ਦੇਸ਼ 'ਚ ਦਲਿਤਾਂ 'ਤੇ ਅੱਤਿਆਚਾਰ ਦੇ ਮੁੱਦੇ ਨੂੰ ਲੈ ਕੇ ਹੋ ਰਹੀ ਸਿਆਸਤ ਨੇ ਭਾਜਪਾ ਦੀ ਚਿੰਤਾ ਵਧਾ ਦਿੱਤੀ ਹੈ, ਖਾਸ ਕਰ ਕੇ ਭਾਜਪਾ ਦੇ ਆਪਣੇ ਸੰਸਦ ਮੈਂਬਰਾਂ ਤੇ ਸਹਿਯੋਗੀਆਂ ਵਲੋਂ ਦਲਿਤ ਮੁੱਦੇ 'ਤੇ ਪਾਰਟੀ ਦੀ ਆਲੋਚਨਾ ਵਧਦੀ ਜਾ ਰਹੀ ਹੈ।
ਪਿਛਲੇ ਸਿਰਫ ਲਗਭਗ 2 ਹਫਤਿਆਂ ਦੌਰਾਨ ਹੀ ਭਾਜਪਾ ਦੇ ਘੱਟੋ-ਘੱਟ 4 ਦਲਿਤ ਸੰਸਦ ਮੈਂਬਰਾਂ ਤੇ ਸਹਿਯੋਗੀ ਪਾਰਟੀਆਂ ਦੇ 3 ਮੈਂਬਰਾਂ ਨੇ ਦਲਿਤਾਂ ਅਤੇ ਘੱਟਗਿਣਤੀਆਂ ਪ੍ਰਤੀ ਭਾਜਪਾ ਲੀਡਰਸ਼ਿਪ ਦੇ ਰਵੱਈਏ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਹੈ।
ਯੂ. ਪੀ. ਦੇ ਰਾਜਪਾਲ ਰਾਮ ਨਾਇਕ ਦੀ ਸਿਫਾਰਿਸ਼ ਨਾਲ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਨਾਂ ਨਾਲ 'ਰਾਮ ਜੀ' ਜੋੜਨ 'ਤੇ ਦਿੱਲੀ ਤੋਂ ਭਾਜਪਾ ਐੱਮ. ਪੀ. ਅਤੇ ਦਲਿਤ ਆਗੂ ਉਦਿਤ ਰਾਜ ਨੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ''ਬਾਬਾ ਸਾਹਿਬ ਦੇ ਨਾਂ ਨਾਲ ਛੇੜਖਾਨੀ ਕਰ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਬੇਵਜ੍ਹਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ।''
ਇਸੇ ਤਰ੍ਹਾਂ ਬਹਿਰਾਈਚ ਤੋਂ ਭਾਜਪਾ ਦੀ ਸੰਸਦ ਮੈਂਬਰ ਸਵਿੱਤਰੀ ਬਾਈ ਫੂਲੇ ਨੇ ਲਖਨਊ ਵਿਚ ਆਯੋਜਿਤ 'ਰਾਖਵਾਂਕਰਨ ਬਚਾਓ' ਮਹਾਰੈਲੀ 'ਚ ਭਾਜਪਾ ਨੂੰ ਦਲਿਤ ਵਿਰੋਧੀ ਦੱਸਿਆ ਤੇ ਕਿਹਾ ਕਿ :
