ਹਾਲਾਂਕਿ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਛੇੜੀ ਹੋਈ ਹੈ ਪਰ ਇਸ ਦੇ ਬਾਵਜੂਦ ਇਹ ਬੁਰਾਈ ਰੁਕਣ ’ਚ ਨਹੀਂ ਆ ਰਹੀ। ਇਕ ਪਾਸੇ ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਨਸ਼ਾ ਸਮੱਗਲਰ ਫੜੇ ਜਾ ਰਹੇ ਹਨ, ਉਥੇ ਨਸ਼ਾ ਸਮੱਗਲਰਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਛਾਪਾ ਮਾਰਨ ਵਾਲੀਆਂ ਪੁਲਸ ਟੀਮਾਂ ’ਤੇ ਕਿਤੇ-ਕਿਤੇ ਹਮਲੇ ਤੱਕ ਕਰ ਰਹੇ ਹਨ, ਜਿਸ ਦੀਆਂ ਪਿਛਲੇ ਇਕ ਮਹੀਨੇ ’ਚ ਮਿਲੀਆਂ ਘਟਨਾਵਾਂ ਹੇਠਾਂ ਦਰਜ ਹਨ :
* 5 ਜੁਲਾਈ ਨੂੰ ਕੁੱਲੂ (ਹਿਮਾਚਲ ਪ੍ਰਦੇਸ਼) ਦੀ ਮਣੀਕਰਨ ਘਾਟੀ ’ਚ ‘ਛਲਾਲ’ ’ਚ ਚਰਸ ਸਮੱਗਲਿੰਗ ਦੇ ਮੁਲਜ਼ਮ ਨੌਜਵਾਨ ਨੇ ਪੁਲਸ ’ਤੇ ਪੱਥਰਾਅ ਕਰ ਕੇ ਇਕ ਪੁਲਸ ਮੁਲਾਜ਼ਮ ਨੂੰ ਜ਼ਖਮੀ ਕਰ ਦਿੱਤਾ।
* 2 ਅਗਸਤ ਨੂੰ ‘ਗੋਵਿੰਦਪੁਰੀ’ (ਦਿੱਲੀ) ’ਚ ਪੁਲਸ ਨੇ 2 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 10 ਲੱਖ ਰੁਪਏ ਮੁੱਲ ਦਾ 61.16 ਗ੍ਰਾਮ ਨਸ਼ੀਲਾ ਪਦਾਰਥ ਐੱਮ. ਡੀ. ਐੱਮ. ਏ. ਅਤੇ 36.64 ਗ੍ਰਾਮ ਕੋਕੀਨ ਬਰਾਮਦ ਕੀਤੀ।
* 5 ਅਗਸਤ ਨੂੰ ‘ਗਯਾ ਜੀ’ (ਬਿਹਾਰ) ’ਚ ਨਸ਼ਾ ਸਮੱਗਲਰਾਂ ਨੂੰ ਫੜਨ ਗਈ ਇਲਾਕਾ ‘ਫਤਹਿਪੁਰ’ ਦੀ ਪੁਲਸ ਟੀਮ ’ਤੇ ਸਮੱਗਲਰਾਂ ਨੇ ਤਾਬੜਤੋੜ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਨਾਲ ਇਕ ਪੁਲਸ ਮੁਲਾਜ਼ਮ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।
* 6 ਅਗਸਤ ਨੂੰ ‘ਮੁੰਬਈ’ ਹਵਾਈ ਅੱਡੇ ’ਤੇ ਅਧਿਕਾਰੀਆਂ ਨੇ 14.5 ਕਰੋੜ ਰੁਪਏ ਦੇ 14 ਕਿਲੋ ਗਾਂਜੇ ਦੇ ਨਾਲ ਇਕ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕੀਤਾ।
