖੀਵਿੰਡ ’ਚ ਇਕ ਵਿਅਕਤੀ ਵੱਲੋਂ ਆਪਣੇ ਪੁੱਤਰ ਨੂੰ ਉਸ ਦੀ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਦੀ ਇਜਾਜ਼ਤ ਨਾ ਦੇਣ ’ਤੇ ਉਸ ਨੇ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਖੁਦ ਨੂੰ ਗੋਲੀ ਮਾਰ ਲਈ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।
* 11 ਮਈ ਨੂੰ ਕਪੂਰਥਲਾ ਦੇ ‘ਨਵਾਂਪਿੰਡ ਭੱਟੇ’ ਦੇ ਨਿਵਾਸੀ 22 ਸਾਲਾ ਨੌਜਵਾਨ ਨੇ ਆਪਣੀ ਪਤਨੀ ਨਾਲ ਅਣਬਣ ਅਤੇ ਝਗੜੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ।
* 12 ਮਈ ਨੂੰ ਬੰਗਾ ਦੇ ਨੇੜਲੇ ਪਿੰਡ ‘ਮਾਹਿਲ ਗਹਿਲਾਂ’ ’ਚ ਇਕ ਿਵਅਕਤੀ ਨੇ ਆਪਣੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਪਤੀ-ਪਤਨੀ ’ਚ ਇਸ ਗੱਲ ਨੂੰ ਲੈ ਕੇ ਝਗੜਾ ਰਹਿੰਦਾ ਸੀ ਕਿ ਪਤੀ ਦੇ ਆਪਣੀ ਕਿਸੇ ਰਿਸ਼ਤੇਦਾਰ ਨਾਲ ਨਾਜਾਇਜ਼ ਸਬੰਧ ਹਨ।
* 13 ਮਈ ਨੂੰ ਸੁਲਤਾਨਪੁਰ ਲੋਧੀ ਦੇ ਪਿੰਡ ‘ਬੁਹਾਨੀਪੁਰ’ ’ਚ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਹੋਣ ਦੇ ਕਾਰਨ ਉਸੇ ਦੀ ਚੁੰਨੀ ਨਾਲ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਿਦੱਤੀ।
* 14 ਮਈ ਨੂੰ ਫਗਵਾੜਾ ਦੇ ਨਜ਼ਦੀਕੀ ਪਿੰਡ ‘ਚਾਚੋਕੀ’ ’ਚ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਸਲਫਾਸ ਨਿਗਲ ਲਿਆ ਜਿਸ ਨਾਲ ਉਸ ਦੀ ਮੌਤ ਹੋ ਗਈ।
* 14 ਮਈ ਰਾਤ ਨੂੰ ਜਲੰਧਰ ਦੇ ਨੇੜੇ ਚੌਗਿੱਟੀ ’ਚ ਇਕ ਵਿਅਕਤੀ ਨੇ ਆਪਣੀ ਸੁੱਤੀ ਪਈ ਪਤਨੀ ’ਤੇ ਲੋਹੇ ਦੀ ਰਾਡ ਨਾਲ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ।
* 14 ਮਈ ਨੂੰ ਲੁਧਿਆਣਾ ਦੇ ਪਾਸ਼ ਇਲਾਕੇ ਆਤਮਨਗਰ ’ਚ ਇਕ ਪ੍ਰਸਿੱਧ ਕਾਰੋਬਾਰੀ ਨੇ ਪ੍ਰਾਪਰਟੀ ਵਿਵਾਦ ਦੇ ਕਾਰਨ ਆਪਣੀ ਪਤਨੀ ਨੂੰ 2 ਦਿਨ ਭੁੱਖੀ ਰੱਖਣ ਦੇ ਬਾਅਦ ਗਲਾ ਦਬਾ ਕੇ ਮਾਰ ਦਿੱਤਾ। ਮ੍ਰਿਤਕਾ ਦੇ ਮਾਪਿਆਂ ਦੇ ਅਨੁਸਾਰ ਮ੍ਰਿਤਕਾ ਦੇ ਨਾਂ ’ਤੇ ਕਾਫੀ ਪ੍ਰਾਪਰਟੀ ਸੀ, ਜਿਸ ਨੂੰ ਉਸ ਦਾ ਪਤੀ ਹੜੱਪਣਾ ਚਾਹੁੰਦਾ ਸੀ।
