ਜ਼ਿੰਦਗੀ ’ਚ ਮਾਤਾ-ਪਿਤਾ ਤੋਂ ਬਾਅਦ ਅਧਿਆਪਕ ਦਾ ਹੀ ਸਭ ਤੋਂ ਉੱਚਾ ਸਥਾਨ ਮੰਨਿਆ ਗਿਆ ਹੈ। ਅਧਿਆਪਕ ਹੀ ਬੱਚਿਆਂ ਨੂੰ ਸਹੀ ਸਿੱਖਿਆ ਦੇ ਕੇ ਗਿਆਨਵਾਨ ਬਣਾਉਂਦਾ ਹੈ ਪਰ ਅੱਜ ਚੰਦ ਅਧਿਆਪਕ ਆਪਣੀ ਮਰਿਆਦਾ ਨੂੰ ਭੁੱਲ ਕੇ ਬੱਚਿਆਂ ’ਤੇ ਗੈਰ-ਮਨੁੱਖੀ ਅੱਤਿਆਚਾਰ ਤੋਂ ਇਲਾਵਾ ਵਿਦਿਆਰਥਣਾਂ ਦਾ ਸੈਕਸ ਸ਼ੋਸ਼ਣ ਤਕ ਕਰ ਰਹੇ ਹਨ :
* 30 ਜੂਨ ਨੂੰ ਚੇਨਈ ਦੇ ਇਕ ਸਰਕਾਰੀ ਸਕੂਲ ’ਚ ਕੈਮਿਸਟਰੀ ਦੇ ਅਧਿਆਪਕ ਆਰ. ਸ਼੍ਰੀਧਰ ਨੂੰ ਵਿਦਿਆਰਥਣਾਂ ਦੇ ਸੈਕਸ ਸ਼ੋਸ਼ਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਉਹ ਵਿਦਿਆਰਥਣਾਂ ਨੂੰ ਇਹ ਗੱਲ ਕਿਸੇ ਨੂੰ ਨਾ ਦੱਸਣ ਲਈ ਧਮਕਾਉਂਦਾ ਵੀ ਸੀ।
* 28 ਜੁਲਾਈ ਨੂੰ ਪੁਣੇ ਦੇ ਇਕ ਪ੍ਰਾਈਵੇਟ ਸਕੂਲ ’ਚ 3 ਅਧਿਆਪਕਾਂ ਵਲੋਂ 10ਵੀਂ ਜਮਾਤ ’ਚ ਰੌਲਾ ਪਾਉਣ ’ਤੇ 3 ਵਿਦਿਆਰਥਣਾਂ ਨੂੰ ਬੈਂਤਾਂ ਨਾਲ ਬੁਰੀ ਤਰ੍ਹਾਂ ਕੁੱਟਣ ਦੇ ਮਾਮਲੇ ’ਚ ਅਧਿਆਪਕਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ।
* 30 ਅਗਸਤ ਨੂੰ ਪੁਣੇ ਦਿਹਾਤੀ ਪੁਲਸ ਨੇ ਜ਼ਿਲੇ ਦੇ ਇਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ 7ਵੀਂ ਜਮਾਤ ਦੀਆਂ 12-13 ਸਾਲਾ ਵਿਦਿਆਰਥਣਾਂ ਦਾ ਸੈਕਸ ਸ਼ੋਸ਼ਣ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 12 ਸਤੰਬਰ ਨੂੰ ਝਾਰਖੰਡ ਦੇ ਦੇਵਘਰ ’ਚ ਇਕ ਨਿੱਜੀ ਸਕੂਲ ’ਚ 9ਵੀਂ ਜਮਾਤ ਦੇ 2 ਵਿਦਿਆਰਥੀਆਂ ਨੂੰ ਬੁਰੀ ਤਰ੍ਹਾਂ ਕੁੱਟ ਕੇ ਜ਼ਖਮੀ ਕਰ ਦੇਣ ਦੇ ਦੋਸ਼ ’ਚ 2 ਅਧਿਆਪਕਾਂ ਵਿਰੁੱਧ ਪੁਲਸ ’ਚ ਰਿਪੋਰਟ ਦਰਜ ਕਰਵਾਈ ਗਈ।
* 20 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਹਰਦੋਈ ਦੇ ਇਕ ਸਕੂਲ ਦੇ ਅਧਿਆਪਕ ਨੇ 7ਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਬੁਰੀ ਤਰ੍ਹਾਂ ਕੁੱਟ ਸੁੱਟਿਆ। ਹਾਲਤ ਵਿਗੜਣ ’ਤੇ ਉਸ ਨੂੰ ਲਖਨਊ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।
