ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਪਹਿਲੇ ਦੌਰ ਦੀ ਸਮਾਪਤੀ ਅਤੇ ਦੂਜੇ ਦੌਰ ਦੀ ਸ਼ੁਰੂਆਤ ਦੇ ਨਾਲ-ਨਾਲ ਗੁਜਰਾਤ ’ਚ ਚੋਣ ਪ੍ਰਚਾਰ ਲਗਾਤਾਰ ਤੇਜ਼ ਹੋ ਰਿਹਾ ਹੈ ਜਿਸ ਦੀਆਂ ਕੁਝ ਦਿਲਚਸਪ ਗੱਲਾਂ ਅਸੀਂ ਇਥੇ ਪੇਸ਼ ਕਰ ਰਹੇ ਹਾਂ :
* ਸੂਬੇ ਵਿਚ ਗਾਂਧੀ ਨਗਰ (ਨਾਰਥ) ਤੋਂ ਆਜ਼ਾਦ ਉਮੀਦਵਾਰ ਮਹਿੰਦਰ ਭਾਈ ਪਟਨੀ 2 ਬੋਰੀਆਂ ’ਚ ਭਰ ਕੇ 10,000 ਰੁਪਏ ਦੇ ਇਕ-ਇਕ ਰੁਪਏ ਵਾਲੇ ਸਿੱਕੇ ਲੈ ਕੇ ਨਾਮਜ਼ਦਗੀ ਕਰਨ ਲਈ ਪਹੁੰਚਿਆ। ਉਸ ਨੇ ਇਹ ਰਕਮ ਚੰਦਾ ਮੰਗ ਕੇ ਇਕੱਠੀ ਕੀਤੀ ਹੈ।
* ਇਕ ਪਰਿਵਾਰ ਨੇ ਵਿਆਹ ਦਾ ਅਨੋਖਾ ਕਾਰਡ ਛਪਵਾਇਆ ਹੈ ਜਿਸ ਵਿਚ ਸੱਦੇ ਹੋਏ ਮਹਿਮਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ, ‘‘ਇਕ ਦਸੰਬਰ ਨੂੰ ਸਾਡੇ ਪਰਿਵਾਰ ਵਿਚ ਹੋਣ ਵਾਲੇ ਵਿਆਹ ਸਮਾਗਮ ’ਚ ਉਹ ਵੋਟ ਪਾਉਣ ਦੇ ਬਾਅਦ ਹੀ ਪਧਾਰਨ।’’
* ਸੂਬੇ ਵਿਚ ਅਫਰੀਕੀ ਮੂਲ ਦੇ ਕਈ ਭਾਰਤੀ ਰਹਿੰਦੇ ਹਨ। ਸੋਮਨਾਥ ਜ਼ਿਲੇ ’ਚ ‘ਗਿਰ’ ਦੇ ਪ੍ਰਸਿੱਧ ਜੰਗਲ ਦੇ ਦਰਮਿਆਨ ‘ਜੰਬੁਰ’ ਨਾਂ ਦਾ ਇਕ ਛੋਟਾ ਜਿਹਾ ਅਫਰੀਕੀ ਪਿੰਡ ਵਸਿਆ ਹੋਇਆ ਹੈ, ਜਿਥੇ ਰਹਿਣ ਵਾਲੇ ‘ਸਿੱਦੀ’ ਆਦਿਵਾਸੀ ਮੂਲ ਤੌਰ ’ਤੇ ਅਫਰੀਕਾ ਦੇ ‘ਬਨਤੂ’ ਭਾਈਚਾਰੇ ਨਾਲ ਜੁੜੇ ਹਨ।
ਇਨ੍ਹਾਂ ਦੀ ਸੱਭਿਅਤਾ ਅਤੇ ਸੱਭਿਆਚਾਰ ’ਤੇ ਅੱਜ ਵੀ ਅਫਰੀਕਾ ਦੇ ਰੀਤੀ-ਰਿਵਾਜਾਂ ਦਾ ਪ੍ਰਭਾਵ ਹੈ। ਚੋਣ ਕਮਿਸ਼ਨ ਇਥੇ ਰਹਿਣ ਵਾਲੇ ਸਿੱਦੀ ਭਾਈਚਾਰੇ ਦੇ 3481 ਲੋਕਾਂ ਦੇ ਲਈ ਵਿਸ਼ੇਸ਼ ਤੌਰ ’ਤੇ 3 ਪੋਲਿੰਗ ਕੇਂਦਰ ਬਣਾ ਰਿਹਾ ਹੈ।