* 14 ਮਈ ਨੂੰ ਫਿਰੋਜ਼ਪੁਰ ਦੇ ਪਿੰਡ ਗਾਹਲੇਵਾਲਾ ’ਚ ਇਕ ਵਿਅਕਤੀ ਨੇ ਘਰੇਲੂ ਝਗੜੇ ਦੇ ਕਾਰਨ ਆਪਣੇ ਭਤੀਜੇ ਨੂੰ ਗੋਲੀ ਮਾਰ ਦਿੱਤੀ।
* 14 ਮਈ ਨੂੰ ਮਿਰਜ਼ਾਪੁਰ ਦੇ ‘ਸਰਿਆ’ ਨਾਂ ਦੇ ਪਿੰਡ ’ਚ ਘਰੇਲੂ ਝਗੜੇ ਤੋਂ ਤੰਗ ਆ ਕੇ 22 ਸਾਲਾ ਨੌਜਵਾਨ ਨੇ ਖੂਹ ’ਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।
* 14 ਮਈ ਨੂੰ ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲੇ ਦੀ ‘ਸੁਰਸੀ’ ਚੌਕੀ ’ਚ ਤਾਇਨਾਤ ਥਾਣੇਦਾਰ ਨੇ ਪਰਿਵਾਰਕ ਕਲੇਸ਼ ਦੇ ਕਾਰਨ ਆਪਣੀ ਪੁੜਪੁੜੀ ’ਤੇ ਗੋਲੀ ਮਾਰ ਕੇ ਜਾਨ ਦੇ ਦਿੱਤੀ।
* 15 ਮਈ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਦਿਲਦਾਰ ਨਗਰ ਥਾਣੇ ਦੇ ‘ਉਸਿਆ’ ਪਿੰਡ ’ਚ ਸਵੇਰੇ-ਸਵੇਰੇ ਘਰੇਲੂ ਕਲੇਸ਼ ਤੋਂ ਤੰਗ ਆ ਕੇ ਇਕ ਸਿਪਾਹੀ ਨੇ ਆਪਣੀ ਪਤਨੀ ਦੀ ਹੱਤਿਆ ਅਤੇ 7 ਬੱਚਿਆਂ ਨੂੰ ਗੰਭੀਰ ਰੂਪ ’ਚ ਜ਼ਖਮੀ ਕਰਨ ਦੇ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਆਮ ਤੌਰ ’ਤੇ ਵਿਚਾਰਕ ਮਤਭੇਦ, ਗੁੱਸਾ, ਪਤੀ-ਪਤਨੀ ਵੱਲੋਂ ਇਕ-ਦੂਸਰੇ ਦਾ ਨਿਰਾਦਰ, ਧਨ ਦਾ ਨਸ਼ਾ ਆਦਿ ਦੇ ਨਤੀਜੇ ਵਜੋਂ ਲੋਕ ਹੱਤਿਆ ਅਤੇ ਖੁਦਕੁਸ਼ੀ ਵਰਗੇ ਜੁਰਮਾਂ ਨੂੰ ਅੰਜਾਮ ਦੇ ਰਹੇ ਹਨ। ਇਹ ਕਿਸੇ ਨਾ ਕਿਸੇ ਰੂਪ ’ਚ ਅੱਜ ਦੇ ਭੌਤਿਕਵਾਦੀ ਯੁੱਗ ’ਚ ਲੋਕਾਂ ਦਰਮਿਆਨ ਵਧ ਰਹੀ ਨਿਰਾਸ਼ਾ ਅਤੇ ਪ੍ਰੇਸ਼ਾਨੀ ਦਾ ਨਤੀਜਾ ਹੈ ਜਿਸ ’ਚ ਕੋਰੋਨਾ ਮਹਾਮਾਰੀ ਦੇ ਨਤੀਜੇ ਵਜੋਂ ਪੈਦਾ ਹੋਏ ਹਾਲਾਤ ਨੇ ਹੋਰ ਵਾਧਾ ਕਰ ਦਿੱਤਾ ਹੈ।
ਇਸ ਲਈ ਅਜਿਹੀ ਗੰਭੀਰ ਸਥਿਤੀ ’ਚ ਸਾਰੇ ਲੋਕਾਂ ਨੂੰ ਹਾਲਾਤ ਦਾ ਸਾਹਮਣਾ ਕਰਦੇ ਹੋਏ ਠਰ੍ਹੰਮੇ ਤੋਂ ਕੰਮ ਲੈਣ ਦੀ ਲੋੜ ਹੈ ਤਾਂ ਕਿ ਕੁਝ ਪਲਾਂ ਦੇ ਗੁੱਸੇ ’ਚ ਪਰਿਵਾਰਾਂ ਨੂੰ ਤਬਾਹ ਹੋਣ ਅਤੇ ਬੱਚਿਆਂ ਨੂੰ ਯਤੀਮ ਹੋਣ ਤੋਂ ਬਚਾਇਆ ਜਾ ਸਕੇ।
-ਵਿਜੇ ਕੁਮਾਰ
‘ਰਮਜ਼ਾਨ ਦੇ ਮਹੀਨੇ ’ਚ ਵੀ ਜਾਰੀ ਹਿੰਸਾ’ ‘ਫਿਲਸਤੀਨ-ਇਸਰਾਈਲ ਵਿਵਾਦ : ਵਿਸ਼ਵ ਜੰਗ ਨਾ ਬਣ ਜਾਵੇ’
NEXT STORY