* 6 ਅਗਸਤ ਨੂੰ ਹੀ ‘ਖਡੂਰ ਸਾਹਿਬ’ (ਪੰਜਾਬ) ਦੇ ਸਰਹੱਦੀ ਪਿੰਡ ’ਚ ਡਰੋਨ ਰਾਹੀਂ ਸੁੱਟੀ ਗਈ 570 ਗ੍ਰਾਮ ਹੈਰੋਇਨ ਬਰਾਮਦ ਹੋਈ।
* 6 ਅਗਸਤ ਨੂੰ ਹੀ ‘ਬਰਨਾਲਾ’ (ਪੰਜਾਬ) ਪੁਲਸ ਨੇ ਇਕ ਔਰਤ ਨੂੰ ਗ੍ਰਿਫਤਾਰ ਕਰਕੇ ਉਸ ਤੋਂ 195 ਨਸ਼ੇ ਵਾਲੀਆਂ ਗੋਲੀਆਂ ਫੜੀਆਂ।
* 7 ਅਗਸਤ ਨੂੰ ਬੀ. ਐੱਸ. ਐੱਫ. ਨੇ ‘ਫਿਰੋਜ਼ਪੁਰ’ (ਪੰਜਾਬ) ਦੇ ਪਿੰਡ ‘ਭਾਣੇਵਾਲਾ’ ’ਚ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ 590 ਗ੍ਰਾਮ ਹੈਰੋਇਨ ਬਰਾਮਦ ਕੀਤੀ।
* 8 ਅਗਸਤ ਨੂੰ ‘ਸ੍ਰੀ ਮੁਕਤਸਰ ਸਾਹਿਬ’ (ਪੰਜਾਬ) ’ਚ ਪੁਲਸ ਨੇ 2 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 10 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।
* 8 ਅਗਸਤ ਨੂੰ ‘ਚਿਲਕਾਨਾ’ (ਉੱਤਰ ਪ੍ਰਦੇਸ਼) ਪੁਲਸ ਨੇ ਇਕ ਨਸ਼ਾ ਸਮੱਗਲਰ ਗਿਰੋਹ ਦੇ 3 ਮੈਂਬਰਾਂ ਤੋਂ 10 ਲੱਖ ਰੁਪਏ ਦੀ 105 ਗ੍ਰਾਮ ਸਮੈਕ ਬਰਾਮਦ ਕੀਤੀ।
* 8 ਅਗਸਤ ਨੂੰ ਹੀ ‘ਕਾਂਗੜਾ’ (ਹਿਮਾਚਲ) ਪੁਲਸ ਨੇ ‘ਨਗਰੋਟਾ ਬਗਮਾ’ ’ਚ ਇਕ ਨੌਜਵਾਨ ਨੂੰ 290 ਗ੍ਰਾਮ ਚਰਸ ਦੇ ਨਾਲ ਗ੍ਰਿਫਤਾਰ ਕੀਤਾ।
* 8 ਅਗਸਤ ਨੂੰ ‘ਸਿੱਧਵਾਂ ਬੇਟ’ (ਪੰਜਾਬ) ’ਚ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਪਿੰਡ ‘ਗੋਰਸੀਆਂ’ ਪਹੁੰਚੀ ਪੁਲਸ ਦੀ ‘ਐਂਟੀ ਨਾਰਕੋਟਿਕਸ ਟਾਸਕ ਫੋਰਸ’ ’ਤੇ ਨਸ਼ਾ ਸਮੱਗਲਰਾਂ ਨੇ ਗੋਲੀਆਂ ਵਰ੍ਹਾਈਆਂ, ਜਿਸ ਦੇ ਜਵਾਬ ’ਚ ਪੁਲਸ ਵਲੋਂ ਗੋਲੀ ਚਲਾਉਣ ਨਾਲ ਇਕ ਨਸ਼ਾ ਸਮੱਗਲਰ ਜ਼ਖਮੀ ਹੋ ਗਿਆ।
