ਹਰ ਵਿਦਿਆਰਥੀ ਸਕੂਲ ਦੇ ਅਨੁਸ਼ਾਸਿਤ ਜੀਵਨ ਤੋਂ ਬਾਅਦ ਕਾਲਜ ਦੇ ਖੁੱਲ੍ਹੇ ਮਾਹੌਲ ’ਚ ਨਵੀਆਂ ਉਮੰਗਾਂ ਨਾਲ ਦਾਖਲ ਹੁੰਦਾ ਹੈ। ਅਜਿਹੇ ’ਚ ਉਮੀਦ ਤਾਂ ਇਹ ਕੀਤੀ ਜਾਂਦੀ ਹੈ ਕਿ ਉੱਚ ਕਲਾਸਾਂ ’ਚ ਪੜ੍ਹਨ ਵਾਲੇ ਪੁਰਾਣੇ ਵਿਦਿਆਰਥੀ ਖੁੱਲ੍ਹੇ ਦਿਲ ਨਾਲ ਉਸ ਦਾ ਸਵਾਗਤ ਕਰਨ ਅਤੇ ਉਸ ਨੂੰ ਉਚਿਤ ਉਤਸ਼ਾਹ ਦੇਣ ਪਰ ਇਸ ਦੇ ਉਲਟ ਹੀ ਹੋ ਰਿਹਾ ਹੈ।
‘ਰੈਗਿੰਗ’ ਸ਼ਬਦ ਅੱਜ ਸੀਨੀਅਰ ਵਿਦਿਆਰਥੀਆਂ ਵੱਲੋਂ ਕਾਲਜਾਂ ’ਚ ਦਾਖਲ ਹੋਣ ਵਾਲੇ ਫ੍ਰੈਸ਼ਰਜ਼ ਭਾਵ ਨਵੇਂ ਵਿਦਿਆਰਥੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਜ਼ਰੀਆ ਬਣ ਗਿਆ ਹੈ ਅਤੇ ਇਸ ਤਰ੍ਹਾਂ ਦੇ ਵਧੇਰੇ ਮਾਮਲੇ ਮੈਡੀਕਲ ਕਾਲਜਾਂ ’ਚ ਹੋ ਰਹੇ ਹਨ।
ਸੀਨੀਅਰ ਵਿਦਿਆਰਥੀ ਨਵੇਂ ਵਿਦਿਆਰਥੀਆਂ ਨਾਲ ਰੈਗਿੰਗ ਦੇ ਨਾਂ ’ਤੇ ਗੈਰ-ਮਨੁੱਖੀ ਵਤੀਰਾ ਕਰਦੇ ਹਨ, ਜਿਸ ’ਚ ਕੁੱਟ-ਮਾਰ, ਕੱਪੜੇ ਤਕ ਉਤਰਵਾਉਣਾ ਵਰਗੇ ਕਾਰਜ ਸ਼ਾਮਲ ਹਨ।
* 20 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ’ਚ ਟਾਂਡਾ (ਕਾਂਗੜਾ) ਸਥਿਤ ‘ਡਾਕਟਰ ਰਾਜਿੰਦਰ ਪ੍ਰਸਾਦ ਮੈਡੀਕਲ ਕਾਲਜ ਅਤੇ ਹਸਪਤਾਲ’ ’ਚ ਜੂਨੀਅਰ ਵਿਦਿਆਰਥੀਆਂ ਦੀ ਰੈਗਿੰਗ ਕਰਨ ਅਤੇ ਉਨ੍ਹਾਂ ਕੋਲੋਂ ਆਪਣਾ ਕੰਮ ਕਰਵਾਉਣ ਦੇ ਦੋਸ਼ ਹੇਠ ਕਾਲਜ ਪ੍ਰਸ਼ਾਸਨ ਨੇ 10 ਸੀਨੀਅਰ ਟ੍ਰੇਨੀ ਡਾਕਟਰਾਂ ਨੂੰ 50-50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਉਣ ਤੋਂ ਇਲਾਵਾ 6 ਮਹੀਨਿਆਂ ਤੱਕ ਹੋਸਟਲ ਤੋਂ ਅਤੇ 3 ਮਹੀਨਿਆਂ ਤਕ ਕਲਾਸਾਂ ਤੋਂ ਮੁਅੱਤਲ ਕਰਨ ਦੀ ਸਜ਼ਾ ਸੁਣਾਈ।
