ਤੀਸਰੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣੀ ਮਮਤਾ ਬੈਨਰਜੀ ਇਨ੍ਹੀਂ ਦਿਨੀਂ ਭਾਜਪਾ ਦੇ ਵਿਰੁੱਧ ਵਿਰੋਧੀ ਪਾਰਟੀਆਂ ਦਾ ਮੋਰਚਾ ਬਣਾਉਣ ਦੇ ਲਈ ਯਤਨਸ਼ੀਲ ਹਨ। ਉਨ੍ਹਾਂ ਦੀ ਯੋਜਨਾ 2024 ਦੀਆਂ ਆਮ ਚੋਣਾਂ ’ਚ ਵਿਰੋਧੀ ਧਿਰ ਨੂੰ ਇਕਜੁੱਟ ਕਰ ਕੇ ਭਾਜਪਾ ਦੇ ਸਾਹਮਣੇ ਚੁਣੌਤੀ ਪੇਸ਼ ਕਰਨ ਦੀ ਹੈ। ਇਸੇ ਲੜੀ ’ਚ ਪਿਛਲੇ 4 ਮਹੀਨਿਆਂ ਦੇ ਦੌਰਾਨ ਉਨ੍ਹਾਂ ਨੇ 2 ਵਾਰ ਦਿੱਲੀ, 1 ਵਾਰ ਗੋਆ ਅਤੇ 1 ਵਾਰ ਮੁੰਬਈ ਦਾ ਦੌਰਾ ਕੀਤਾ ਹੈ।
ਹਾਲ ਹੀ ’ਚ ਉਹ 3 ਦਿਨ ਦੀ ਮੁੰਬਈ ਯਾਤਰਾ ’ਤੇ ਗਈ, ਜਿੱਥੇ ਉਨ੍ਹਾਂ ਨੇ ਸ਼ਿਵਸੈਨਾ ਅਤੇ ਰਾਕਾਂਪਾ ਨੇਤਾਵਾਂ ਨਾਲ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਨ ਦੇ ਇਲਾਵਾ ਇਕ ਪ੍ਰੋਗਰਾਮ ਨੂੰ ਵੀ ਸੰਬੋਧਿਤ ਕੀਤਾ, ਜਿਸ ’ਚ ਕਈ ਸਿਆਸੀ ਨੇਤਾ ਤੇ ਪ੍ਰਸਿੱਧ ਲੋਕ ਸ਼ਾਮਲ ਹੋਏ।
ਇਸ ’ਚ ਮਮਤਾ ਨੇ ਭਾਜਪਾ ਨੂੰ ‘ਕਰੂਰ’ ਤੇ ‘ਅਲੋਕਤੰਤਰਿਕ’ ਪਾਰਟੀ ਦੱਸਦੇ ਹੋਏ ਵਿਰੋਧੀ ਪਾਰਟੀਆਂ ਦੀ ਏਕਤਾ ਦੀ ਲੋੜ ’ਤੇ ਜ਼ੋਰ ਦਿੱਤਾ ਤੇ ਕਿਹਾ, ‘‘ਜੇਕਰ ਅਸੀਂ ਜਿੱਤਣਾ ਹੈ ਤਾਂ ਲੜਨਾ ਤੇ ਆਵਾਜ਼ ਉਠਾਉਣੀ ਹੋਵੇਗੀ। ਜੇਕਰ ਅਸੀਂ ਇਕੱਠੇ ਹਾਂ ਤਾਂ ਜਿੱਤਾਂਗੇ।’’
ਇਸ ਦੇ ਅਗਲੇ ਦਿਨ 2 ਦਸੰਬਰ ਨੂੰ ਮਮਤਾ ਦੀ ਰਾਕਾਂਪਾ ਸੁਪਰੀਮੋ ਸ਼ਰਦ ਪਵਾਰ ਨਾਲ ਮੁਲਾਕਾਤ ਦੇ ਬਾਅਦ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਸ਼ਰਦ ਪਵਾਰ ਨੂੰ ਯੂ. ਪੀ. ਏ. ਦੀ ਅਗਵਾਈ ਕਰਨੀ ਚਾਹੀਦੀ ਹੈ ਤਾਂ ਮਮਤਾ ਨੇ ਯੂ. ਪੀ. ਏ. ’ਤੇ ਹੀ ਸਵਾਲ ਚੁੱਕ ਦਿੱਤੇ।
ਮਮਤਾ ਨੇ ਇਹ ਕਹਿ ਕੇ ਇਕ ਨਵੀਂ ਬਹਿਸ ਨੂੰ ਜਨਮ ਦੇ ਦਿੱਤਾ ਕਿ, ‘‘ਕਾਂਗਰਸ ਦੀ ਅਗਵਾਈ ਵਾਲਾ ਯੂ. ਪੀ. ਏ. ਖਤਮ ਹੋ ਚੁੱਕਾ ਹੈ ਅਤੇ ਹੁਣ ਯੂ. ਪੀ. ਏ. ਕੋਈ ਗਠਜੋੜ ਨਹੀਂ ਹੈ।’’ ਇਹੀ ਨਹੀਂ, ਉਨ੍ਹਾਂ ਨੇ ਲੁਕਵੇਂ ਢੰਗ ਨਾਲ ਰਾਹੁਲ ਗਾਂਧੀ ’ਤੇ ਵੀ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ‘‘ਸਿਆਸਤ ’ਚ ਲਗਾਤਾਰ ਯਤਨ ਜ਼ਰੂਰੀ ਹੈ। ਕੋਈ ਕੁਝ ਕਰਦਾ ਨਹੀਂ ਹੈ, ਵਿਦੇਸ਼ ’ਚ ਰਹਿੰਦਾ ਹੈ ਤਾਂ ਕਿਵੇਂ ਚੱਲੇਗਾ?’’