* 8 ਅਗਸਤ ਨੂੰ ਹੀ ‘ਮੁੰਗੇਰ’ (ਬਿਹਾਰ) ’ਚ ਨਸ਼ਾ ਸਮੱਗਲਰਾਂ ਦੀ ਫੜੋ-ਫੜੀ ਲਈ ਛਾਪੇਮਾਰੀ ਕਰਨ ਪਹੁੰਚੀ ਪੁਲਸ ’ਤੇ ਸਮੱਗਲਰਾਂ ਨੇ ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਇਕ ਔਰਤ ਸਮੇਤ 5 ਪੁਲਸ ਮੁਲਾਜ਼ਮ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਇਸ ਸਿਲਸਿਲੇ ’ਚ ਪੁਲਸ ਨੇ 4 ਔਰਤਾਂ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
* 8 ਅਗਸਤ ਨੂੰ ਹੀ ‘ਮੋਤੀਹਾਰੀ’ (ਬਿਹਾਰ) ਦੇ ‘ਚਿਚੁਰਹਿਯਾ’ ਪਿੰਡ ’ਚ ਨਸ਼ਾ ਸਮੱਗਲਰਾਂ ’ਤੇ ਛਾਪੇਮਾਰੀ ਕਰਨ ਗਈ ਪੁਲਸ ਟੀਮ ’ਤੇ ਸ਼ਰਾਬ ਵੇਚਣ ਵਾਲਿਆਂ ਨੇ ਹਮਲਾ ਕਰਕੇ ਉਨ੍ਹਾਂ ਨੂੰ ਘੰਟਿਆਂਬੱਧੀ ਬੰਦੀ ਬਣਾਈ ਰੱਖਿਆ ਅਤੇ ਸਮੱਗਲਰ ਔਰਤ ਨੇ ਇਕ ਪੁਲਸ ਕਰਮਚਾਰੀ ਨੂੰ ਚੱਪਲ ਨਾਲ ਬੁਰੀ ਤਰ੍ਹਾਂ ਕੁੱਟਿਆ।
* ਅਤੇ ਹੁਣ 9 ਅਗਸਤ ਨੂੰ ਦਿੱਲੀ ਕਸਟਮ ਦੇ ‘ਏਅਰ ਇੰਟੈਲੀਜੈਂਸ ਯੂਨਿਟ’ ਦੀ ਟੀਮ ਨੇ ਦੋਹਾ ਤੋਂ 82 ਕਰੋੜ 4 ਲੱਖ ਰੁਪਏ ਮੁੱਲ ਦੀ ਕੋਕੀਨ ਦੀ ਖੇਪ ਦਿੱਲੀ ਲਿਆਉਣ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
* 9 ਅਗਸਤ ਨੂੰ ਹੀ ‘ਅੰਬਾਲਾ’ (ਹਰਿਆਣਾ) ਪੁਲਸ ਨੇ 2 ਲੜਕਿਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 2 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ।
ਵਰਣਨਯੋਗ ਹੈ ਕਿ ਕੁਝ ਸਮਾਂ ਪਹਿਲਾਂ ਤੱਕ ਤਾਂ ਸਿਰਫ ਪੰਜਾਬ ਨੂੰ ਹੀ ‘ਉੱਡਦਾ ਪੰਜਾਬ’ ਕਿਹਾ ਜਾਂਦਾ ਸੀ ਪਰ ਹੁਣ ਤਾਂ ਸਾਰਾ ਦੇਸ਼ ਹੀ ਨਸ਼ੇ ਦੀ ‘ਲੋਰ’ ’ਚ ਉੱਡਦਾ ਦਿਖਾਈ ਦੇ ਰਿਹਾ ਹੈ ਜਿਸ ’ਤੇ ਕੰਟਰੋਲ ਕਰਨ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਮੁਹਿੰਮ ਹੋਰ ਤੇਜ਼ ਕਰਨ ਦੀ ਲੋੜ ਹੈ।
–ਵਿਜੇ ਕੁਮਾਰ
ਅਕਾਲੀ - ਭਾਜਪਾ ਗਠਜੋੜ ਦੀ ਸੰਭਾਵਨਾ ਹੈ, ਪਰ ਗਾਰੰਟੀ ਨਹੀਂ
NEXT STORY