ਇਨ੍ਹੀਂ ਦਿਨੀਂ ਦੇਸ਼-ਵਿਦੇਸ਼ ’ਚ ਮਨਾਏ ਜਾ ਰਹੇ 10 ਦਿਨਾ ਗਣੇਸ਼ ਉਤਸਵ ਦੇ ਦੌਰਾਨ ਜਿੱਥੇ ਚਾਰੇ ਪਾਸੇ ‘ਗਣਪਤੀ ਬੱਪਾ ਮੌਰਿਆ’ ਦੀ ਗੂੰਜ ਸੁਣਾਈ ਦੇ ਰਹੀ ਹੈ, ਉੱਥੇ ਹੀ ਿਹੰਦੂ-ਮੁਸਲਿਮ ਭਾਈਚਾਰੇ ਅਤੇ ਸਦਭਾਵਨਾ ਦੀਆਂ ਮਿਸਾਲਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ :
* ਆਪਣੇ ਘਰ ਗਣਪਤੀ ‘ਬੱਪਾ’ ਨੂੰ ਲੈ ਕੇ ਆਏ ਸ਼ਾਹਰੁਖ ਖਾਨ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ‘ਅਬਰਾਮ’ ਨਾਲ ਮਿਲ ਕੇ ਗਣਪਤੀ ਬੱਪਾ ਨੂੰ ਸਜਾ ਕੇ ਬਿਰਾਜਮਾਨ ਕੀਤਾ।
ਉਨ੍ਹਾਂ ਨੇ ਕਿਹਾ, ‘‘ਅਸੀਂ ਗਣਪਤੀ ਜੀ ਦਾ ਸਵਾਗਤ ਕੀਤਾ ਅਤੇ ਫਿਰ ਦੋ ਲੱਡੂ ਖਾਧੇ ਜੋ ਬੜੇ ਹੀ ਸਵਾਦ ਸਨ। ਸਾਨੂੰ ਸਿੱਖਿਆ ਮਿਲਦੀ ਹੈ ਕਿ ਮਿਹਨਤ, ਦ੍ਰਿੜ੍ਹਤਾ ਅਤੇ ਈਸ਼ਵਰ ’ਤੇ ਯਕੀਨ ਦੇ ਨਾਲ ਤੁਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ।’’
* ਸਲਮਾਨ ਖਾਨ ਨੇ ਵੀ ਆਪਣੀ ਛੋਟੀ ਭੈਣ ਅਰਪਿਤਾ ਦੇ ਘਰ ਗਣਪਤੀ ਪੂਜਨ ’ਚ ਹਿੱਸਾ ਲਿਆ। ਕੈਟਰੀਨਾ ਕੈਫ ਸਮੇਤ ਕਈ ਹੋਰ ਫਿਲਮੀ ਸਿਤਾਰੇ ਵੀ ਇਸ ਮੌਕੇ ਉੱਥੇ ਆਏ। ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਵੀਡੀਓ ’ਚ ਸਲਮਾਨ ਖਾਨ ਹੱਥ ’ਚ ਆਰਤੀ ਦੀ ਥਾਲੀ ਫੜੀ ਗਣੇਸ਼ ਵੰਦਨਾ ਕਰਦੇ ਦਿਖਾਈ ਦੇ ਰਹੇ ਹਨ।
* ਮੁੰਬਈ ਦੇ ਵਰਲੀ ’ਚ ‘ਸ਼੍ਰੀ ਗਣੇਸ਼ ਸੇਵਾ ਮੰਡਲ’ ਵੱਲੋਂ ਆਯੋਜਿਤ ਗਣੇਸ਼ ਉਤਸਵ ’ਚ ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਮੈਂਬਰ ‘ਗਣਪਤੀ ਬੱਪਾ’ ਦਾ ਰੱਥ ਖਿੱਚ ਕੇ ਮੰਡਪ ਤੱਕ ਲਿਆਏ।