''ਦਲਿਤਾਂ ਦੇ ਸਨਮਾਨ ਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਮੈਂ ਕਿਸੇ ਵੀ ਹੱਦ ਤਕ ਜਾ ਸਕਦੀ ਹਾਂ। ਮੈਨੂੰ ਇਸ ਦੀ ਬਿਲਕੁਲ ਚਿੰਤਾ ਨਹੀਂ ਹੈ ਕਿ ਮੈਂ ਲੋਕ ਸਭਾ ਦੀ ਮੈਂਬਰ ਰਹਾਂਗੀ ਜਾਂ ਨਹੀਂ। ਦਲਿਤਾਂ ਦੇ ਹੱਕਾਂ ਲਈ ਮੇਰੀ ਲੜਾਈ ਜਾਰੀ ਰਹੇਗੀ। ਕੇਂਦਰ ਤੇ ਸੂਬਾ ਸਰਕਾਰਾਂ ਦਲਿਤਾਂ ਦੇ ਹੱਕਾਂ ਦਾ ਘਾਣ ਕਰ ਰਹੀਆਂ ਹਨ। ਦਲਿਤਾਂ ਲਈ ਰਾਖਵੇਂ ਸਰਕਾਰੀ ਅਹੁਦਿਆਂ ਨੂੰ ਭਰਿਆ ਨਹੀਂ ਜਾ ਰਿਹਾ ਹੈ।''
ਰਾਬਰਟਸਗੰਜ ਤੋਂ ਦਲਿਤ ਭਾਜਪਾ ਐੱਮ. ਪੀ. ਛੋਟੇ ਲਾਲ ਖਰਵਾਰ ਨੇ ਵੀ ਹੁਣੇ ਜਿਹੇ ਆਪਣੇ ਨਾਲ ਹੋ ਰਹੇ ਬੁਰੇ ਸਲੂਕ ਲਈ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ''ਜ਼ਿਲੇ ਵਿਚ ਡੀ. ਐੱਮ. ਅਤੇ ਐੱਸ. ਪੀ. ਮੇਰੀ ਨਹੀਂ ਸੁਣਦੇ। ਮੇਰੇ ਨਾਲ ਵਿਤਕਰਾ ਕਰਦੇ ਹਨ ਤੇ ਲਖਨਊ ਵਿਚ ਮੁੱਖ ਮੰਤਰੀ ਨਹੀਂ ਸੁਣ ਰਹੇ, ਮੈਂ ਕੀ ਕਰਾਂ?''
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਸੂਬਾ ਪ੍ਰਧਾਨ ਮਹਿੰਦਰਨਾਥ ਪਾਂਡੇ ਤੇ ਸੰਗਠਨ ਮੰਤਰੀ ਸੁਨੀਲ ਬਾਂਸਲ ਦੀ ਸ਼ਿਕਾਇਤ ਕਰਦਿਆਂ ਕਿਹਾ ਹੈ ਕਿ ਯੋਗੀ ਆਦਿੱਤਿਆਨਾਥ ਉਨ੍ਹਾਂ ਨੂੰ ਡਾਂਟ ਕੇ ਭਜਾ ਦਿੰਦੇ ਹਨ।
ਛੋਟੇ ਲਾਲ ਦਾ ਕਹਿਣਾ ਹੈ ਕਿ ''ਹਾਂ, ਮੈਂ ਪਾਰਟੀ ਤੋਂ ਨਾਰਾਜ਼ ਹਾਂ ਕਿਉਂਕਿ ਮੇਰੇ ਵਿਰੁੱਧ ਸਾਜ਼ਿਸ਼ ਰਚੀ ਗਈ ਹੈ। ਵਿਰੋਧੀਆਂ ਨੇ ਮੇਰੇ ਕੰਨ 'ਤੇ ਪਿਸਟਲ ਲਗਾਇਆ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਮੈਂ ਅਨੁਸੂਚਿਤ ਜਾਤੀ ਮੋਰਚੇ ਦਾ ਸੂਬਾ ਪ੍ਰਧਾਨ ਹਾਂ। ਮੇਰੇ ਨਾਲ ਅਜਿਹਾ ਸਲੂਕ ਹੋ ਸਕਦਾ ਹੈ, ਤਾਂ ਕਿਸੇ ਨਾਲ ਵੀ ਅਜਿਹਾ ਹੋ ਸਕਦਾ ਹੈ।''