* 1 ਅਕਤੂਬਰ ਨੂੰ ਕਰਨਾਟਕ ’ਚ ਦਾਵਣਗੇਰੇ ਦੇ ਸਰਕਾਰੀ ਸਕੂਲ ’ਚ ‘ਲੋਕੇਸ਼ ਹੋਡੀਗੇਰੇ’ ਨਾਂ ਦੇ ਅਧਿਆਪਕ ਨੂੰ ਇਕ ਵਿਦਿਆਰਥਣ ਨੂੰ ਪ੍ਰੇਸ਼ਾਨ ਕਰਨ ’ਤੇ ਲੜਕੀ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਲਿਆਂ ਨੇ ਕੁੱਟਣ ਤੋਂ ਬਾਅਦ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ, ਜਿਨ੍ਹਾਂ ਨੇ ਉਸ ਨੂੰ ਮੁਅਤਲ ਕਰਨ ਦਾ ਹੁਕਮ ਜਾਰੀ ਕਰ ਦਿੱਤਾ।
* 17 ਅਕਤੂਬਰ ਅਤੇ ਉਸ ਤੋਂ ਬਾਅਦ ਵੀ ਫਰੀਦਾਬਾਦ ਦੇ ਇਕ ਨਿੱਜੀ ਸਕੂਲ ’ਚ 12ਵੀਂ ਜਮਾਤ ਦੇ ਵਿਦਿਆਰਥੀ ਦੇ 10 ਮਿੰਟ ਲੇਟ ਪਹੁੰਚਣ ’ਤੇ ਸਕੂਲ ਦੇ ਪੀ.ਟੀ.ਆਈ. ਵਲੋਂ ਕੀਤੀ ਕੁੱਟਮਾਰ ਕਾਰਨ ਵਿਦਿਆਰਥੀ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਹ ਵੈਂਟੀਲੇਟਰ ’ਤੇ ਪਹੁੰਚ ਗਿਆ।
* 3 ਨਵੰਬਰ ਨੂੰ ਚੰਡੀਗੜ੍ਹ ਦੇ ਇਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ 7ਵੀਂ ਜਮਾਤ ਦੀ ਵਿਦਿਆਰਥਣ ਨਾਲ ਛੇੜਛਾੜ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
* 5 ਨਵੰਬਰ ਨੂੰ ਬੇਂਗਲੁਰੂ ’ਚ ਇਕ ਸਕੂਲ ਟੀਚਰ ਨੇ ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਨੂੰ ਖੜ੍ਹੇ ਹੋ ਕੇ ਪੜ੍ਹਨ ਦੀ ਸਜ਼ਾ ਸੁਣਾ ਦਿੱਤੀ, ਜਿਸ ਕਾਰਨ ਇਕ ਕੁੜੀ ਚੱਕਰ ਖਾ ਕੇ ਜ਼ਮੀਨ ’ਤੇ ਡਿੱਗ ਪਈ ਅਤੇ ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
* 11 ਨਵੰਬਰ ਨੂੰ ਗਾਜ਼ੀਆਬਾਦ ਦੇ ਮਸੂਰੀ ਥਾਣਾ ਖੇਤਰ ’ਚ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਵਲੋਂ ਨਾਬਾਲਿਗ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ। ਉਹ ਵਿਦਿਆਰਥਣ ਨੂੰ ਮੋਬਾਇਲ ਫੋਨ ਚਲਾਉਣਾ ਸਿਖਾਉਣ ਦੇ ਬਹਾਨੇ ਰੋਕ ਕੇ ਉਸ ਨਾਲ ਜਬਰ-ਜ਼ਨਾਹ ਕਰਦਾ ਸੀ। ਉਸ ਨੇ ਵਿਦਿਆਰਥਣ ਨੂੰ ਧਮਕਾਇਆ ਕਿ ਕਿਸੇ ਨੂੰ ਦੱਸਣ ’ਤੇ ਉਹ ਉਸੇ ਸਕੂਲ ’ਚ ਪੜ੍ਹਨ ਵਾਲੇ ਉਸ ਦੇ ਭਰਾ-ਭੈਣ ਦੀ ਹੱਤਿਆ ਕਰ ਦੇਵੇਗਾ।