ਇਸ ਮੌਕੇ ’ਤੇ ਰੱਥ ਖਿੱਚਣ ਵਾਲੇ ਮੁਸਲਿਮ ਭਰਾਵਾਂ ਨੇ ਕਿਹਾ, ‘‘ਅਸੀਂ ਹਿੰਦੁਸਤਾਨੀ ਹਾਂ ਅਤੇ ਇਹ ਸਾਡੇ ਦੋਸਤਾਂ ਦਾ, ਸਾਡੇ ਭਰਾਵਾਂ ਦਾ ਤਿਉਹਾਰ ਹੈ, ਇਸ ਲਈ ਅਸੀਂ ਵੀ ਇਸ ਨੂੰ ਮਨਾਉਂਦੇ ਹਾਂ ਕਿਉਂਕਿ ‘ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ।’’
* ਹਰਦਾ (ਮੱਧ ਪ੍ਰਦੇਸ਼) ਸ਼ਹਿਰ ਦੇ ਰਾਜਮਾ ਚੌਕ ’ਤੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਮਿਲ ਕੇ ‘ਗਣੇਸ਼ ਉਤਸਵ ਕਮੇਟੀ’ ਦੀ ਅਗਵਾਈ ’ਚ ਗਣੇਸ਼ ਮੂਰਤੀ ਦੀ ਸਥਾਪਨਾ ਕੀਤੀ। ਇਸ ਚੌਕ ’ਤੇ ਬੀਤੇ 50 ਸਾਲਾਂ ਤੋਂ ਦੋਵਾਂ ਭਾਈਚਾਰਿਆਂ ਦੇ ਲੋਕ ਮਿਲ ਕੇ ਗਣੇਸ਼ ਉਤਸਵ ਮਨਾਉਂਦੇ ਆ ਰਹੇ ਹਨ।
* ਵਿਸ਼ੇਸ਼ ਤੌਰ ’ਤੇ ਗਣੇਸ਼ ਉਤਸਵ ’ਚ ਹਿੱਸਾ ਲੈਣ ਲਈ ਅਮਰੀਕਾ ਤੋਂ ਹੈਦਰਾਬਾਦ ਆਏ ਮੁਹੰਮਦ ਸਿਦੀਕ ਨੇ ਆਪਣੇ ਮਿੱਤਰਾਂ ਨਾਲ ਮਿਲ ਕੇ ਗਣੇਸ਼ ਜੀ ਦੀ ਮੂਰਤੀ ਦੀ ਸਥਾਪਨਾ ਕਰਵਾਈ। ਉਹ 18 ਸਾਲਾਂ ਤੋਂ ਗਣੇਸ਼ ਉਤਸਵ ਮਨਾ ਰਹੇ ਹਨ ਅਤੇ 5 ਸਾਲਾਂ ਤੋਂ ਇਸ ਲਈ ਵਿਸ਼ੇਸ਼ ਤੌਰ ’ਤੇ ਅਮਰੀਕਾ ਤੋਂ ਭਾਰਤ ਆਉਂਦੇ ਹਨ। ਮੁਹੰਮਦ ਸਿਦੀਕ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਪੂਰੇ 10 ਦਿਨ ਆਯੋਜਿਤ ਗਣੇਸ਼ ਉਤਸਵ ਦੇ ਆਯੋਜਨਾਂ ’ਚ ਹਿੱਸਾ ਲੈਂਦਾ ਹੈ ਅਤੇ ਕਦੀ ਵੀ ਇਸ ’ਚ ਨਾਗਾ ਨਹੀਂ ਪੈਣ ਦਿੱਤਾ।
* ਕਰਨਾਟਕ ਦੇ ਬੇਂਗਲੁਰੂ ’ਚ ਗਣੇਸ਼ ਚਤੁਰਥੀ ਦੇ ਆਯੋਜਨ ’ਚ ਸਦਭਾਵ ਦਾ ਪ੍ਰਦਰਸ਼ਨ ਕਰਦੇ ਹੋਏ ਹਿੰਦੂਆਂ ਅਤੇ ਮੁਸਲਮਾਨਾਂ ਨੇ ਪੰਡਾਲ ਨੂੰ ਫੁੱਲ-ਮਾਲਾਵਾਂ ਨਾਲ ਸਜਾ ਕੇ ਉਸ ’ਚ ਗਣੇਸ਼ ਮੂਰਤੀ ਦੀ ਸਥਾਪਨਾ ਕੀਤੀ। ਪ੍ਰੋਗਰਾਮ ’ਚ ਸ਼ਾਮਲ ‘ਪਾਸ਼ਾ’ ਨਾਮਕ ਮੁਸਲਿਮ ਨੌਜਵਾਨ ਦੇ ਅਨੁਸਾਰ ਪਿਛਲੇ 17 ਸਾਲਾਂ ਤੋਂ ਚਲੀ ਆ ਰਹੀ ਇਸ ਪਰੰਪਰਾ ਰਾਹੀਂ ਭਾਈਚਾਰਕ ਸੁਹਿਰਦਤਾ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ।
* ਕਰਨਾਟਕ ’ਚ ਹੁਬਲੀ ਦੇ ਗੋਕੁਲ ਰੋਡ ਪੁਲਸ ਥਾਣੇ ਦੇ ਇੰਚਾਰਜ ‘ਜੇ. ਐੱਮ. ਕਾਲੀਮਿਰਚੀ’ ਗਣੇਸ਼ ਚਤੁਰਥੀ ਦੇ ਿਦਨ ਭਗਵਾ ਟੋਪੀ ਪਹਿਨ ਕੇ ਗਣੇਸ਼ ਜੀ ਦੀ ਮੂਰਤੀ ਲੈ ਕੇ ਆਏ ਅਤੇ ਥਾਣੇ ’ਚ ਇਸ ਦੀ ਸਥਾਪਨਾ ਕਰਵਾਈ। ਬੀਤੇ ਸਾਲ ਵੀ ਉਨ੍ਹਾਂ ਨੇ ਥਾਣੇ ’ਚ ਗਣੇਸ਼ ਮੂਰਤੀ ਦੀ ਸਥਾਪਨਾ ਕਰਵਾਉਣ ’ਚ ਮੋਹਰੀ ਭੂਮਿਕਾ ਨਿਭਾਈ ਸੀ।
ਇਨ੍ਹਾਂ ਦਾ ਕਹਿਣਾ ਹੈ ਕਿ ਉਹ ਜਨਮ ਤੋਂ ਤਾਂ ਮੁਸਲਮਾਨ ਹਨ ਪਰ ਜਦੋਂ ਡਿਊਟੀ ਲਈ ਆਪਣੇ ਘਰੋਂ ਨਿਕਲਦੇ ਹਨ ਤਾਂ ਉਹ ਸਿਰਫ ਇਕ ਭਾਰਤੀ ਹੁੰਦੇ ਹਨ।
* ਅਲੀਗੜ੍ਹ ’ਚ ਰੂਬੀ ਆਸਿਫ ਖਾਨ ਨਾਂ ਦੀ ਔਰਤ ਨੇ ਕੁਝ ਲੋਕਾਂ ਦੇ ਵਿਰੋਧ ਦੇ ਬਾਵਜੂਦ ਆਪਣੇ ਘਰ ’ਚ ਗਣੇਸ਼ ਮੂਰਤੀ ਸਥਾਪਿਤ ਕੀਤੀ ਅਤੇ ਪੂਜਾ-ਅਰਚਨਾ ਦੇ ਬਾਅਦ ਕਿਹਾ, ‘‘ਮੈਂ ਹਿੰਦੂਆਂ ਦਾ ਹਰ ਤਿਉਹਾਰ ਮਨਾਉਂਦੀ ਹਾਂ ਅਤੇ ਅੱਗੇ ਵੀ ਮਨਾਵਾਂਗੀ।’’
* ਇਹੀ ਨਹੀਂ, ਕਰਨਾਟਕ ਦੇ ਚਾਮਰਾਜ ਨਗਰ ਦੇ ‘ਚਿਖੌਲੇ ਰਿਜ਼ਰਵ’ ’ਚ ਰਹਿਣ ਵਾਲੇ ਰਹਿਮਾਨ ਨਾਮਕ ਇਕ ਮੁਸਲਿਮ ਚੌਕੀਦਾਰ ਨੇ ਆਪਣੀ ਪੈਨਸ਼ਨ ਦੀ ਰਕਮ ਨਾਲ ਇਕ ਸ਼ਿਲਾ ’ਤੇ ਗਣੇਸ਼ ਜੀ ਦੀ ਨਵੀਂ ਮੂਰਤੀ ਦੀ ਸਥਾਪਨਾ ਕਰਵਾਈ ਹੈ ਜਿੱਥੋਂ ਸਮਾਜ ਵਿਰੋਧੀ ਤੱਤ ਕੁਝ ਸਮਾਂ ਪਹਿਲਾਂ ਮੂਰਤੀ ਚੋਰੀ ਕਰ ਕੇ ਲੈ ਗਏ ਸਨ। ਰਹਿਮਾਨ ਸਥਾਨਕ ਸੰਤਾਂ ਦੀ ਸਲਾਹ ਨਾਲ ਵਿਸ਼ੇਸ਼ ਤੌਰ ’ਤੇ ਤਾਮਿਲਨਾਡੂ ਤੋਂ ਭਗਵਾਨ ਗਣੇਸ਼ ਦੀ ਮੂਰਤੀ ਲਿਆਏ।