ਜ਼ਿਕਰਯੋਗ ਹੈ ਕਿ ਮਾਰਚ, 2009 ’ਚ ਇਸੇ ਮੈਡੀਕਲ ਕਾਲਜ ਦੇ ਵਿਦਿਆਰਥੀ ਅਮਨ ਕਾਚਰੂ ਨੂੰ ਰੈਗਿੰਗ ਕਾਰਨ ਹੀ ਆਪਣੀ ਜਾਨ ਵੀ ਗਵਾਉਣੀ ਪਈ ਸੀ।
* 17 ਸਤੰਬਰ ਨੂੰ ਅਰੁਣਾਚਲ ਪ੍ਰਦੇਸ਼ ’ਚ ਈਟਾ ਨਗਰ ਦੇ ‘ਨੈਹਰਿਆਗੁਨ’ ਸਥਿਤ ‘ਟੋਰਨੋ ਰਿਬਾ ਇੰਸਟੀਚਿਊਟ ਆਫ ਹੈਲਥ ਐਂਡ ਮੈਡੀਕਲ ਸਾਇੰਸ’ ’ਚ ਵਿਦਿਆਰਥੀਆਂ ਦੇ ਇਕ ਸਮੂਹ ਨੇ ਨਵੇਂ ਵਿਦਿਆਰਥੀਆਂ ਨੂੰ ਅਰਧਨਗਨ ਹਾਲਤ ’ਚ ਬੰਨ੍ਹ ਕੇ ਦੂਜੇ ਕਮਰੇ ’ਚ ਲਿਜਾ ਕੇ ਕੰਨ ਫੜਵਾ ਕੇ ਉੱਠਕ-ਬੈਠਕ ਕਰਵਾਈ। ਇਕ ਵਿਦਿਆਰਥੀ ਨੇ ਵਿਰੋਧ ਕੀਤਾ ਤਾਂ ਸੀਨੀਅਰ ਵਿਦਿਆਰਥੀਆਂ ਨੇ ਉਸ ਨੂੰ ਨਗਨ ਕਰ ਕੇ ਇੰਨਾ ਕੁੱਟਿਆ ਕਿ ਉਸ ਦੇ ਸਰੀਰ ’ਤੇ ਨੀਲ ਪੈ ਗਏ।
* 14 ਸਤੰਬਰ ਨੂੰ ਤੇਲੰਗਾਨਾ ਦੇ ਵਾਰੰਗਲ ਸ਼ਹਿਰ ’ਚ ਸਰਕਾਰੀ ‘ਕਾਕਤੀਯ ਮੈਡੀਕਲ ਕਾਲਜ’ ’ਚ ਐੱਮ. ਬੀ. ਬੀ. ਐੱਸ. ਦੇ 7 ਵਿਦਿਆਰਥੀਆਂ ਵਿਰੁੱਧ ਰੈਗਿੰਗ ਕਰਨ ਅਤੇ ਇਕ ਜੂਨੀਅਰ ਵਿਦਿਆਰਥੀ ਦੀ ਉਸੇ ਦੇ ਕਮਰੇ ’ਚ ਦਾਖਲ ਹੋ ਕੇ ਬੇਰਹਿਮੀ ਨਾਲ ਕੁੱਟ-ਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ।
ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ’ਚ ਪੋਸਟ ਗ੍ਰੈਜੂਏਟ ਪਹਿਲੇ ਸਾਲ ਦੇ ਇਕ ਵਿਦਿਆਰਥੀ ਨੇ ਰੈਗਿੰਗ ਦੇ ਨਤੀਜੇ ਵਜੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ।