* 11 ਨਵੰਬਰ ਨੂੰ ਹੀ ਬੇਂਗਲੁਰੂ ਦੇ ਇਕ ਸਰਕਾਰੀ ਸਕੂਲ ਦੇ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕ ‘ਅੰਜਨਪਾ’ ਨੂੰ 8ਵੀਂ ਅਤੇ 9ਵੀਂ ਜਮਾਤ ਦੀਆਂ 15 ਵਿਦਿਆਰਥਣਾਂ ਨੂੰ ਬੇਲੋੜੇ ਢੰਗ ਨਾਲ ਛੂਹਣ, ਸੈਕਸ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
* 17 ਨਵੰਬਰ ਨੂੰ ਆਜ਼ਮਗੜ੍ਹ ’ਚ ਇਕ ਪ੍ਰਾਈਵੇਟ ਸਕੂਲ ’ਚ 7ਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਅਧਿਆਪਕ ਵਲੋਂ ਉਸ ਨਾਲ ਛੇੜਛਾੜ ਕਰਨ ਦੀ ਗੱਲ ਜਦੋਂ ਆਪਣੇ ਮਾਤਾ-ਪਿਤਾ ਨੂੰ ਦੱਸੀ ਤਾਂ ਅਧਿਆਪਕ ਨੇ ਉਸ ਦੇ ਘਰ ਜਾ ਕੇ ਵਿਦਿਆਰਥਣ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਬੁਰੀ ਤਰ੍ਹਾਂ ਕੁੱਟ ਸੁੱਟਿਆ।
*17 ਨਵੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਕਥਿਤ ਤੌਰ ’ਤੇ ਇਕ ਵਿਦਿਆਰਥਣ ਨੂੰ ਗਲਤ ਢੰਗ ਨਾਲ ਛੂਹਣ ਅਤੇ ਉਸ ’ਤੇ ਅਸ਼ਲੀਲ ਫਬਤੀਆਂ ਕੱਸਣ ਦੇ ਦੋਸ਼ ਹੇਠ ਫੜਿਆ ।
* 18 ਨਵੰਬਰ ਨੂੰ ਰਾਜਸਥਾਨ ’ਚ ਟੋਂਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਇਕ ਅਧਿਆਪਕ ਨੇ ਲੰਚ ਸਮੇਂ ਖਾਣਾ ਖਾ ਰਹੇ ਮਨੀਸ਼ ਉਰਫ ਮਨੇਸ਼ ਸੈਣੀ ਨਾਮੀ 15 ਸਾਲ ਦੇ ਵਿਦਿਆਰਥੀ ਨੂੰ ਐਵੀਂ ਹੀ ਲੱਤਾਂ-ਘਸੁੰਨਾਂ ਨਾਲ ਬੁਰੀ ਤਰ੍ਹਾਂ ਕੁੱਟ ਸੁੱਟਿਆ ਜਿਸ ਕਾਰਨ ਉਸ ਦੀ ਰੀੜ੍ਹ ਦੀ ਹੱਡੀ ’ਚ ਗੰਭੀਰ ਸੱਟ ਲੱਗ ਗਈ।
ਵਿਦਿਆਰਥੀਆਂ-ਵਿਦਿਆਰਥਣਾਂ ’ਤੇ ਅਧਿਆਪਕਾਂ ਦੇ ਵਰਗ ਵਲੋਂ ਕੁੱਟਮਾਰ ਤੇ ਸੈਕਸ ਸ਼ੋਸ਼ਣ ਵਰਗੇ ਅਪਰਾਧਾਂ ਦੀਆਂ ਇਹ ਤਾਂ ਕੁਝ ਉਦਾਹਰਣਾਂ ਹੀ ਹਨ, ਜੋ ਇਸ ਆਦਰਸ਼ ਕਿੱਤੇ ’ਤੇ ਇਕ ਘਿਣੌਨਾ ਧੱਬਾ ਅਤੇ ਅਧਿਆਪਕ ਵਰਗ ’ਚ ਵੀ ਵਧ ਰਹੀ ਨੈਤਿਕ ਗਿਰਾਵਟ ਦਾ ਨਤੀਜਾ ਹੈ। ਇਸ ਲਈ ਅਜਿਹਾ ਕਰਨ ਵਾਲੇ ਅਧਿਆਪਕਾਂ ਨੂੰ ਸਿੱਖਿਆਦਾਇਕ ਸਜ਼ਾ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਵਲੋਂ ਤੰਗ ਪ੍ਰੇਸ਼ਾਨ ਕਰਨ ਦਾ ਇਹ ਮਾੜਾ ਚੱਕਰ ਰੁਕੇ।
–ਵਿਜੇ ਕੁਮਾਰ
ਚੀਨ ’ਚ ਆਉਣ ਵਾਲੀ ਹੈ ਸਾਲ 1929 ਤੋਂ ਵੀ ਵੱਡੀ ਆਰਥਿਕ ਮੰਦੀ
NEXT STORY