ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬਲਿਦਾਨ ਦੇ ਕਾਰਨ 16 ਅਗਸਤ, 1946 ਤੋਂ ਜਾਰੀ ਉਸ ਹਿੰਸਕ ਦੌਰ ਦਾ ਅੰਤ ਹੋਇਆ ਜੋ ਅਖੰਡ ਭਾਰਤ ਦੀ ਵੰਡ ਦੀ ਕਹਾਣੀ ਬਿਆਨ ਕਰਦਾ ਹੈ। 30 ਜਨਵਰੀ, 1948 ਇਕ ਅਜਿਹਾ ਦਿਨ ਸੀ ਜਦੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਸਮੇਂ ਉਨ੍ਹਾਂ ਦੀ ਉਮਰ 78 ਸਾਲ ਦੀ ਸੀ। ਆਪਣੀ ਜ਼ਿੰਦਗੀ ਦੇ ਵਧੇਰੇ ਸਾਲਾਂ ਨੂੰ ਗਾਂਧੀ ਜੀ ਨੇ ਦੇਸ਼ ਦੇ ਲਈ ਸਮਰਪਿਤ ਕੀਤਾ। ਹਾਲਾਂਕਿ ਇਹ ਦਿਨ ਸ਼ਹੀਦੀ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ ਪਰ ਅੱਜ 75 ਸਾਲਾਂ ਬਾਅਦ ਸਾਡੇ ’ਚੋਂ ਕਿੰਨੇ ਲੋਕ ਹੋਣਗੇ ਜੋ ਉਨ੍ਹਾਂ ਦੇ ਲਈ ਅੱਜ ਪ੍ਰਾਰਥਨਾ ਕਰਨਗੇ ਜਾਂ ਭਾਰਤ ਨੂੰ ਇਕ ਹੀ ਝੰਡੇ ਹੇਠ ਪ੍ਰੇਰਿਤ ਕਰ ਆਜ਼ਾਦੀ ਦੀ ਲੜਾਈ ਜਿਤਾਉਣ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟ ਕਰਨਗੇ।
1757 ’ਚ ਪਲਾਸੀ ਦੀ ਜੰਗ ਦੇ ਬਾਅਦ ਬ੍ਰਿਟਿਸ਼ ਸ਼ਾਸਨ ਦੇ ਸ਼ੁਰੂ ਹੋਣ ਨਾਲ ਹੀ ਭਾਰਤੀ, ਬ੍ਰਿਟਿਸ਼ ਸ਼ਾਸਨ ਦਾ ਵਿਰੋਧ ਕਰਦੇ ਰਹੇ ਹਨ। 1857 ਦੇ ਆਜ਼ਾਦੀ ਸੰਗਰਾਮ ਨੇ ਲੋਕਾਂ ਨੂੰ ਇਕੱਠਿਆਂ ਆਉਣ ਲਈ ਪ੍ਰੇਰਿਤ ਕੀਤਾ ਪਰ ਪੂਰਾ ਰਾਸ਼ਟਰ ਅੱਗੇ ਨਹੀਂ ਆਇਆ। 1919 ’ਚ ਜਦੋਂ ਗਾਂਧੀ ਜੀ ਨੇ ਪੂਰੇ ਰਾਸ਼ਟਰ ਨੂੰ ਪ੍ਰੇਰਿਤ ਕੀਤਾ ਅਤੇ ਅਸਹਿਯੋਗ ਅੰਦੋਲਨ ਚਲਾਇਆ ਤਾਂ ਨਾ ਸਿਰਫ ਆਮ ਆਦਮੀ ਸਗੋਂ ਅਮੀਰ ਉਦਯੋਗਪਤੀ, ਜਗੀਰਦਾਰ, ਨੌਜਵਾਨ, ਬਜ਼ੁਰਗ, ਮਰਦ ਅਤੇ ਔਰਤਾਂ ਇਕੱਠੇ ਅੱਗੇ ਆਏ। ਗਾਂਧੀ ਜੀ ਦੀ ਇਕ ਆਵਾਜ਼ ’ਤੇ ਆਪਣੀ ਪੜ੍ਹਾਈ ਨੂੰ ਛੱਡ ਕੇ ਵਿਦਿਆਰਥੀ ਤੇ ਔਰਤਾਂ ਸੜਕਾਂ ’ਤੇ ਉਤਰ ਆਏ ਤੇ ਬ੍ਰਿਟਿਸ਼ ਸ਼ਾਸਨ ਦੇ ਜ਼ੁਲਮਾਂ ਦੇ ਵਿਰੁੱਧ ਅਹਿੰਸਾ ਦੇ ਸਿਧਾਂਤ ’ਤੇ ਚੱਲਦੇ ਹੋਏ ਆਜ਼ਾਦੀ ਦੀ ਲੜਾਈ ’ਚ ਕੁੱਦ ਪਏ ਜੋ ਆਪਣੇ ਆਪ ’ਚ ਇਕ ਮਿਸਾਲ ਹੈ।
ਗੁਰੂਦੇਵ ਰਬਿੰਦਰਨਾਥ ਟੈਗੋਰ ਜੋ ਕਿ ਗਾਂਧੀ ਜੀ ਤੋਂ 8 ਸਾਲ ਵੱਡੇ ਸਨ ਕਈ ਵਾਰ ਉਨ੍ਹਾਂ ਨਾਲ ਕਈ ਗੱਲਾਂ ’ਤੇ ਅਸਹਿਮਤ ਸਨ ਫਿਰ ਵੀ ਸਮਾਜਿਕ ਨਿਆਂ ਅਤੇ ਭਾਰਤ ’ਚ ਸਿੱਖਿਆ ਤੇ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਦੇ ਮਸਲੇ ’ਤੇ ਦੋਵਾਂ ’ਚ ਆਮ ਸਹਿਮਤੀ ਸੀ। ਵਿਚਾਰਾਂ ਦੀ ਭਿੰਨਤਾ ਹੋਣ ਦੇ ਬਾਵਜੂਦ ਟੈਗੋਰ ਨੇ ਮਹਾਤਮਾ ਗਾਂਧੀ ਨੂੰ ‘ਮਹਾਤਮਾ’ ਅਤੇ ਗਾਂਧੀ ਜੀ ਨੇ ਉਨ੍ਹਾਂ ਨੂੰ ‘ਗੁਰੂਦੇਵ’ ਦਾ ਨਾਂ ਦਿੱਤਾ। ਸ਼ਾਇਦ ਇਹ ਇਕ ਵੱਡੀ ਮਿਸਾਲ ਹੋਵੇਗੀ ਕਿ ਵਿਚਾਰਾਂ ਦੀ ਅਸਹਿਮਤੀ ਦੇ ਬਾਵਜੂਦ ਤੁਸੀਂ ਦੂਜੇ ਵਿਅਕਤੀ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋ।
ਫਿਰ ਵੀ ‘ਆਧੁਨਿਕ ਭਾਰਤ’ ਦੇ ਨਿਰਮਾਣ ’ਚ ਆਪਣਾ ਯੋਗਦਾਨ ਦੇਣ ਵਾਲੇ ਗਾਂਧੀ ਜੀ ਦਾ ਸਨਮਾਨ ਕਰਨ ਤੇ ਉਨ੍ਹਾਂ ਨੂੰ ਸਮਝਣ ’ਚ ਅੱਜ ਦੀ ਨੌਜਵਾਨ ਪੀੜ੍ਹੀ ਕਿਉਂ ਅਸਮਰੱਥ ਹੈ? ਕੀ ਇਸ ਦਾ ਕਾਰਨ ਇਹ ਹੈ ਕਿ ਅੱਜ ਦੇ ਸਿਆਸੀ ਪ੍ਰਚਾਰ ਨੇ ਅਸਲ ਇਤਿਹਾਸਕ ਤੱਥਾਂ ਨੂੰ ਧੁੰਦਲਾ ਬਣਾ ਦਿੱਤਾ ਹੈ? ਕੀ ਅੱਜ ਦਾ ਨੌਜਵਾਨ ਸਿਆਸਤ ’ਚ ਈਮਾਨਦਾਰ ਰਹਿਣਾ ਜਾਂ ਰੋਜ਼ਮੱਰਾ ਦੀ ਜ਼ਿੰਦਗੀ ’ਚ ਅਹਿੰਸਾ ਦੀ ਪਾਲਣਾ ਕਰਨੀ ਇਕ ਬੋਝ ਸਮਝਦਾ ਹੈ?