* 12 ਸਤੰਬਰ ਨੂੰ ਹਿਮਾਚਲ ’ਚ ਮੰਡੀ ਜ਼ਿਲੇ ਦੇ ਨੇਰ ਚੌਕ ਸਥਿਤ ‘ਲਾਲ ਬਹਾਦੁਰ ਸ਼ਾਸਤਰੀ ਮੈਡੀਕਲ ਕਾਲਜ’ ’ਚ ਜੂਨੀਅਰ ਵਿਦਿਆਰਥੀਆਂ ਨਾਲ ਰੈਗਿੰਗ ਦੇ ਦੋਸ਼ ਹੇਠ 2 ਵਿਦਿਆਰਥਣਾਂ ਸਮੇਤ 6 ਸੀਨੀਅਰ ਵਿਦਿਆਰਥੀਆਂ ਨੂੰ ਕਾਲਜ ਤੋਂ ਬਰਖਾਸਤ ਕਰਨ ਤੋਂ ਇਲਾਵਾ 25-25 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਨਵੇਂ ਟ੍ਰੇਨੀਆਂ ਨੂੰ ਸੀਨੀਅਰਾਂ ਦੇ ਸਾਹਮਣੇ ਗੀਤ ਗਾਉਣ ਅਤੇ ਉਨ੍ਹਾਂ ਦੀ ਧੁਨ ’ਤੇ ਨੱਚਣ ਲਈ ਮਜਬੂਰ ਕੀਤਾ ਗਿਆ।
* 26 ਅਗਸਤ ਨੂੰ ਜਬਲਪੁਰ ਦੇ ‘ਨੇਤਾ ਜੀ ਸੁਭਾਸ਼ ਚੰਦਰ ਬੋਸ ਮੈਡੀਕਲ ਕਾਲਜ ਅਤੇ ਹਸਪਤਾਲ’ ਦੇ ਹੋਸਟਲ ਨੰ. 2 ’ਚ ਜੂਨੀਅਰ ਵਿਦਿਆਰਥੀਆਂ ਦੀ ਰੈਗਿੰਗ ਕਰਨ ਦੇ ਮਾਮਲੇ ’ਚ 4 ਵਿਦਿਆਰਥੀਆਂ ਨੂੰ ਇਕ ਮਹੀਨੇ ਲਈ ਮੁਅੱਤਲ ਕਰਨ ਤੋਂ ਇਲਾਵਾ 25-25 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ।
* 9 ਅਗਸਤ ਦੀ ਰਾਤ ਨੂੰ ਕੋਲਕਾਤਾ ਦੇ ਜਾਦਵਪੁਰ ਯੂਨੀਵਰਸਿਟੀ ਦੇ ਹੋਸਟਲ ’ਚ 20 ਸੀਨੀਅਰ ਵਿਦਿਆਰਥੀਆਂ ਅਤੇ ਕੁਝ ਸਾਬਕਾ ਵਿਦਿਆਰਥੀਆਂ ਵੱਲੋਂ ਜੂਨੀਅਰ ਵਿਦਿਆਰਥੀਆਂ ਦੀ ਰੈਗਿੰਗ ਦੌਰਾਨ ਲੜਕਿਆਂ ਦੇ ਹੋਸਟਲ ’ਚ ਰਹਿਣ ਵਾਲੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਪੁਲਸ ਕੁਆਰਟਰ ’ਚ ਰਹਿਣ ਵਾਲੀਆਂ ਔਰਤਾਂ ਲਈ ਅਪਸ਼ਬਦ ਕਹਿਣ ਅਤੇ ਆਪਣੇ ਕੱਪੜੇ ਉਤਾਰ ਕੇ ਸੀਨੀਅਰ ਵਿਦਿਆਰਥੀਆਂ ਦੇ ਸਾਹਮਣੇ ਛੱਤ ’ਤੇ ਖੜ੍ਹੇ ਹੋਣ ਲਈ ਮਜਬੂਰ ਕੀਤਾ ਗਿਆ।