ਭਾਜਪਾ ਵਿਰੋਧੀ ਫਰੰਟ ਬਣਾਉਣ ਦੀ ਚਾਹਵਾਨ ਮਮਤਾ ਬੈਨਰਜੀ ਦਾ ਕਾਂਗਰਸ ਅਤੇ ਯੂ. ਪੀ. ਏ. ਨੂੰ ਅਛੂਤ ਮੰਨ ਲੈਣਾ ਠੀਕ ਨਹੀਂ, ਜਿਸ ਦਾ ਉਹ ਖੁਦ ਵੀ ਕਦੀ ਹਿੱਸਾ ਰਹੀ ਹੈ ਅਤੇ ਜਿੱਥੋਂ ਉਨ੍ਹਾਂ ਨੇ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਸੀ।
ਇਹੀ ਕਾਰਨ ਹੈ ਕਿ ਮਮਤਾ ਬੈਨਰਜੀ ਵੱਲੋਂ ਯੂ. ਪੀ. ਏ. ਨੂੰ ਖਤਮ ਦੱਸਣ ’ਤੇ ਉਨ੍ਹਾਂ ਦੀ ਆਲੋਚਨਾ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਸੀਨੀਅਰ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਹੈ ਕਿ ‘‘ਮਮਤਾ ਬੈਨਰਜੀ ਨੇ ਨਵਾਂ ਪਾਗਲਪਨ ਸ਼ੁਰੂ ਕਰ ਦਿੱਤਾ ਹੈ।’’
ਇਸੇ ਤਰ੍ਹਾਂ ਸ਼ਿਵਸੈਨਾ ਦੇ ਸੀਨੀਅਰ ਨੇਤਾ ਸੰਜੇ ਰਾਊਤ ਨੇ ਵੀ ਕਿਹਾ ਕਿ ‘‘ਕਾਂਗਰਸ ਦੇ ਬਗੈਰ ਕੋਈ ਫਰੰਟ ਨਹੀਂ ਬਣ ਸਕਦਾ। ਇਹ ਸਹੀ ਨਹੀਂ ਹੈ। ਕਾਂਗਰਸ ਨੂੰ ਦੂਰ ਰੱਖ ਕੇ ਕੋਈ ਫਰੰਟ ਬਣਨ ’ਤੇ ਭਾਜਪਾ ਨੂੰ ਲਾਭ ਹੋਵੇਗਾ। ਅਸੀਂ ਸਾਰੇ ਜੇਕਰ ਕਾਂਗਰਸ ਦੇ ਨਾਲ ਮਿਲ ਕੇ ਕੰਮ ਕਰੀਏ ਤਾਂ ਚੰਗਾ ਫਰੰਟ ਬਣੇਗਾ।’’
ਸਿਆਸੀ ਵਿਸ਼ਲੇਸ਼ਕ ਮਮਤਾ ਦੇ ਯੂ. ਪੀ. ਏ. ਦੇ ਬਗੈਰ ਭਾਜਪਾ ਦੇ ਵਿਰੁੱਧ ਵਿਰੋਧੀ ਏਕਤਾ ਦੇ ਯਤਨਾਂ ਨੂੰ ਅਣਵਿਹਾਰਕ ਮੰਨਦੇ ਹਨ ਕਿਉਂਕਿ ਕਾਂਗਰਸ ਵਾਲੀ ਯੂ. ਪੀ. ਏ. ’ਚ ਸ਼ਾਮਲ 14 ਪਾਰਟੀਆਂ ਦੇ ਬਗੈਰ ਮਮਤਾ ਬੈਨਰਜੀ ਦੇ ਵਿਰੋਧੀ ਏਕਤਾ ਦੇ ਯਤਨ ਅਧੂਰੇ ਹੀ ਮੰਨੇ ਜਾਣਗੇ।
-ਵਿਜੇ ਕੁਮਾਰ
ਖੁਸ਼ੀ ’ਚ ਫਾਇਰਿੰਗ ਦਾ ਲਗਾਤਾਰ ਵਧਦਾ ਰੁਝਾਨ ਬਦਲ ਰਿਹਾ ਖੁਸ਼ੀ ਨੂੰ ਮਾਤਮ ’ਚ
NEXT STORY