ਬੀਤੇ ਸਾਲ ਭਾਰਤ ਦੇ ਸੰਬੰਧ ’ਚ ਇਕ ਰਿਪੋਰਟ ’ਚ ਦੱਸਿਆ ਗਿਆ ਸੀ ਕਿ ‘ਵਿਸ਼ਵ ਸਿਹਤ ਸੰਗਠਨ’ (ਡਬਲਿਊ ਐੱਚ. ਓ.) ਦੇ ਪੈਮਾਨਿਆਂ ਨੂੰ ਪੂਰਾ ਕਰਨ ਲਈ ਭਾਰਤ ਨੂੰ ਸਾਲ 2024 ’ਚ 43 ਲੱਖ ਹੋਰ ਨਰਸਾਂ ਦੀ ਲੋੜ ਪਏਗੀ। ਕੋਵਿਡ ਮਹਾਮਾਰੀ ਪਿਛੋਂ ਦੇਸ਼ ’ਚ ਨਰਸਾਂ ਦੀ ਮੰਗ ਪੂਰੀ ਦੁਨੀਆ ’ਚ ਵਧ ਜਾਣ ਕਾਰਨ ਯੂਰਪੀਨ ਦੇਸ਼ਾਂ ਵਲੋਂ ਹੁਣ ਨਰਸਾਂ ਦੀ ਭਰਤੀ ਲਈ ਕਈ ਔਖੀਆਂ ਸ਼ਰਤਾਂ ਹਟਾ ਦਿੱਤੀਆਂ ਗਈਆਂ ਹਨ, ਜਿਸ ਕਾਰਨ ਵੱਡੀ ਗਿਣਤੀ ’ਚ ਭਾਰਤੀ ਨਰਸਾਂ ਵਿਦੇਸ਼ਾਂ ’ਚ ਜਾ ਰਹੀਆਂ ਹਨ।
ਦਿਲ ਦੇ ਰੋਗਾਂ ਦੇ ਪ੍ਰਸਿੱਧ ਮਾਹਿਰ ਡਾਕਟਰ ਦੇਵੀ ਸ਼ੈੱਟੀ ਨੇ ਮਹਾਮਾਰੀ ਪਿਛੋਂ ‘ਦੇਸ਼ ਦੇ ਸਿਹਤ ਖੇਤਰ ’ਚ ਆਈਆਂ ਤਬਦੀਲੀਆਂ ਅਤੇ ਅਗਲੀ ਮਹਾਮਾਰੀ ਲਈ ਖੁਦ ਨੂੰ ਕਿਵੇਂ ਤਿਆਰ ਕਰੀਏ’ ਵਿਸ਼ੇ ’ਤੇ ਹੁਣੇ ਜਿਹੇ ਹੀ ਇਕ ਗੋਸ਼ਠੀ ’ਚ ਕਿਹਾ ਕਿ ‘‘ਭਾਰਤੀ ਸਿਹਤ ਸੈਕਟਰ ’ਚ ਨਰਸਾਂ ਦੀ ਕਮੀ ਪੈਦਾ ਹੋਣ ਦਾ ਭਾਰੀ ਖਦਸ਼ਾ ਹੈ, ਇਸ ਲਈ ਪ੍ਰਾਈਵੇਟ ਹਸਪਤਾਲਾਂ ਨੂੰ ਦੇਸ਼ ’ਚ ਵਧੇਰੇ ਨਰਸਿੰਗ ਕਾਲਜ ਖੋਲ੍ਹ ਕੇ ਰੋਗੀਅਾਂ ਦੀ ਦੇਖਭਾਲ ਕਰਨ ਵਾਲਾ ਸਟਾਫ ਤਿਆਰ ਕਰਨ ਦੀ ਲੋੜ ਪਏਗੀ।’’
ਡਾ. ਸ਼ੈੱਟੀ ਨੇ ‘ਚਿਤਾਵਨੀ’ ਦਿੰਦੇ ਹੋਏ ਇਹ ਵੀ ਕਿਹਾ ਕਿ ‘‘ਕੋਵਿਡ-19 ਦੇ ਦੌਰ ’ਚ ਭਾਰੀ ਤਣਾਅ ’ਚੋਂ ਲੰਘਣ ਕਾਰਨ, ਯੂਰਪ ਅਤੇ ਅਮਰੀਕਾ ’ਚ 10 ਤੋਂ 20 ਫੀਸਦੀ ਤਕ ਨਰਸਾਂ ਸਮੂਹਿਕ ਰਿਟਾਇਰਮੈਂਟ ਲੈ ਰਹੀਆਂ ਹਨ, ਜਿਸ ਕਾਰਨ ਨਰਸਾਂ ਦੀ ਕਮੀ ਪੂਰੀ ਕਰਨ ਲਈ ਇਹ ਦੇਸ਼ ਭਾਰਤ ਆਦਿ ਵੱਲ ਦੇਖ ਰਹੇ ਹਨ। ਉਨ੍ਹਾਂ ਦੇਸ਼ਾਂ ’ਚ ਨਰਸਾਂ ਦੀ ਤਨਖਾਹ 3 ਤੋਂ 4 ਗੁਣਾ ਤਕ ਵਧਾ ਦਿੱਤੀ ਗਈ ਹੈ ਅਤੇ ਵਧੇਰੇ ਨਰਸਾਂ ਜਿਨ੍ਹਾਂ ਦੇ ਵਿਦੇਸ਼ ਹਿਜਰਤ ਕਰਨ ਦੀ ਸੰਭਾਵਨਾ ਹੈ, ਉਹ ਪ੍ਰਾਈਵੇਟ ਭਾਰਤੀ ਹਸਪਤਾਲਾਂ ’ਚ ਕੰਮ ਕਰ ਰਹੀਆਂ ਹਨ।’’ ਵਿਦੇਸ਼ਾਂ ਨੂੰ ਜਾਣ ਦਾ ਮੋਹ ਵੀ ਇਕ ਵੱਡਾ ਕਾਰਨ ਹੈ।
ਇਸ ਸਮੱਸਿਆ ਨਾਲ ਨਜਿੱਠਣ ਲਈ ਡਾ. ਬੇਬੀ ਸ਼ੈੱਟੀ ਨੇ 100 ਤੋਂ ਵੱਧ ਬਿਸਤਰਿਅਾਂ ਦੀ ਸਮਰੱਥਾ ਵਾਲੇ ਹਰੇਕ ਹਸਪਤਾਲ ਨੂੰ 50-100 ਵਿਦਿਆਰਥੀਆਂ ਵਾਲੇ ਛੋਟੇ-ਛੋਟੇ ਨਰਸਿੰਗ ਕਾਲਜ ਖੋਲ੍ਹਣ ਦਾ ਸੁਝਾਅ ਦਿੱਤਾ ਹੈ। ਅੱਜ ਦੇ ਹਾਲਾਤ ’ਚ ਡਾ. ਸ਼ੈੱਟੀ ਦੀ ਚਿਤਾਵਨੀ ਸਮੇਂ ਦੀ ਮੰਗ ਮੁਤਾਬਕ ਹੈ। ਇਸ ਲਈ ਪ੍ਰਾਈਵੇਟ ਹਸਪਤਾਲਾਂ ਦੇ ਪ੍ਰਬੰਧਨ ਨੂੰ ਹੀ ਨਹੀਂ, ਸਰਕਾਰ ਨੂੰ ਵੀ ਇਸ ਵੱਲ ਧਿਆਨ ਦੇ ਕੇ ਨਰਸਿੰਗ ਕਾਲਜ ਖੋਲ੍ਹਣ ’ਤੇ ਤੁਰੰਤ ਵਿਚਾਰ ਕਰਨਾ ਚਾਹੀਦਾ ਹੈ।
–ਵਿਜੇ ਕੁਮਾਰ
ਵਾਤਾਵਰਣ ਪ੍ਰਦੂਸ਼ਣ ਦਾ ਵਧਦਾ ਖਤਰਾ, ਪ੍ਰਾਈਵੇਟ ਕੰਪਨੀਆਂ ਸਮੱਸਿਆ ਦੇ ਨਿਵਾਰਣ ਲਈ ਅੱਗੇ ਆਈਆਂ
NEXT STORY