ਇਨਕਾਰ ਕਰਨ ’ਤੇ ਸਜ਼ਾ ਵਜੋਂ ਨਾ ਸਿਰਫ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਸਗੋਂ ਉਨ੍ਹਾਂ ਨੂੰ ਡੱਡੂਆਂ ਵਾਂਗ ਛਾਲਾਂ ਮਾਰਨ ਅਤੇ ਪਲੰਗਾਂ ਦੇ ਹੇਠਾਂ ਰੇਂਗਣ, ਕੰਧਾਂ ’ਤੇ ਆਪਣਾ ਚਿਹਰਾ ਰਗੜਣ ਆਦਿ ਲਈ ਮਜਬੂਰ ਕੀਤਾ ਗਿਆ ਜਿਸ ਦੇ ਨਤੀਜੇ ’ਚ ਤੰਗ-ਪ੍ਰੇਸ਼ਾਨ ਕਰਨ ਦੇ ਨਤੀਜੇ ਵਜੋਂ 1 ਜੂਨੀਅਰ ਵਿਦਿਆਰਥੀ ਦੀ ਮੌਤ ਦੇ ਸਿਲਸਿਲੇ ’ਚ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
* 22 ਜੁਲਾਈ ਨੂੰ ਕੋਝੀਕੋਡ ’ਚ ‘ਕਲਾਨਥੋਡ’ ਸਥਿਤ ‘ਐੱਮ. ਈ. ਐੱਸ. ਕਾਲਜ’ ’ਚ ਸੀਨੀਅਰ ਵਿਦਿਆਰਥੀਆਂ ਨੇ ਦੂਜੇ ਸਾਲ ਦੇ ਸਮਾਜਸ਼ਾਸਤਰ ਦੇ ਇਕ ਵਿਦਿਆਰਥੀ ਨੂੰ ਰੈਗਿੰਗ ਦੇ ਨਾਂ ’ਤੇ ਬੁਰੀ ਤਰ੍ਹਾਂ ਕੁੱਟਿਆ ਜਿਸ ਦੇ ਨਤੀਜੇ ਵਜੋਂ ਉਸ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਸਿਲਸਿਲੇ ’ਚ ਪੁਲਸ ਨੇ 15 ਵਿਦਿਆਰਥੀਆਂ ਵਿਰੁੱਧ ਹੱਤਿਆ ਦੇ ਯਤਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਦੇਸ਼ ’ਚ ਕੇਂਦਰ ਸਰਕਾਰ ਅਤੇ ਕਈ ਸੂਬਾ ਸਰਕਾਰਾਂ ਵਲੋਂ ਰੈਗਿੰਗ ’ਤੇ ਪਾਬੰਦੀ ਦੇ ਬਾਵਜੂਦ ਡਾਕਟਰੀ ਵਰਗੇ ਦੂਜਿਆਂ ਦੇ ਦੁੱਖ-ਦਰਦ ਨੂੰ ਦੂਰ ਕਰਨ ਵਾਲੇ ਕਾਰੋਬਾਰ ਨਾਲ ਜੁੜੇ ਸੀਨੀਅਰ ਵਿਦਿਆਰਥੀਆਂ ਵੱਲੋਂ ਆਪਣੇ ਹੀ ਜੂਨੀਅਰ ਸਹਿਪਾਠੀਆਂ ਨਾਲ ਇਸ ਤਰ੍ਹਾਂ ਦਾ ਜ਼ਾਲਮਾਨਾ ਵਤੀਰਾ ਸ਼ਰਮਨਾਕ ਹੈ। ਭਵਿੱਖ ’ਚ ਅਜਿਹੇ ਡਾਕਟਰਾਂ ਤੋਂ ਮਰੀਜ਼ਾਂ ਦੇ ਸਹੀ ਇਲਾਜ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ।
- ਵਿਜੇ ਕੁਮਾਰ
‘ਉਪ-ਰਾਸ਼ਟਰਪਤੀ ਧਨਖੜ’ ਵੱਲੋਂ ਵਕੀਲ ਦੇ ਤੌਰ ’ਤੇ ਦਾਇਰ ਅਪੀਲ ਦਾ 34 ਸਾਲ ਬਾਅਦ ਨਿਪਟਾਰਾ
NEXT STORY