24 ਫਰਵਰੀ, 2022 ਨੂੰ ਰੂਸ ਵੱਲੋਂ ਯੂਕ੍ਰੇਨ ’ਤੇ ਹਮਲੇ ਦੇ ਬਾਅਦ ਅਮਰੀਕਾ ਅਤੇ ਯੂਰਪ ਦੇ ਦੇਸ਼ਾਂ ਨੇ ਰੂਸ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ। ਪੱਛਮੀ ਦੇਸ਼ਾਂ ਦੀਆਂ ਇਨ੍ਹਾਂ ਆਰਥਿਕ ਪਾਬੰਦੀਆਂ ਦੇ ਬਾਅਦ ਰੂਸ ਦੇ ਸਾਹਮਣੇ ਆਪਣੇ ਕੱਚੇ ਤੇਲ ਦੀ ਬਰਾਮਦ ਨੂੰ ਲੈ ਕੇ ਸੰਕਟ ਖੜ੍ਹਾ ਹੋ ਗਿਆ ਸੀ।
ਅਜਿਹੇ ’ਚ ਰੂਸ ਨੇ ਆਪਣੇ ਪੁਰਾਣੇ ਮਿੱਤਰ ਭਾਰਤ ਨੂੰ ਸਸਤੇ ਤੇਲ ਦੀ ਪੇਸ਼ਕਸ਼ ਕੀਤੀ ਤੇ ਭਾਰਤ ਨੇ ਰੂਸ ਤੋਂ ਸਸਤਾ ਕੱਚਾ ਤੇਲ ਖਰੀਦਣ ਦਾ ਸਮਝੌਤਾ ਕਰ ਲਿਆ। ਭਾਰਤ ਨੇ ਹੁਣ ਤੱਕ ਰੂਸ ਤੋਂ ਕੱਚਾ ਤੇਲ ਖਰੀਦ ਕੇ ਪਿਛਲੇ ਵਿੱਤੀ ਸਾਲ ਦੇ ਦੌਰਾਨ ਲਗਭਗ 40,000 ਕਰੋੜ ਰੁਪਏ ਦੀ ਬੱਚਤ ਕੀਤੀ ਹੈ।
ਭਾਰਤ ਦੀ ਰੂਸ ਦੇ ਨਾਲ ਹੋਈ ਇਸ ਸਫਲ ਡੀਲ ਦੇ ਬਾਅਦ ਕੰਗਾਲ ਹੋ ਰਹੇ ਪਾਕਿਸਤਾਨ, ਜਿਸ ਦੇ ਸੀਤ ਜੰਗ ਦੇ ਸਮੇਂ ’ਚ ਅਮਰੀਕੀ ਧੜੇ ਦਾ ਹਿੱਸਾ ਹੋਣ ਕਾਰਨ ਰੂਸ ਦੇ ਨਾਲ ਰਿਸ਼ਤੇ ਕਮਜ਼ੋਰ ਸਥਿਤੀ ’ਚ ਸਨ, ਨੇ ਰੂਸ ਦੀ ਮਦਦ ਹਾਸਲ ਕਰਨ ਲਈ ਹੱਥ ਵਧਾਇਆ ਕਿਉਂਕਿ ਪਾਕਿਸਤਾਨ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਆਕਾਸ਼ ਛੂੰਹਦੀਆਂ ਕੀਮਤਾਂ ਨੇ ਉਸ ਦਾ ਵਿੱਤੀ ਘਾਟਾ ਬੇਹੱਦ ਵਧਾ ਦਿੱਤਾ ਸੀ।
ਇਸ ਸਾਲ ਦੇ ਸ਼ੁਰੂ ’ਚ ਇਸਲਾਮਾਬਾਦ ਅਤੇ ਮਾਸਕੋ ਦਰਮਿਆਨ ਹੋਏ ਇਕ ਨਵੇਂ ਸੌਦੇ ਦੇ ਤਹਿਤ ਰੂਸ ਤੋਂ ਮਿਲੀ ਰਿਆਇਤੀ ਕੱਚੇ ਤੇਲ ਦੀ ਪਹਿਲੀ ਖੇਪ 11 ਜੂਨ ਨੂੰ ਕਰਾਚੀ ਪਹੁੰਚ ਗਈ ਹੈ। ਪਾਕਿਸਤਾਨ ਦੇ ਪੈਟਰੋਲੀਅਮ ਮੰਤਰੀ ਮੁਸਾਦਿਕ ਮਲਿਕ ਨੇ ਤੇਲ ਦੀ ਕੀਮਤ ਜਾਂ ਪਾਕਿਸਤਾਨ ਨੂੰ ਮਿਲਣ ਵਾਲੀ ਛੋਟ ਸਮੇਤ ਸੌਦੇ ਦਾ ਵੇਰਵਾ ਤਾਂ ਨਹੀਂ ਦਿੱਤਾ, ਪਰ ਇੰਨਾ ਜ਼ਰੂਰ ਦੱਸਿਆ ਕਿ ਰੂਸ ਨੂੰ ਭੁਗਤਾਨ ਚੀਨੀ ਮੁਦਰਾ ’ਚ ਕੀਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਇਸ ਸੌਦੇ ’ਚ ਪਾਕਿਸਤਾਨ ਦਾ ਸਭ ਤੋਂ ਵੱਡਾ ਦੋਸਤ ਚੀਨ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਆਪਣੇ ਘਰੇਲੂ ਹਾਲਾਤ ਨੂੰ ਦੇਖਦੇ ਹੋਏ ਪਾਕਿਸਤਾਨ ਨੂੰ ਹੁਣ ਚੀਨ ਦੀ ਮਦਦ ਨਾਲ ਰੂਸ ਤੋਂ ਕੱਚਾ ਤੇਲ ਖਰੀਦਣਾ ਪੈ ਰਿਹਾ ਹੈ।
ਇਸ ਦਰਮਿਆਨ ਜਿੱਥੇ ਭਾਰਤ ਅਤੇ ਅਮਰੀਕਾ ’ਚ ਨਜ਼ਦੀਕੀਆਂ ਵਧ ਰਹੀਆਂ ਹਨ ਅਤੇ 21 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਂ ਬੁਲੰਦੀ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ, ਅਜਿਹੇ ’ਚ ਰੂਸ ਨੇ ਵੀ ਚੀਨ ਦੇ ਦੋਸਤ ਪਾਕਿਸਤਾਨ ਨਾਲ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਇੱਛਾ ਪ੍ਰਗਟਾ ਕੇ ਭਾਰਤ ਨੂੰ ਹਲਕਾ ਜਿਹਾ ‘ਝੰਜੋੜਨ’ ਦੀ ਕੋਸ਼ਿਸ਼ ਕੀਤੀ ਹੈ।
ਹਾਲਾਂਕਿ, ਰੂਸ ਕਈ ਮੌਕਿਆਂ ’ਤੇ ਭਾਰਤ ਨੂੰ ਭਰੋਸਾ ਦੇ ਰਿਹਾ ਹੈ ਕਿ ਉਹ ਭਾਰਤ ਦੇ ਹਿੱਤਾਂ ਦੇ ਵਿਰੁੱਧ ਕੁਝ ਵੀ ਨਹੀਂ ਕਰੇਗਾ ਪਰ ਰੂਸ ਅਤੇ ਪਾਕਿਸਤਾਨ ਦੇ ਵਧਦੇ ਸਬੰਧਾਂ ਨੂੰ ਲੈ ਕੇ ਭਾਰਤ ’ਚ ਚਿੰਤਾ ਵਧ ਰਹੀ ਹੈ।
ਭਾਰਤ ਨੇ ਸੰਕਟ ਦੇ ਸਮੇਂ ਰੂਸ ਨਾਲ ਆਪਣੇ ਸਬੰਧਾਂ ਨੂੰ ਤਰਜੀਹ ਦਿੰਦੇ ਹੋਏ ਉਸ ਦਾ ਸਾਥ ਦਿੱਤਾ ਅਤੇ ਉਸ ਤੋਂ ਕੱਚਾ ਤੇਲ ਖਰੀਦਿਆ ਪਰ ਭਾਰਤ ਨੂੰ ਲਗਾਤਾਰ ਪ੍ਰੇਸ਼ਾਨ ਕਰਨ ਵਾਲੇ ਚੀਨ ਦੇ ਰਾਹੀਂ ਪਾਕਿਸਤਾਨ ਦੇ ਨਾਲ ਕੱਚੇ ਤੇਲ ਦੀ ਡੀਲ ਕਰਨ ਦੇ ਰੂਸ ਦੇ ਕਦਮ ਨੇ ਭਾਰਤ ਨੂੰ ਚਿੰਤਤ ਤਾਂ ਕੀਤਾ ਹੀ ਹੈ।
- ਵਿਜੇ ਕੁਮਾਰ
ਸਕੂਲਾਂ ’ਚ ਚੋਰੀ ਦੀਆਂ ਘਟਨਾਵਾਂ ਰੋਕਣ ਲਈ ਚੌਕੀਦਾਰ ਨਿਯੁਕਤ ਕੀਤੇ ਜਾਣ
NEXT STORY