* ਨਾਦਿਆਡ ’ਚ ਭਾਜਪਾ ਦੇ ਪੰਕਜ ਦੇਸਾਈ ਨੇ ਇਕ ਮਹਿਲਾ ਰੋਬੋਟ ਨੂੰ ਕਾਲੀ ਐਨਕ ਤੇ ਭਗਵੀ ਟੋਪੀ ਪਹਿਨਾ ਕੇ ਆਪਣੇ ਪ੍ਰਚਾਰ ’ਚ ਉਤਾਰਿਆ ਹੈ। ਉਹ ਉਨ੍ਹਾਂ ਦੇ ਲਈ ਘਰ-ਘਰ ਜਾ ਕੇ ਪ੍ਰਚਾਰ ਕਰਨ ਦੇ ਇਲਾਵਾ ਸੜਕਾਂ ’ਤੇ ਘੁੰਮ ਕੇ ਪਰਚੇ ਵੰਡ ਰਹੀ ਹੈ।
* ਫਿਲਮ ਅਭਿਨੇਤਾ ਰਵੀ ਕਿਸ਼ਨ ਨੇ ਭਾਜਪਾ ਦੇ ਪ੍ਰਚਾਰ ਦੇ ਲਈ ਪਹਿਲੀ ਵਾਰ ਗੁਜਰਾਤੀ-ਭੋਜਪੁਰੀ ਮਿਸ਼ਰਤ ਗੀਤ (ਰੈਪ) ਗਾਇਆ ਹੈ ਜੋ ਗੁਜਰਾਤ ’ਚ ਖੂਬ ਵੱਜ ਰਿਹਾ ਹੈ। ਇਸ ਦੇ ਬੋਲ ਹਨ ‘ਭੈਯਾ ਹੋ, ਗੁਜਰਾਤ ਮਾ ਮੋਦੀ ਛੇ’। ਰਵੀ ਕਿਸ਼ਨ ਇਸ ਤੋਂ ਪਹਿਲਾਂ ਕਈ ਵਾਰ ਉੱਤਰ ਪ੍ਰਦੇਸ਼ ਦੀਆਂ ਚੋਣਾਂ ਲਈ ਵੀ ਗੀਤ ਲਿਖ ਚੁੱਕੇ ਹਨ।
* ਚੋਣਾਂ ’ਚ ਭਾਜਪਾ ਅਤੇ ਕਾਂਗਰਸ ਦੋਵਾਂ ਨੂੰ ਹੀ ਬਾਗੀ ਉਮੀਦਵਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੋਵਾਂ ਹੀ ਪਾਰਟੀਆਂ ਨੂੰ ਪਹਿਲੇ ਪੜਾਅ ਲਈ ਨਾਮਜ਼ਦਗੀ ਮਿਤੀ ਖਤਮ ਹੋਣ ਤੱਕ ਲਗਭਗ ਇਕ ਦਰਜਨ ਉਮੀਦਵਾਰ ਬਦਲਣੇ ਪਏ ਹਨ। ਦੋਵਾਂ ਹੀ ਪਾਰਟੀਆਂ ਦੇ ਵਰਕਰਾਂ ਨੇ ਪਸੰਦੀਦਾ ਉਮੀਦਵਾਰਾਂ ਦੇ ਨਾਂ ਕੱਟਣ ’ਤੇ ਆਪਣੇ-ਆਪਣੇ ਪਾਰਟੀ ਮੁੱਖ ਦਫਤਰਾਂ ’ਤੇ ਭਾਰੀ ਹੰਗਾਮਾ ਕੀਤਾ ਅਤੇ ਹਾਏ-ਤੌਬਾ ਮਚਾਈ।
* ਟਿਕਟ ਕੱਟਣ ’ਤੇ ‘ਵਾਘੋਦਿਆ’ ਦੇ ਬਾਹੂਬਲੀ ਮਧੂ ਸ਼੍ਰੀਵਾਸਤਵ ਨੇ ਭਾਜਪਾ ਤੋਂ ਬਗਾਵਤ ਕਰਕੇ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਇਥੋਂ ਤੱਕ ਕਹਿ ਦਿੱਤਾ, ‘‘ਜੋ ਕੋਈ ਵੀ ਮੇਰੇ ਸਮਰਥਕਾਂ ਦੇ ਕਾਲਰ ’ਤੇ ਹੱਥ ਪਾਵੇਗਾ ਮੈਂ ਉਸ ਨੂੰ ਗੋਲੀ ਮਾਰ ਦੇਵਾਂਗਾ।’’