ਅਸਹਿਣਸ਼ੀਲਤਾ ਦੀ ਇਕ ਵੱਡੀ ਮਿਸਾਲ ਸ਼ਾਇਦ ਮਹਾਤਮਾ ਗਾਂਧੀ ਦੀ ਹੱਤਿਆ ਹੈ। ਨੱਥੂ ਰਾਮ ਗੋਡਸੇ ਨੇ ਖੁਦ ਹੀ ਅਦਾਲਤ ’ਚ ਮੰਨਿਆ ਸੀ ਕਿ ਉਹ ਗਾਂਧੀ ਜੀ ਦੇ ਅਹਿੰਸਾ ਅਤੇ ਸਜਾਤੀ ਸਮਾਜ ਵਾਲੇ ਸਿਧਾਂਤ ਤੋਂ ਵਿਰੋਧਾਭਾਸ ਰੱਖਦੇ ਸਨ। ਇੱਥੋਂ ਤੱਕ ਕਿ ਪਾਕਿਸਤਾਨ ਨੂੰ ਪੈਸੇ ਦਾ ਹਿੱਸਾ ਦੇਣ ਅਤੇ ਮੁਸਲਮਾਨਾਂ ਦੇ ਪ੍ਰਤੀ ਨਰਮ ਵਤੀਰਾ ਰੱਖਣ ਲਈ ਨੱਥੂ ਰਾਮ ਗਾਂਧੀ ਜੀ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਸੀ। ਇਹੀ ਕਾਰਨ ਸੀ ਕਿ ਉਸ ਨੇ ਗਾਂਧੀ ਜੀ ਦੀ ਹੱਤਿਆ ਕੀਤੀ।
ਕੀ ਹੁਣ ਇਹੀ ਸਿਧਾਂਤ ਹੈ ਕਿ ਜੇਕਰ ਤੁਸੀਂ ਕਿਸੇ ਦੇ ਵਿਚਾਰਾਂ ਜਾਂ ਉਸ ਦੇ ਤੱਤ ਗਿਆਨ ਨਾਲ ਸਹਿਮਤੀ ਨਾ ਰੱਖਦੇ ਹੋਵੋ ਤਾਂ ਤੁਸੀਂ ਉਸ ਦੀ ਹੱਤਿਆ ਕਰ ਦਿਓ? ਕੀ ਲੋਕਤੰਤਰ ਦੀ ਦਿਸ਼ਾ ਦੇਣ ਵਾਲੀ ਰੌਸ਼ਨੀ ਸਾਨੂੰ ਇਹੀ ਰਸਤਾ ਦਿਖਾਉਂਦੀ ਹੈ? ਕੀ ਇਕ ਅਜਿਹੇ ਵਿਅਕਤੀ ਲਈ ਸਾਡੀ ਇਹੀ ਸੱਚੀ ਸ਼ਰਧਾਂਜਲੀ ਹੈ ਜਿਸ ਨੇ ਨਾ ਸਿਰਫ ਭਾਰਤੀਆਂ ਨੂੰ ਸਗੋਂ ਅਸ਼ਵੇਤਾਂ ਨੂੰ ਅਮਰੀਕਾ ’ਚ, ਅਫਰੀਕੀਆਂ ਨੂੰ ਦੱਖਣੀ ਅਫਰੀਕਾ ’ਚ, ਪੂਰਬੀ ਜਰਮਨੀ ’ਚ ਜਰਮਨਾਂ ਨੂੰ, ਪੋਲੈਂਡ ’ਚ ਪੋਲਿਸ਼ ਲੋਕਾਂ ਨੂੰ ਅਹਿੰਸਾ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ?
ਅੱਜ ਭਾਰਤ ’ਚ ਲੋਕ ਨਾ ਸਿਰਫ ਗਾਂਧੀ ਜੀ ਦੇ ਪੁਤਲੇ ਹੀ ਸਾੜ ਦਿੰਦੇ ਹਨ ਸਗੋਂ ਉਨ੍ਹਾਂ ਲਈ ਘਟੀਆ ਸ਼ਬਦਾਂ ਦੀ ਵਰਤੋਂ ਵੀ ਕਰ ਦਿੰਦੇ ਹਨ। ਉਹ ਇਸ ਨੂੰ ਆਪਣੇ ਨਿੱਜੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਨਾਂ ਦੇ ਸਕਦੇ ਹਨ ਪਰ ਕੀ ਹੁਣ ਸਾਡੇ ਗਣਤੰਤਰ ਦਾ ਸਿਧਾਂਤ ਇਹ ਰਹੇਗਾ ਕਿ ਕੋਈ ਵੀ ਵਿਅਕਤੀ ਜੋ ਅਲੱਗ ਵਿਚਾਰ ਰੱਖਦਾ ਹੋਵੇ, ਦੂਜੇ ਧਰਮ ਜਾਂ ਫਿਰ ਹੋਰ ਜਾਤ ਦਾ ਹੋਵੇ ਉਸ ਦੀ ਹੱਤਿਆ ਕਰ ਦਿੱਤੀ ਜਾਵੇ?
ਕੀ ਸੋਨੇ ’ਚ ਨਿਵੇਸ਼ ਕਰਨ ਦਾ ਸਹੀ ਸਮਾਂ ਹੈ
NEXT STORY