ਇਟਾਵਾ ਤੋਂ ਭਾਜਪਾ ਸੰਸਦ ਮੈਂਬਰ ਅਸ਼ੋਕ ਕੁਮਾਰ ਦੋਹਿਰੇ ਨੇ ਵੀ ਦੋਸ਼ ਲਾਇਆ ਹੈ ਕਿ ''ਭਾਰਤ ਬੰਦ ਤੋਂ ਬਾਅਦ ਯੂ. ਪੀ. ਸਮੇਤ ਦੂਜੇ ਸੂਬਿਆਂ ਦੀਆਂ ਸਰਕਾਰਾਂ ਤੇ ਸਥਾਨਕ ਪੁਲਸ ਦਲਿਤਾਂ ਨੂੰ ਝੂਠੇ ਮੁਕੱਦਮਿਆਂ ਵਿਚ ਫਸਾ ਰਹੀਆਂ ਹਨ, ਬੇਕਸੂਰ ਲੋਕਾਂ ਨੂੰ ਘਰਾਂ 'ਚੋਂ ਕੱਢ ਕੇ ਮਾਰ ਰਹੀਆਂ ਹਨ ਅਤੇ ਦਲਿਤਾਂ 'ਤੇ ਅੱਤਿਆਚਾਰ ਹੋ ਰਹੇ ਹਨ।''
''ਪੁਲਸ ਦੇ ਇਸ ਰਵੱਈਏ ਕਾਰਨ ਭਾਜਪਾ ਦੀ ਹਮਾਇਤ ਕਰਦੇ ਆ ਰਹੇ ਅਨੁਸੂਚਿਤ ਜਾਤੀ ਅਤੇ ਜਨਜਾਤੀ ਭਾਈਚਾਰੇ ਵਿਚ ਭਾਜਪਾ ਵਿਰੁੱਧ ਗੁੱਸਾ, ਨਾਰਾਜ਼ਗੀ ਅਤੇ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਦਲਿਤਾਂ ਦੀਆਂ ਸ਼ਿਕਾਇਤਾਂ ਨਹੀਂ ਸੁਣੀਆਂ ਜਾ ਰਹੀਆਂ।''
ਨਗੀਨਾ ਤੋਂ ਸੰਸਦ ਮੈਂਬਰ ਯਸ਼ਵੰਤ ਸਿੰਘ ਨੇ ਵੀ ਪ੍ਰਧਾਨ ਮੰਤਰੀ ਨੂੰ ਦਲਿਤ ਸ਼ੋਸ਼ਣ 'ਤੇ ਧਿਆਨ ਦੇਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ''4 ਸਾਲ ਬੀਤ ਜਾਣ ਪਿੱਛੋਂ ਵੀ ਦੇਸ਼ ਵਿਚ ਦਲਿਤਾਂ ਲਈ ਕੋਈ ਬਿੱਲ ਪੇਸ਼ ਨਹੀਂ ਹੋਇਆ। ਮੌਜੂਦਾ ਹਾਲਾਤ ਵਿਚ ਭਾਜਪਾ ਦੇ ਦਲਿਤ ਸੰਸਦ ਮੈਂਬਰ ਤਕ ਆਪਣੇ ਸਮਾਜ ਦੇ ਨਿੱਤ ਦੇ ਸ਼ੋਸ਼ਣ ਦਾ ਸ਼ਿਕਾਰ ਹਨ।''
ਜਿੱਥੇ ਭਾਜਪਾ ਦੇ ਦਲਿਤ ਸੰਸਦ ਮੈਂਬਰ ਪਾਰਟੀ ਨਾਲ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ, ਉਥੇ ਹੀ ਭਾਜਪਾ ਦੀ ਸਹਿਯੋਗੀ ਲੋਕ ਜਨਸ਼ਕਤੀ ਪਾਰਟੀ ਦੇ ਆਗੂ ਰਾਮਵਿਲਾਸ ਪਾਸਵਾਨ ਨੇ ਵੀ ਕਿਹਾ ਹੈ ਕਿ :