* ਤਾਪੀ ਜ਼ਿਲੇ ਦੀ ‘ਵਿਆਰਾ’ ਸੀਟ ਤੋਂ ਭਾਜਪਾ ਨੇ 20 ਸਾਲਾਂ ’ਚ ਪਹਿਲੀ ਵਾਰ ਇਕ ਈਸਾਈ ਉਮੀਦਵਾਰ ਮੋਹਨ ਕੋਂਕਣੀ ਨੂੰ ਮੈਦਾਨ ’ਚ ਉਤਾਰਿਆ ਹੈ ਜੋ ਚਾਰ ਵਾਰ ਦੇ ਵਿਧਾਇਕ ਕਾਂਗਰਸ ਦੇ ਪੁਨਾਜੀ ਗਾਮਿਤ ਦਾ ਮੁਕਾਬਲਾ ਕਰਨਗੇ। ਭਾਜਪਾ ਦੇ ਪਹਿਲੇ ਪੜਾਅ ਦੇ ਉਮੀਦਵਾਰਾਂ ’ਚ ਉਹੀ ਸਿਰਫ ਇਕ ਈਸਾਈ ਉਮੀਦਵਾਰ ਹਨ।
* ਗੁਜਰਾਤ ’ਚ ਮੁਸਲਿਮ ਵੋਟਰ ਕਾਂਗਰਸ ਦਾ ਵੋਟ ਬੈਂਕ ਮੰਨੇ ਜਾਂਦੇ ਹਨ ਪਰ ਕੁਝ ਸਮੇਂ ਤੋਂ ਉਹ ਕਾਂਗਰਸ ਤੋਂ ਛਿਟਕ ਕੇ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟਾਂ ਦੇ ਰਹੇ ਹਨ। ਇਸ ਵਾਰ ‘ਆਪ’ ਅਤੇ ‘ਏ. ਆਈ. ਐੱਮ. ਆਈ. ਐੱਮ.’ ਵੀ ਮੈਦਾਨ ਵਿਚ ਹਨ।
ਇਕ ਤਾਜ਼ਾ ਸਰਵੇ ’ਚ ਦੱਸਿਆ ਗਿਆ ਕਿ ਸੂਬੇ ਵਿਚ ਮੁਸਲਿਮ ਵੋਟਰਾਂ ’ਚੋਂ 34 ਫੀਸਦੀ ਸਿੱਧੇ ‘ਆਪ’ ਨੂੰ ਵੋਟ ਦੇਣ ਦੀ ਗੱਲ ਕਹਿ ਰਹੇ ਹਨ ਜਦਕਿ 24 ਫੀਸਦੀ ਦਾ ਕਹਿਣਾ ਹੈ ਕਿ ਉਹ ਭਾਜਪਾ ਨੂੰ ਹਰਾਉਣ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰ ਨੂੰ ਵੋਟ ਦੇਣਗੇ। ਸਰਵੇ ਦੇ ਅਨੁਸਾਰ 58 ਫੀਸਦੀ ਵੋਟ ‘ਆਪ’ ਨੂੰ ਚਲੇ ਗਏ ਤਾਂ ਭਾਜਪਾ ਅਤੇ ਕਾਂਗਰਸ ਨੂੰ ਝਟਕਾ ਲੱਗ ਸਕਦਾ ਹੈ।
* ਚੋਣਾਂ ਵਿਚ ਵੱਖ-ਵੱਖ ਗੈਰ-ਮਾਨਤਾ ਪ੍ਰਾਪਤ ਸੂਬਾ ਪੱਧਰੀ ਪਾਰਟੀਆਂ ਨੂੰ ਕੁਝ ਦਿਲਚਸਪ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ। ‘ਇੰਡੀਅਨ ਨੈਸ਼ਨਲ ਜਨਤਾ ਦਲ’ ਨੂੰ ਬੱਲੇਬਾਜ਼, ‘ਅਖਿਲ ਭਾਰਤ ਹਿੰਦੂ ਮਹਾਸਭਾ’ ਨੂੰ ਨਾਰੀਅਲ, ‘ਰਾਸ਼ਟਰੀ ਜਨਕ੍ਰਾਂਤੀ ਪਾਰਟੀ’ ਨੂੰ ਬਾਂਸੁਰੀ ਆਦਿ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ।