* ਕਰਨਾਟਕ ਦੇ ਕੋਲਾਰ ਜ਼ਿਲੇ ਦੇ ‘ਸ਼ਿਵਰਾਪਾਟਨਾ’ ਪਿੰਡ ਦੇ ਸ਼ਿਲਪਕਾਰ ਸਈਦ ਮੁਨੱਵਰ 35 ਸਾਲਾਂ ਤੋਂ ਭਗਵਾਨ ਗਣੇਸ਼, ਹਨੂਮਾਨ ਜੀ, ਸ਼ੰਕਰ ਜੀ ਅਤੇ ਮਾਂ ਸਰਸਵਤੀ ਦੀਆਂ ਮੂਰਤੀਆਂ ਦਾ ਨਿਰਮਾਣ ਕਰਦੇ ਆ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ‘‘ਇਹ ਸਾਡੀ ਛੋਟੀ ਜਿਹੀ ਦੁਨੀਆ ਹੈ ਜਿਸ ’ਚ ਈਦ, ਮੁਹੱਰਮ, ਗਣੇਸ਼ ਪੂਜਾ ਤੇ ਅਕਸ਼ੈ ਤ੍ਰਿਤੀਆ ਪੂਜਾ ਆਦਿ ਸਭ ਸਾਂਝੇ ਹਨ। ਗਣੇਸ਼ ਉਤਸਵ ਦੇ ਦੌਰਾਨ ਪਿੰਡ ’ਚ ਨਾਟਕ ਖੇਡਿਆ ਜਾਂਦਾ ਹੈ, ਜਿਸ ਨੂੰ ਪਿੰਡ ਦੇ ਸਾਰੇ ਲੋਕ ਦੇਖਣ ਆਉਂਦੇ ਹਨ।’’
ਉਕਤ ਸਮਾਗਮਾਂ ’ਚ ਸ਼ਾਮਲ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਫਿਰਕੂ ਮਾਹੌਲ ਅਤੇ ਿਹੰਦੂ-ਮੁਸਲਿਮ ਦੇ ਮੁੱਦੇ ਵੱਧ ਨਹੀਂ ਸਨ। ਅਜਿਹਾ ਸਿਰਫ ਸਿਆਸਤ ਕਾਰਨ ਸ਼ੁਰੂ ਹੋਇਆ। ਇਸ ਲਈ ਦੋਵਾਂ ਹੀ ਭਾਈਚਾਰਿਆਂ ਦੇ ਵਧੇਰੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਾਂਤੀ ਨਾਲ ਰਹਿਣ ਦਿੱਤਾ ਜਾਵੇ।
ਹਾਲਾਂਕਿ ਸਮਾਜ ਵਿਰੋਧੀ ਸ਼ਕਤੀਆਂ ਸਦੀਆਂ ਤੋਂ ਰੌਸ਼ਨ ਭਾਈਚਾਰੇ ਦੇ ਚਿਰਾਗ ਬੁਝਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਆ ਰਹੀਆਂ ਹਨ ਪਰ ਸਮੇਂ-ਸਮੇਂ ’ਤੇ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਉਦਾਹਰਣਾਂ ਗਵਾਹ ਹਨ ਕਿ ਨਫਰਤਾਂ ਦੀਆਂ ਹਨੇਰੀਆਂ ਭਾਵੇਂ ਕਿੰਨਾ ਵੀ ਜ਼ੋਰ ਲਵਾ ਲੈਣ, ਅਸੀਂ ਇਕ ਸੀ, ਇਕ ਹਾਂ ਅਤੇ ਇਕ ਹੀ ਰਹਾਂਗੇ।
ਵਿਜੇ ਕੁਮਾਰ
ਚੀਨ ’ਚ ਉਈਗਰ ਮੁਸਲਮਾਨਾਂ ਦੀ ਦੁਰਦਸ਼ਾ
NEXT STORY