''ਭਾਜਪਾ ਦੇ ਸੰਬੰਧ ਵਿਚ ਧਾਰਨਾ ਹੈ ਕਿ ਇਹ ਦਲਿਤਾਂ ਪ੍ਰਤੀ ਗੈਰ-ਸੰਵੇਦਨਸ਼ੀਲ ਹੈ। ਆਪਣੇ ਕੰਮਾਂ ਤੇ ਪ੍ਰਚਾਰ ਦੇ ਜ਼ਰੀਏ ਇਸ ਧਾਰਨਾ ਨੂੰ ਦੂਰ ਕਰਨ ਲਈ ਭਾਜਪਾ ਕੋਲ ਹੁਣ ਸਿਰਫ ਇਕ ਸਾਲ ਬਚਿਆ ਹੈ।''
''ਭਾਜਪਾ ਦੇ ਮੁਸਲਿਮ-ਵਿਰੋਧੀ ਅਕਸ ਕਾਰਨ ਵੀ ਇਸ ਨੂੰ ਲੋਕ ਸਭਾ ਚੋਣਾਂ ਵਿਚ ਨੁਕਸਾਨ ਹੋ ਸਕਦਾ ਹੈ। ਇਸ ਲਈ ਭਾਜਪਾ ਨੂੰ ਆਪਣਾ ਅਕਸ ਸੁਧਾਰਨਾ ਪਵੇਗਾ ਕਿਉਂਕਿ ਇਸ ਦਾ ਅਕਸ ਮੁੱਖ ਤੌਰ 'ਤੇ ਫਾਰਵਰਡ ਜਾਤਾਂ ਤਕ ਹੀ ਸੀਮਤ ਹੈ।''
ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਵੀ ਕਹਿ ਚੁੱਕੇ ਹਨ ਕਿ ''ਭਾਜਪਾ ਨੂੰ ਘੱਟਗਿਣਤੀਆਂ ਪ੍ਰਤੀ ਆਪਣੀ ਧਾਰਨਾ ਬਦਲਣੀ ਪਵੇਗੀ।''
ਭਾਜਪਾ ਦੇ ਇਕ ਹੋਰ ਗੱਠਜੋੜ ਸਹਿਯੋਗੀ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਨੇਤਾ ਓਮ ਪ੍ਰਕਾਸ਼ ਰਾਜਭਰ ਨੇ ਵੀ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 'ਤੇ ਗੱਠਜੋੜ ਧਰਮ ਨਾ ਅਪਣਾਉਣ ਦਾ ਦੋਸ਼ ਲਾਇਆ ਹੈ।
ਇਸ ਸਮੇਂ ਭਾਜਪਾ ਲੀਡਰਸ਼ਿਪ ਜਿੱਥੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਆਈ ਹੋਈ ਹੈ, ਉਥੇ ਹੀ ਦਲਿਤਾਂ ਅਤੇ ਘੱਟਗਿਣਤੀਆਂ ਦੇ ਸਵਾਲ 'ਤੇ ਭਾਜਪਾ ਲੀਡਰਸ਼ਿਪ ਉੱਤੇ ਇਸ ਦੇ ਆਪਣੇ ਹੀ ਉਂਗਲ ਉਠਾ ਰਹੇ ਹਨ। ਇਸ ਲਈ ਇਸ ਸੰਬੰਧ ਵਿਚ ਪੈਦਾ ਹੋਏ ਭਰਮ ਦੂਰ ਕਰਨ ਲਈ ਭਾਜਪਾ ਲੀਡਰਸ਼ਿਪ ਜਿੰਨੀ ਛੇਤੀ ਕਦਮ ਚੁੱਕੇਗੀ, ਓਨਾ ਹੀ ਭਾਜਪਾ ਅਤੇ ਉਨ੍ਹਾਂ ਲਈ ਚੰਗਾ ਹੋਵੇਗਾ।
—ਵਿਜੇ ਕੁਮਾਰ
ਚੰਦ ਪਾਕਿਸਤਾਨੀ ਉੱਚ ਅਧਿਕਾਰੀ ਦੇ ਰਹੇ ਹਨ ਆਪਣੇ ਸ਼ਾਸਕਾਂ ਨੂੰ 'ਨੇਕ ਸਲਾਹਾਂ'
NEXT STORY