* ਆਜ਼ਾਦ ਉਮੀਦਵਾਰਾਂ ਦੇ ਲਈ ਕੁੱਲ 168 ਨਵੇਂ ਚੋਣ ਨਿਸ਼ਾਨ ਤੈਅ ਕੀਤੇ ਗਏ ਹਨ। ਇਨ੍ਹਾਂ ਵਿਚ ਸੀ. ਸੀ. ਟੀ. ਵੀ. ਕੈਮਰਾ, ਕੰਪਿਊਟਰ ਦਾ ਮਾਊਸ, ਹੈੱਡਫੋਨ, ਲੈਪਟਾਪ, ਮੋਬਾਇਲ ਫੋਨ ਚਾਰਜਰ, ਵੈਕਿਊਮ ਕਲੀਨਰ ਆਦਿ ਸ਼ਾਮਿਲ ਹਨ।
* ਮੋਰਬੀ ਵਿਚ ਭਾਜਪਾ ਨੇ 5 ਵਾਰ ਦੇ ਵਿਧਾਇਕ ਕਾਂਤੀ ਭਾਈ ਅਮਰਤੀਆ ਨੂੰ ਖੜ੍ਹਾ ਕੀਤਾ ਹੈ ਜਦਕਿ ਉਨ੍ਹਾਂ ਦੇ ਵਿਰੁੱਧ ਉਨ੍ਹਾਂ ਦਾ ਭਤੀਜਾ ਪੰਕਜ ਰਣਸਰੀਆ ‘ਆਪ’ ਦੀ ਟਿਕਟ ’ਤੇ ਖੜ੍ਹਾ ਹੋ ਗਿਆ ਹੈ।
* ਕ੍ਰਿਕਟਰ ਰਵਿੰਦਰ ਜਡੇਜਾ ਦੀ ਜਾਮਨਗਰ ਤੋਂ ਚੋਣ ਲੜ ਰਹੀ ਪਤਨੀ ਰਿਵਾਬਾ ਦਾ ਕਹਿਣਾ ਹੈ ਕਿ, ‘‘ਮੇਰੇ ਪਤੀ ਮੇਰੇ ਲਈ ਬੂਸਟਰ ਡੋਜ਼ ਦੇ ਵਾਂਗ ਹਨ, ਪਹਿਲਾਂ ਮੈਂ ਫੀਤੇ ਵਾਲੇ ਬੂਟ ਪਹਿਨ ਕੇ ਪ੍ਰਚਾਰ ਕਰ ਰਹੀ ਸੀ, ਇਸ ਲਈ ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਆਰਾਮਦਾਇਕ ਬੂਟ ਚਾਹੀਦੇ ਹਨ ਤਾਂ ਉਨ੍ਹਾਂ ਨੇ ਚੋਣ ਮੁਹਿੰਮ ਦੇ ਦੌਰਾਨ ਹੀ ਭਿਜਵਾ ਦਿੱਤੇ।’’
ਫਿਲਹਾਲ ਗੁਜਰਾਤ ਦੀਆਂ ਚੋਣਾਂ ’ਚ ਵੋਟਾਂ ਪੈਣ ਅਤੇ ਨਤੀਜੇ ਆਉਣ ’ਚ 2 ਹਫਤਿਆਂ ਤੋਂ ਵੱਧ ਸਮਾਂ ਬਾਕੀ ਹੈ, ਇਸ ਲਈ ਇਨ੍ਹਾਂ ਚੋਣਾਂ ਦੀਆਂ ਕੁਝ ਦਿਲਚਸਪ ਗੱਲਾਂ ਅਸੀਂ ਅਗਲੇ ਕਿਸੇ ਲੇਖ ’ਚ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ।
-ਵਿਜੇ ਕੁਮਾਰ
ਭਾਰਤ ਦੇ ਪੁਲਾੜ ਪ੍ਰੋਗਰਾਮ ਦੀ ਨਵੀਂ ਸਵੇਰ, ‘ਇਸਰੋ’ ਦੇ ਸਹਿਯੋਗ ਨਾਲ ਸ਼ੁਰੂ ਹੋਇਆ ਮਿਸ਼ਨ ‘ਪ੍ਰਾਰੰਭ’
NEXT STORY